ਅੰਮ੍ਰਿਤਸਰ 27 ਜਨਵਰੀ 2025 (ਫਤਹਿ ਪੰਜਾਬ ਬਿਉਰੋ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਦੀ ਨਵੀਂ ਭਰਤੀ ਲਈ ਗਠਿਤ ਸੱਤ ਮੈਂਬਰੀ ਕਮੇਟੀ ਨੂੰ ਮੁੜ ਆਦੇਸ਼ ਦਿੰਦੇ ਹਾਂ ਕਿ ਉਹ ਕਾਰਜਸ਼ੀਲ ਹੋਵੇ ਅਤੇ ਨਵੀਂ ਭਰਤੀ ਲਈ ਮੁਹਿੰਮ ਸ਼ੁਰੂ ਕਰੇ।
ਸੰਗਤਾਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ ਦੀਆਂ ਵਧਾਈਆਂ ਦਿੰਦਿਆਂ ਜਥੇਦਾਰ ਨੇ ਕਿਹਾ ਹੈ ਕਿ 2 ਦਸੰਬਰ ਨੂੰ ਨਵੀਂ ਭਰਤੀ ਲਈ ਬਣਾਈ 7 ਮੈਂਬਰੀ ਕਮੇਟੀ ਅਜੇ ਤੱਕ ਕਾਰਜ਼ਸ਼ੀਲ ਨਹੀਂ ਹੋਈ। ਉਨ੍ਹਾਂ ਦੁਹਰਾਇਆ ਕਿ 7 ਮੈਂਬਰੀ ਕਮੇਟੀ ਅਕਾਲੀ ਦਲ ਦੀ ਭਰਤੀ ਦੀ ਨਿਗਰਾਨੀ ਕਰੇ। ਨਾਲ ਹੀ ਜਥੇਦਾਰ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਲੋੜ ਸਮਝੇ ਤਾਂ ਉਕਤ ਸੱਤ ਮੈਂਬਰੀ ਕਮੇਟੀ ਵਿੱਚ ਵਾਧਾ ਵੀ ਕਰ ਸਕਦੀ ਹੈ ਪਰ ਸਾਰੀ ਮੈਂਬਰਸ਼ਿਪ ਮੁਹਿੰਮ ਇਸ ਕਮੇਟੀ ਦੀ ਨਿਗਰਾਨੀ ਹੇਠ ਹੀ ਚੱਲੇਗੀ।
ਜਥੇਦਾਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 5 ਸਿੰਘ ਸਾਹਿਬਾਨ ਦੀ ਮੀਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ 3 ਮੈਂਬਰੀ ਕਮੇਟੀ ਮੁਅੱਤਲ ਕੀਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰ ਰਹੀ ਹੈ ਪਰ ਹਰ ਅਹੁਦੇ ਦਾ ਮਾਨ-ਸਨਮਾਨ ਰੱਖਣਾ ਲਾਜ਼ਮੀ ਹੈ। ਆਪਣੇ ਵੀਡੀਓ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਕਮੇਟੀ ਮੈਂਬਰ ਨੂੰ ‘ਮੈਸੰਜਰ ਆਫ਼ ਬਾਦਲ’ ਕਹੇ ਜਾਣ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਇਸ ਗੱਲ ਦਾ ਜਵਾਬ ਤਾਂ ਉਹੀ ਦੇ ਸਕਦੇ ਹਨ ਜਿੰਨ੍ਹਾਂ ਨੇ ਵੀਡੀਓ ਪਾਈ ਹੈ।