ਨੌਜਵਾਨਾਂ ‘ਚ ਵੱਧ ਰਹੇ ਨੇ ਪਿੱਠ ਦਰਦ ਦੇ ਕੇਸ, ਖਾਣ-ਪੀਣ ਸਣੇ ਗਲਤ ਬੈਠਣ ਦੀਆਂ ਆਦਤਾਂ ਵੀ ਜ਼ਿੰਮੇਵਾਰ
ਨਵੀਂ ਦਿੱਲੀ 22 ਜੂਨ 2024 (ਫਤਿਹ ਪੰਜਾਬ) ਵਿਸ਼ਵ ਸਿਹਤ ਸੰਗਠਨ WHO ਅਨੁਸਾਰ, ਸਾਲ 2020 ਤੱਕ ਦੁਨੀਆ ਭਰ ਵਿੱਚ 61.90 ਕਰੋੜ ਲੋਕ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ (LBP) ਤੋਂ ਪੀੜਤ ਸਨ ਅਤੇ ਸਾਲ 2050 ਤੱਕ ਕੇਸਾਂ ਦੀ ਗਿਣਤੀ 84.30 ਕਰੋੜ ਤੱਕ ਵਧ ਸਕਦੀ ਹੈ।
ਕੋਵਿਡ ਵੇਲੇ ਲਾਕਡਾਊਨ ਤੋਂ ਬਾਅਦ work from home ਘਰ ਤੋਂ ਕੰਮ ਕਰਨਾ ਕਾਫੀ ਪ੍ਰਚੱਲਤ ਹੋ ਗਿਆ ਹੈ। ਘਰ ਤੋਂ ਕੰਮ ਵਰਗੀਆਂ ਸਹੂਲਤਾਂ ਨਾਲ ਭਾਂਵੇ ਘਰੋਂ ਕੰਮ ਆਸਾਨੀ ਨਾਲ ਕੀਤਾ ਜਾ ਰਿਹਾ ਹੈ ਪਰ ਲੰਮਾ ਸਮਾਂ ਟਿਕੇ ਬੈਠੇ ਰਹਿਣ ਕਾਰਨ ਪਿੱਠ ਦੇ ਹੇਠਲੇ ਹਿੱਸੇ ਦੇ ਦਰਦ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਦਾ ਮੁੱਖ ਕਾਰਨ ਗਲਤ ਆਸਣ ਵਿੱਚ ਬੈਠ ਕੇ ਜਾਂ ਲੇਟ ਕੇ ਕੰਮ ਕਰਨਾ ਹੈ ਕਿਉਂਕਿ ਘਰ ਤੋਂ ਕੰਮ ਕਰਦੇ ਸਮੇਂ ਬਹੁਤੇ ਲੋਕਾਂ ਕੋਲ ਕੰਪਿਊਟਰ ‘ਤੇ 8 ਘੰਟੇ ਬੈਠਣ ਲਈ ਸਹੀ ਸੈੱਟਅੱਪ ਨਹੀਂ।
ਬ੍ਰਿਟਿਸ਼ ਸੰਸਥਾ ‘ਮਾਈਂਡ ਯੂਅਰ ਬੈਕ’ ਦੁਆਰਾ ਕੋਵਿਡ-19 ਮਹਾਂਮਾਰੀ ਤੋਂ ਬਾਅਦ ਲੋਕਾਂ ਦੇ ਜੀਵਨ ਵਿੱਚ ਆਏ ਬਦਲਾਅ ਨੂੰ ਲੈ ਕੇ ਇੱਕ ਸਰਵੇ ਕਰਵਾਇਆ ਗਿਆ ਸੀ ਜਿਸ ਅਨੁਸਾਰ 63.70 ਫੀਸਦ ਲੋਕ ਘਰਾਂ ਤੋਂ ਕੰਮ ਕਰਨ ਕਰਕੇ ਪਿੱਠ ਦਰਦ ਤੋਂ ਪੀੜਤ ਸਨ ਜਦੋਂ ਕਿ 32 ਫੀਸਦ ਲੋਕਾਂ ਨੇ ਮੰਨਿਆ ਕਿ ਉਹ ਪਿੱਠ ਦੇ ਹੇਠਲੇ ਹਿੱਸੇ ਦੇ ਦਰਦ ਕਾਰਨ ਬਹੁਤ ਪ੍ਰੇਸ਼ਾਨ ਸਨ। ਇਹ ਸਾਰੇ ਉਹ ਲੋਕ ਸਨ ਜਿਨ੍ਹਾਂ ਨੂੰ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਇਹ ਸਮੱਸਿਆ ਨਹੀਂ ਸੀ।
LBP ਕੀ ਹੈ, ਇਸਦੇ ਲੱਛਣ ਕੀ ਹਨ?
ਪਿੱਠ ਦੇ ਹੇਠਲੇ ਹਿੱਸੇ (ਟੇਲ ਬੋਨ) ਜਾਂ ਹੇਠਲੇ ਮਣਕਿਆਂ (L4-L5-L6) ਵਿੱਚ ਦਰਦ ਆਮ ਤੌਰ ‘ਤੇ ਪਿੱਠ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣ ਕਰਕੇ ਉੱਨਾਂ ਮਾਸਪੇਸ਼ੀਆਂ ਜਾਂ ਨਸਾਂ ਨੂੰ ਸੱਟ ਲੱਗਣ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਇਹ ਕਈ ਵੱਖ-ਵੱਖ ਸੱਟਾਂ, ਸਥਿਤੀਆਂ ਜਾਂ ਬਿਮਾਰੀਆਂ ਕਾਰਨ ਵੀ ਹੋ ਸਕਦਾ ਹੈ।
LBP ਦਾ ਦਰਦ ਹਲਕੇ ਤੋਂ ਗੰਭੀਰ ਤੱਕ ਹੋ ਸਕਦਾ ਹੈ। ਕੁਝ ਮਾਮਲਿਆਂ ਵਿੱਚ ਤਾਂ ਇਹ ਦਰਦ ਚੱਲਣ, ਸੌਣ, ਕੰਮ ਕਰਨ ਜਾਂ ਰੋਜ਼ਾਨਾ ਦੀਆਂ ਗਤੀਵਿਧੀਆਂ ਕਰਨ ਵਿੱਚ ਵੱਡੀ ਮੁਸ਼ਕਲ ਪੈਦਾ ਕਰਦਾ ਹੈ।
ਜਦੋਂ LBP ਹੁੰਦਾ ਹੈ ਤਾਂ ਕੁਝ ਲੱਛਣ ਆਮ ਹੁੰਦੇ ਹਨ ਜਿਵੇਂ ਕਿ- ਪਿੱਠ ਦੇ ਦਰਦ ਦੇ ਨਾਲ-ਨਾਲ ਲੱਤਾਂ ਵਿੱਚ ਵੀ ਦਰਦ ਹੋਣਾ, ਪੈਰਾਂ ਵਿੱਚ ਸੁੰਨ ਹੋਣ ਜਾਂ ਝਰਨਾਹਟ ਦੀ ਸ਼ਿਕਾਇਤ, ਮਾਸਪੇਸ਼ੀਆਂ ਵਿੱਚ ਕਮਜ਼ੋਰੀ ਮਹਿਸੂਸ ਹੋਣਾ, ਖੜ੍ਹੇ ਹੋਣ ਜਾਂ ਤੁਰਨ ਵਿਚ ਮੁਸ਼ਕਲ ਹੋਣਾ ਅਤੇ ਗੰਭੀਰ ਮਾਮਲਿਆਂ ਵਿੱਚ ਮਰੀਜ਼ ਨੂੰ ਲੱਤਾਂ ਦਾ ਅਧਰੰਗ ਵੀ ਹੋ ਸਕਦਾ ਹੈ।
LBP ਵਧਣ ਦੇ ਕੀ ਕਾਰਨ ਹਨ?
ਆਮ ਕਰਕੇ ਵੱਧ ਭਾਰੇ ਵਿਅਕਤੀਆਂ ਨੂੰ LBP ਦੀ ਸਮੱਸਿਆ ਜ਼ਿਆਦਾ ਘੇਰਦੀ ਹੈ। ਭਾਰ ਵਧਣ ਦਾ ਮੁੱਖ ਕਾਰਨ ਖਰਾਬ ਜੀਵਨ ਸ਼ੈਲੀ ਹੈ। ਜੋ ਨੌਜਵਾਨ ਘੰਟਿਆਂ ਬੱਧੀ ਲੈਪਟਾਪ ਜਾਂ ਕੰਪਿਊਟਰ ਦੇ ਸਾਹਮਣੇ ਬੈਠ ਕੇ ਕੰਮ ਕਰਦੇ ਹਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਅਤੇ ਪਿੱਠ ਦੀਆਂ ਮਾਸਪੇਸ਼ੀਆਂ ‘ਤੇ ਦਬਾਅ ਲਗਾਤਾਰ ਪਿਆ ਰਹਿੰਦਾ ਹੈ, ਜਿਸ ਨਾਲ ਪਿੱਠ ਦੇ ਹੇਠਲੇ ਹਿੱਸੇ ਦੇ ਦਰਦ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ, ਲੈਪਟਾਪਾਂ ਅਤੇ ਟੈਬਲੇਟਾਂ ‘ਤੇ ਕੰਮ ਕਰਦੇ ਸਮੇਂ ਕੀਬੋਰਡ ਅਤੇ ਸਕ੍ਰੀਨ ਦੇ ਵਿਚਕਾਰ ਲੋੜੀਂਦੀ ਜਗ੍ਹਾ ਨਹੀਂ ਹੁੰਦੀ ਹੈ। ਅਜਿਹੇ ‘ਚ ਕਈ ਲੋਕ ਝੁਕੇ ਹੋਏ ਬੈਠੇ ਰਹਿੰਦੇ ਹਨ ਅਤੇ ਆਪਣੀ ਗੋਦ ‘ਚ ਗੈਜੇਟਸ ‘ਤੇ ਟਾਈਪ ਕਰਦੇ ਰਹਿੰਦੇ ਹਨ। ਵੱਧ ਵਜ਼ਨ ਚੁੱਕਣਾ ਜਾਂ ਜਿੰਮ ਵਿੱਚ ਲੋੜ ਤੋਂ ਵੱਧ ਅਤੇ ਗਲਤ ਕਸਰਤ ਕਰਨ ਨਾਲ ਵੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਤਣਾਅ ਰਹਿਣਾ ਜਾਂ ਗਲਤ ਜੀਵਨ ਸ਼ੈਲੀ ਸਣੇ ਹੋਰ ਵੀ ਕਈ ਕਾਰਨ ਹਨ।
ਮਾਹਿਰ ਡਾਕਟਰਾਂ ਤੇ ਫੀਜੀਓਥਿਰੈਪਿਸਟਾਂ ਮੁਤਾਬਿਕ LBP ਸਮੇਂ ਰੀੜ੍ਹ ਦੀ ਹੱਡੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ। ਜਿਵੇਂ ਕਿ ‘ਲੁੰਬਰ ਬੈਲਟ’ ਪਾ ਕੇ ਰੱਖੋ, ਬੈਠਣ ਸਮੇਂ ਪੋਸਚਰ ਠੀਕ ਰੱਖਣ ਲਈ ਸਰੀਰ ਦਾ ਅਤੇ ਗੋਡਿਆਂ ਦਾ ਐਂਗਲ 90 ਡਿਗਰੀ ਕੋਣ ਤੇ ਹੋਵੇ, ਵਜ਼ਨ ਉਠਾਉਣ ਸਮੇਂ ਗੋਡੇ ਝੁਕੇ ਹੋਣ, ਕਰਵਟ ਲੈ ਕੇ ਸੌਵੋਂ ਤੇ ਗੋਡੇ ਮੁੜੇ ਹੋਣ, ਖੰਗ ਆਉਣ ਜਾਂ ਛਿਕ ਆਉਣ ਸਮੇਂ ਸਿੱਧੇ ਖੜੇ ਰਹੋ, ਹਮੇਸ਼ਾ ਅਮੈਰੀਕਨ ਸਟਾਈਲ (ਵੈਸਟਰਨ) ਟੋਇਲਟ ਹੀ ਵਰਤੋ, ਜ਼ਮੀਨ ਉੱਤੇ ਬਹੁਤਾ ਚਿਰ ਪਲਥੀ ਮਾਰ ਕੇ ਨਾ ਬੈਠੋ, ਕੁਰਸੀ ਉੱਤੇ ਬੈਠਣ ਸਮੇਂ ਪੈਰ ਕ੍ਰਾਸ ਨਾ ਕਰੋ ਭਾਵ ਲੱਤ ਉੱਤੇ ਲੱਤ ਰੱਖ ਕੇ ਨਾ ਬੈਠੋ, ਕਮਰ ਦੇ ਜ਼ੋਰ ਪਾ ਕੇ ਅੱਗੇ ਨੂੰ ਵੱਧ ਨਾ ਝੁਕੋ, ਵੱਧ ਭਾਰੀ ਵਜਨ ਨਾ ਚੁੱਕੋ, ਸਮਾਨ ਦੂਰੋਂ ਨਾ ਚੁੱਕੋ, ਲੰਮਾ ਸਮਾਂ ਬੈਠਣ ਦੀ ਥਾਂ ਹਰ ਘੰਟੇ ਬਾਅਦ ਸੀਟ ਤੋਂ ਖੜੇ ਹੋਵੋ ਜਾਂ ਕੁਛ ਮਿੰਟ ਲਈ ਟਹਿਲੋ, ਬੈਠੇ ਬਿਠਾਏ ਇੱਕ ਦਮ ਉੱਪਰਲੇ ਸਰੀਰ ਨੂੰ ਨਾ ਘੁਮਾਓ, ਮੰਜੇ ਵਿੱਚੋਂ ਉੱਠਣ ਵੇਲੇ ਪਾਸਾ ਲੈ ਕੇ ਉਠੋ ਮੋਟਾਪਾ ਵਧਣ ਤੋਂ ਰੋਕੋ, ਡਾਕਟਰ ਦੀ ਸਲਾਹ ਨਾਲ ਹੀ ਕਸਰਤਾਂ ਕਰੋ, ਤੰਬਾਕੂ ਜਾਂ ਬੀੜੀ ਸਿਗਰਟ ਨਾ ਪੀਓ ਅਤੇ ਤਣਾਅ ਤੋਂ ਮੁਕਤ ਰਹੋ
ਕਿਸ ਕਿਸਮ ਦੀ ਖੁਰਾਕ ਹੋਵੇ ?
ਐਲ.ਬੀ.ਪੀ. ਨੂੰ ਘਟਾਉਣ ਜਾਂ ਇਸ ਤੋਂ ਬਚਣ ਲਈ ਪ੍ਰੋਟੀਨ ਬਹੁਤ ਪ੍ਰਭਾਵਸ਼ਾਲੀ ਹੈ ਜਿਸ ਨਾਲ ਮਾਸਪੇਸ਼ੀਆਂ ਦੀ ਸੋਜ਼ਿਸ਼ ਘੱਟ ਹੋ ਸਕਦੀ ਹੈ। ਪੌਦਿਆਂ ਦੀ ਪ੍ਰੋਟੀਨ ਖਾਣ ਨਾਲ ਜਾਨਵਰਾਂ ਦੇ ਪ੍ਰੋਟੀਨ (ਮੀਟ) ਦੇ ਮੁਕਾਬਲੇ ਸੋਜ਼ਿਸ਼ ਘੱਟ ਜਾਂਦੀ ਹੈ।
ਇਸ ਲਈ ਮੂੰਗੀ ਦੀ ਦਾਲ, ਅਰਹਰ ਦੀ ਦਾਲ, ਰਾਜਮਾਂਹ ਅਤੇ ਛੋਲੇ ਖਾ ਸਕਦੇ ਹੋ। ਇਸ ਵਿੱਚ ਫਾਈਬਰ ਅਤੇ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ। ਜਿਸ ਨਾਲ ਮਾਸਪੇਸ਼ੀਆਂ ਦੀ ਸੋਜ਼ਿਸ਼ ਘੱਟ ਹੋ ਸਕਦੀ ਹੈ। ਇਨ੍ਹਾਂ ‘ਚ ਮੌਜੂਦ ਐਂਟੀਆਕਸੀਡੈਂਟਸ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਬੀਨਜ਼ ਜਾਂ ਬਰੋਕਲੀ ਅਤੇ ਫਲਾਂ ਵਿਚ ਸੇਬ, ਸਟ੍ਰਾਬੇਰੀ, ਬਲੈਕਬੇਰੀ ਖਾਣਾ ਹੱਡੀਆਂ ਤੇ ਮਾਸਪੇਸ਼ੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਰੋਜ਼ਾਨਾ ਕੈਲਸ਼ੀਅਮ ਨਾਲ ਭਰਪੂਰ ਭੋਜਨ ਜਿਵੇਂ ਦੁੱਧ, ਦਹੀਂ, ਪਨੀਰ ਖਾਣਾ ਵੀ ਹੋਰ ਬਿਹਤਰ ਰਹੇਗਾ।
ਮਾਹਿਰ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ
ਲੰਬੇ ਸਮੇਂ ਤੋਂ ਪਿੱਠ ਦੇ ਹੇਠਲੇ ਹਿੱਸੇ ਦੇ ਦਰਦ ਦੀ ਸਮੱਸਿਆ ਕਾਰਨ ਮਰੀਜ਼ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਜਾਂਦਾ ਹੈ। ਅਜਿਹੇ ‘ਚ ਜੇਕਰ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਥੋੜ੍ਹੀ ਜਿਹੀ ਲਾਪਰਵਾਹੀ ਸਮੱਸਿਆ ਨੂੰ ਵਧਾ ਸਕਦੀ ਹੈ।
ਸ਼ੁਰੂਆਤੀ ਸਥਿਤੀ ਵਿੱਚ, ਸਵੇਰੇ ਅਤੇ ਸ਼ਾਮ ਨੂੰ 20 ਮਿੰਟ ਕੋਸੇ ਪਾਣੀ ਵਿੱਚ ਬੈਠੋ। ਇਸ ਨਾਲ ਪਿੱਠ ਦੇ ਹੇਠਲੇ ਹਿੱਸੇ ਨੂੰ ਦਰਦ ਰਾਹਤ ਮਿਲਦੀ ਹੈ ਤੇ ਮਰੀਜ਼ ਨੂੰ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਗਰਮ ਪਾਣੀ ਦੀ ਥੈਲੀ ਜਾਂ ਹੀਟਿੰਗ ਪੈਡ ਵੀ ਪਿੱਠ ਉੱਤੇ ਰੱਖ ਕੇ ਦਰਦ ਤੋਂ ਰਾਹਤ ਮਿਲ ਜਾਂਦੀ ਹੈ। ਇਸ ਦੇ ਨਾਲ ਹੀ ਹੀਟਿੰਗ ਪੈਡ ਤੇ ਬਰਫ਼ ਪੈਡ ਦੀ ਅਲਟਰਨੇਟਿਵ ਵਰਤੋਂ ਕਰਕੇ ਵੀ ਦਰਸ ਘੱਟ ਕੀਤਾ ਜਾ ਸਕਦਾ ਹੈ। ਦੀ ਇਸ ਤੋਂ ਇਲਾਵਾ ਨਾਰੀਅਲ, ਅਰਿੰਡੀ ਜਾਂ ਮਹਾਂਭ੍ਰਿੰਗਰਾਜ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਪਿੱਠ ਦੇ ਹੇਠਲੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ।
ਪਿੱਠ ਦੇ ਹੇਠਲੇ ਦਰਦ ਦੇ ਇਲਾਜ ਲਈ ਟੀਕੇ, ਦਵਾਈਆਂ, ਥੈਰੇਪੀ ਅਤੇ ਸਰਜਰੀ ਦੀ ਵਰਤੋਂ ਕੀਤੀ ਜਾਂਦੀ ਹੈ। ਦਰਦ ਦੀ ਗੰਭੀਰਤਾ ਅਤੇ ਮਰੀਜ਼ ਦੀ ਸਥਿਤੀ ਨੂੰ ਜਾਣਨ ਤੋਂ ਬਾਅਦ ਹੀ ਇਲਾਜ ਦਾ ਤਰੀਕਾ ਤੈਅ ਕੀਤਾ ਜਾਂਦਾ ਹੈ।