ਨਵੀਂ ਦਿੱਲੀ 30 ਮਈ 2024 (ਫਤਿਹ ਪੰਜਾਬ) ਕੇਂਦਰ ਸਰਕਾਰ ਨੇ ਆਪਣੇ ਦੂਰਸੰਚਾਰ ਵਿਭਾਗ (DoT) ਰਾਹੀਂ PSUs ਜਨਤਕ ਖੇਤਰ ਦੇ ਦੋ ਵੱਡੇ ਅਦਾਰਿਆਂ – ਭਾਰਤ ਸੰਚਾਰ ਨਿਗਮ ਲਿਮਟਿਡ (BSNL) ਅਤੇ ਮਹਾਨਗਰ ਟੈਲੀਫੋਨ ਨਿਗਮ ਲਿਮਿਟੇਡ (MTNL) ਦੀ ਮਲਕੀਅਤ ਵਾਲੀਆਂ ਲਗਭਗ 530 ਜ਼ਮੀਨਾਂ/ਪਲਾਟਾਂ ਅਤੇ ਇਮਾਰਤਾਂ ਨੂੰ ਵੇਚਣ ਦੀ ਤਿਆਰੀ ਵਿੱਚ ਹੈ।

ਨਰੇਂਦਰ ਮੋਦੀ ਸਰਕਾਰ ‘ਭੂਮੀ ਮੁਦਰੀਕਰਨ’ ਨੀਤੀ land monetisation policy ਤਹਿਤ ਕੇਂਦਰੀ ਦੂਰਸੰਚਾਰ ਖੇਤਰ ਦੇ ਇੰਨਾਂ ਦੋਵਾਂ PSUs ਦੇ ਕਰਜ਼ੇ ਨੂੰ ਘਟਾਉਣ ਹਿੱਤ ਇਹ ਚਾਰਾਜੋਈ ਕਰ ਰਹੀ ਹੈ ਤੇ ਇਨ੍ਹਾਂ ਜਾਇਦਾਦਾਂ ਦੀ ਵਿੱਕਰੀ ਤੋਂ ਸਰਕਾਰ ਨੂੰ ਕਰੀਬ 20,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲਣ ਦੀ ਆਸ ਹੈ।

ਇਸ ਸਬੰਧੀ ਹਾਸਲ ਕੀਤੀ ਜਾਣਕਾਰੀ  ਤੋਂ ਪਤਾ ਲੱਗਿਆ ਹੈ ਕਿ ਇਸ ਨਿਲਾਮੀ ਵਿੱਚ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਪੁਡੂਚੇਰੀ, ਪੰਜਾਬ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਸਥਿਤ ਇਹਨਾਂ ਜਾਇਦਾਦਾਂ ਵਿੱਚ ਟੈਲੀਫੋਨ ਐਕਸਚੇਂਜ, ਖਾਲੀ ਜ਼ਮੀਨਾਂ/ਪਲਾਟ, ਪ੍ਰਬੰਧਕੀ ਇਮਾਰਤਾਂ ਅਤੇ ਸਟਾਫ਼ ਦੇ ਰਿਹਾਇਸ਼ੀ ਕੁਆਰਟਰ ਆਦਿ ਵੀ ਸ਼ਾਮਲ ਹਨ। 

ਇਸ ਨਿਲਾਮੀ ਵਿੱਚ ਗੁਰੂ ਅਮਰਦਾਸ ਕਾਲੋਨੀ, ਨੇੜੇ ਰੇਲਵੇ ਫਾਟਕ, ਪਟਿਆਲਾ-ਰਾਜਪੁਰਾ ਬਾਈਪਾਸ, ਰਾਜਪੁਰਾ ਵਿਖੇ ਸਥਿਤ ਖੇਤਰੀ ਦੂਰਸੰਚਾਰ ਸਿਖਲਾਈ ਕੇਂਦਰ ਦੀ ਵਿਕਰੀ ਵੀ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਬੀਤੀ 21 ਮਈ ਨੂੰ ਕੇਂਦਰੀ ਮੰਤਰਾਲਿਆਂ ਦੇ ਸਾਰੇ ਸਕੱਤਰਾਂ ਸਮੇਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਗਏ ਇੱਕ ਪੱਤਰ ਵਿੱਚ, ਦੂਰਸੰਚਾਰ ਵਿਭਾਗ ਦੇ ਸਕੱਤਰ ਨੇ ਦੱਸਿਆ ਕਿ BSNL ਨੇ ਦੇਸ਼ ਭਰ ਵਿੱਚ ਆਪਣੀਆਂ ਜ਼ਮੀਨਾਂ/ਪਲਾਟ ਅਤੇ ਇਮਾਰਤਾਂ ਦੀ ਸੂਚੀਬੱਧ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਸਰਕਾਰੀ ਸੰਸਥਾਵਾਂ ਨੂੰ ਸਿੱਧੀ ਵਿਕਰੀ ਲਈ ਬੀਐਸਐਨਐਲ ਦੀਆਂ ਜਾਇਦਾਦਾਂ ਦੀ ਹੋਣ ਵਾਲੀ ਵਿੱਕਰੀ ਦਾ ਲਾਭ ਲੈਣ ਲਈ ਕਿਹਾ ਹੈ।

ਯਾਦ ਰਹੇ ਕਿ ਕੇਂਦਰੀ ਮੰਤਰੀ ਮੰਡਲ ਨੇ ਸਾਲ 2019 ਵਿੱਚ BSNL ਤੇ MTNL ਦੀ ਪੁਨਰ ਸੁਰਜੀਤੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਵਿੱਚ ਇੰਨਾਂ ਦੋਵਾਂ ਅਦਾਰਿਆਂ ਦੀਆਂ ਵਾਧੂ ਜ਼ਮੀਨਾਂ ਤੇ ਇਮਾਰਤੀ ਜਾਇਦਾਦਾਂ ਦਾ ਮੁਦਰੀਕਰਨ ਭਾਵ ਵਿੱਕਰੀ ਲਈ ਖੁੱਲੀ ਨਿਲਾਮੀ ਸ਼ਾਮਲ ਹੈ। BSNL ਦੀਆਂ ਜਾਇਦਾਦਾਂ ਦੇਸ਼ ਭਰ ਵਿੱਚ ਫੈਲੀਆਂ ਹੋਈਆਂ ਹਨ ਅਤੇ MTNL ਐਮਟੀਐਨਐਲ ਦੀਆਂ ਸੰਪਤੀਆਂ ਦਿੱਲੀ ਅਤੇ ਮੁੰਬਈ ਵਿੱਚ ਸਥਿਤ ਹਨ। ਇੰਨਾਂ ਦੋਵਾਂ ਸਰਕਾਰੀ ਅਦਾਰਿਆਂ ਦੀਆਂ ਜ਼ਿਆਦਾਤਰ ਜਾਇਦਾਦਾਂ ਤੇ ਜ਼ਮੀਨਾਂ ਪ੍ਰਮੁੱਖ ਸਥਾਨਾਂ ‘ਤੇ ਸਥਿਤ ਹਨ।

ਕੇਂਦਰ ਸਰਕਾਰ ਨੇ ਇਸ ਨਿਲਾਮੀ ਪ੍ਰਕਿਰਿਆ ਰਾਹੀਂ ਸਿੱਧੀ ਵਿਕਰੀ ਲਈ MTNL ਦੀਆਂ 100 ਤੋਂ ਵੱਧ ਜਾਇਦਾਦਾਂ ਤੇ ਜ਼ਮੀਨਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚ ਦਿੱਲੀ ਵਿੱਚ 48 ਅਤੇ ਮੁੰਬਈ ਸਮੇਤ ਮਹਾਰਾਸ਼ਟਰ ਵਿੱਚ 52 ਸੰਪਤੀਆਂ ਸ਼ਾਮਲ ਹਨ। ਇਹਨਾਂ ਵਿੱਚੋਂ ਪ੍ਰਮੁੱਖ ਸਥਾਨਾਂ ਉੱਪਰ ਸਥਿਤ ਕਨਾਟ ਪਲੇਸ (ਨਵੀਂ ਦਿੱਲੀ), ਪ੍ਰਭਾਦੇਵੀ (ਮੁੰਬਈ) ਵਿੱਚ ਮਸ਼ਹੂਰ MTNL ਟੈਲੀਫੋਨ ਹਾਊਸ ਅਤੇ ਕੋਲਾਬਾ (ਮੁੰਬਈ) ਵਿੱਚ ਟੈਲੀਫੋਨ ਭਵਨ ਜਦਕਿ ਵਾਧੂ ਜਾਇਦਾਦਾਂ ਵਜੋਂ ਮੁੰਬਈ ਵਿੱਚ ਪਵਈ, ਅੰਧੇਰੀ, ਬਾਂਦਰਾ, ਮੁਲੁੰਡ, ਵਾਸ਼ੀ ਅਤੇ ਵਰਲੀ ਵਿੱਚ ਸਥਿਤ ਹਨ।

ਦੱਸ ਦੇਈਏ ਕਿ ਬੀਐਸਐਨਐਲ ਨੇ 16 ਮਈ, 2024 ਨੂੰ Request for Proposal ਪ੍ਰਸਤਾਵ ਲਈ ਬੇਨਤੀ (ਆਰਐਫਪੀ) ਰਾਹੀਂ ਈ-ਟੈਂਡਰ ਮੰਗ ਕੇ ਇਨ੍ਹਾਂ ਰਾਜਾਂ ਵਿੱਚ ਸਥਿਤ ਚੁਣੀਆਂ ਜਾਇਦਾਦਾਂ ਦੀ ਨਿਲਾਮੀ ਲਈ ਸੱਦਾ ਦਿੱਤਾ ਹੈ। ਇਸ ਤੋਂ ਬਾਦ ਜਾਇਦਾਦਾਂ ਦੀ ਬੋਲੀ ਲਾਉਣ ਬਾਰੇ ਪ੍ਰੀ ਬਿੱਡ ਆਨਲਾਈਨ ਮੀਟਿੰਗ  3 ਜੂਨ, 2024 ਨੂੰ ਬੁਲਾਈ ਹੈ। ਇਨ੍ਹਾਂ 27 ਜਾਇਦਾਦਾਂ ਦੀ ਕੁੱਲ ਰਾਖਵੀਂ ਕੀਮਤ 476 ਕਰੋੜ ਰੁਪਏ ਰੱਖੀ ਗਈ ਹੈ।

ਪਤਾ ਲੱਗਾ ਹੈ ਕਿ ਕੇਂਦਰੀ ਵਿਭਾਗ ਦੇ ਆਦੇਸ਼ਾਂ ਉਪਰ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੀਆਂ ਇਹਨਾਂ ਜਾਇਦਾਦਾਂ ਤੋਂ ਇਲਾਵਾ ਕਈ ਰਾਜਾਂ ਵਿੱਚ ਵੱਖ-ਵੱਖ ਸਥਾਨਾਂ ‘ਤੇ 530 ਤੋਂ ਵੱਧ ਪਲਾਟਾਂ ਅਤੇ ਇਮਾਰਤਾਂ ਦੀ ਸੂਚੀ ਵੀ ਤਿਆਰ ਕੀਤੀ ਹੋਈ ਹੈ ਜਿੰਨਾਂ ਨੂੰ ਭਵਿੱਖ ਵਿੱਚ ਵੇਚਣ ਦਾ ਇਰਾਦਾ ਹੈ। ਇਨ੍ਹਾਂ ਸੰਪਤੀਆਂ ਦਾ ਕੁੱਲ ਰਕਬਾ ਲਗਭਗ ਇੱਕ ਕਰੋੜ ਵਰਗ ਮੀਟਰ ਦੱਸਿਆ ਜਾਂਦਾ ਹੈ।

ਦੱਸ ਦੇਂਦੀਏ ਕਿ ਪਹਿਲਾਂ BSNL ਵਿੱਚ ਕਰੀਬ 153,000 ਕਰਮਚਾਰੀ ਜਦੋਂ ਕਿ MTNL ਵਿੱਚ ਕਰੀਬ 18,000 ਕਰਮਚਾਰੀ ਸਨ ਪਰ ਸਰਕਾਰ ਵੱਲੋਂ VRS ਦੀ ਚੋਣ ਕਰਨ ਲਈ ਖੁੱਲ ਦੇਣ ਤੋਂ ਬਾਅਦ BSNL ਕੋਲ ਲਗਭਗ 50 ਫੀਸਦ ਕਰਮਚਾਰੀ ਰਹਿ ਗਏ ਜਦੋਂ ਕਿ MTNL ਕੋਲ ਕਰੀਬ 25 ਫੀਸਦ ਰਹਿ ਗਏ ਹਨ ਅਤੇ ਇਸ ਵੇਲੇ ਦੋਵੇਂ PSU ਅਦਾਰੇ ਲੱਗਭੱਗ ਘਾਟੇ ਵਿੱਚ ਚੱਲ ਰਹੇ ਹਨ।

ਉੱਧਰ ਦੂਰਸੰਚਾਰ ਕਰਮਚਾਰੀਆਂ ਦੀ ਰਾਸ਼ਟਰੀ ਫੈਡਰੇਸ਼ਨ National Federation of Telecom Employees NFTE ਨੇ BSNL ਦੀਆਂ ਜਾਇਦਾਦਾਂ ਵੇਚਣ ਬਾਰੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। 

Skip to content