ਉਮੀਦਵਾਰਾਂ ਅਤੇ ਰਾਜਨੀਤਿਕ ਦਲਾਂ ਦੇ  ਚੋਣ ਖਰਚਿਆਂ ਉੱਤੇ ਨਜ਼ਰ ਰੱਖਣਗੇ ਖਰਚਾ ਨਿਗਰਾਨ

ਚੰਡੀਗੜ੍ਹ, 2 ਮਈ 2024 (ਫਤਿਹ ਪੰਜਾਬ) ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੇ ਖਰਚੇ ‘ਤੇ ਨਜ਼ਰ ਰੱਖਣ ਲਈ  ਪੰਜਾਬ ਦੀਆਂ 13 ਲੋਕ ਸਭਾ ਹਲਕਿਆਂ ਵਾਸਤੇ 15 ਖਰਚਾ ਨਿਗਰਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।  ਇਹ ਸਾਰੇ ਅਧਿਕਾਰੀ ਭਾਰਤੀ ਰੈਵਨਿਊ ਸਰਵਿਸ (ਆਈ.ਆਰ.ਐਸ) ਨਾਲ ਸਬੰਧਤ ਹਨ ਅਤੇ ਖਰਚਾ ਨਿਗਰਾਨ ਵਜੋਂ ਵਿਸ਼ੇਸ਼ ਮੁਹਾਰਤ ਰੱਖਦੇ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਖਰਚਾ ਨਿਗਰਾਨ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਵੱਲੋਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਹਰ ਛੋਟੇ-ਵੱਡੇ ਚੋਣ ਖਰਚੇ ਉੱਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ।

ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਲਈ ਹਰਸ਼ਦ ਐਸ ਵੇਂਗੁਰਲੇਕਰ, ਅੰਮ੍ਰਿਤਸਰ ਲੋਕ ਸਭਾ ਸੀਟ ਲਈ ਬਰੇ ਗਣੇਸ਼ ਸੁਧਾਕਰ, ਖਡੂਰ ਸਾਹਿਬ ਲੋਕ ਸਭਾ ਸੀਟ ਲਈ ਅਨੁਰਾਗ ਤ੍ਰਿਪਾਠੀ ਅਤੇ ਜਲੰਧਰ ਲੋਕ ਸਭਾ ਸੀਟ ਲਈ ਮਾਧਵ ਦੇਸ਼ਮੁਖ ਨੂੰ ਨਿਯੁਕਤ ਕੀਤਾ ਹੈ।

ਇਸੇ ਤਰ੍ਹਾਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਲਈ ਪਵਨ ਕੁਮਾਰ ਖੇਤਾਨ, ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਲਈ ਸ਼ਿਲਪੀ ਸਿਨਹਾ, ਲੋਕ ਸਭਾ ਹਲਕਾ ਲੁਧਿਆਣਾ ਲਈ ਪੰਕਜ ਕੁਮਾਰ ਅਤੇ ਚੇਤਨ ਡੀ ਕਲਾਮਕਰ, ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਲਈ ਆਨੰਦ ਕੁਮਾਰ, ਲੋਕ ਸਭਾ ਹਲਕਾ ਫਰੀਦਕੋਟ ਲਈ ਮਨੀਸ਼ ਕੁਮਾਰ, ਲੋਕ ਸਭਾ ਹਲਕਾ ਫਿਰੋਜ਼ਪੁਰ ਲਈ ਨਗੇਂਦਰ ਯਾਦਵ, ਲੋਕ ਸਭਾ ਹਲਕਾ ਬਠਿੰਡਾ ਲਈ ਅਖਿਲੇਸ਼ ਕੁਮਾਰ ਯਾਦਵ ਅਤੇ ਨੰਦਿਨੀ ਆਰ ਨਾਇਰ, ਲੋਕ ਸਭਾ ਹਲਕਾ ਸੰਗਰੂਰ ਲਈ ਅਮਿਤ ਸੰਜੇ ਗੁਰਵ ਅਤੇ ਲੋਕ ਸਭਾ ਹਲਕਾ ਪਟਿਆਲਾ ਲਈ ਮੀਤੂ ਅਗਰਵਾਲ ਨੂੰ ਨਿਯੁਕਤ ਕੀਤਾ ਹੈ।  

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਹਰੇਕ ਖਰਚਾ ਆਬਜ਼ਰਵਰ ਆਪਣੇ ਸਬੰਧਤ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

Skip to content