ਮੰਡੀ 30 ਮਈ 2024 (ਫਤਿਹ ਪੰਜਾਬ) ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ’ਚੋਂ ਡੀਜ਼ਲ ਅਤੇ ਪੈਟਰੋਲ ਵਾਹਨ ਅਗਲੇ 10 ਸਾਲਾਂ ’ਚ ਖ਼ਤਮ ਕਰਨ ਦਾ ਟੀਚਾ ਮਿੱਥਿਆ ਹੈ।
ਮੰਡੀ ’ਚ ਭਾਜਪਾ ਉਮੀਦਵਾਰ ਕੰਗਨਾ ਰਣੌਤ ਦੇ ਪੱਖ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਹੁਣ ਇਲੈਕਟ੍ਰਿਕ ਸਕੂਟਰ, ਕਾਰ ਅਤੇ ਬੱਸ ਆ ਗਏ ਹਨ। ਤੁਸੀਂ ਡੀਜ਼ਲ ਵਾਹਨ ’ਤੇ 100 ਰੁਪਏ ਖ਼ਰਚ ਕਰਦੇ ਹੋ ਪਰ ਇਲੈਕਟ੍ਰਿਕ ਵਾਹਨਾਂ ’ਤੇ ਮਸਾਂ ਚਾਰ ਰੁਪਏ ਦਾ ਖ਼ਰਚਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਪਣਬਿਜਲੀ ਸਮਰੱਥਾ ਕਿਤੇ ਜ਼ਿਆਦਾ ਹੈ ਅਤੇ ਇਸ ਦੀ ਸੂਬੇ ਦੇ ਆਵਾਜਾਈ ਪ੍ਰਬੰਧਾਂ ’ਚ ਵਰਤੋਂ ਕੀਤੀ ਜਾ ਸਕਦੀ ਹੈ। ਭਾਜਪਾ ਦੇ ਵਾਅਦਿਆਂ ਨੂੰ ਦੁਹਰਾਉਂਦਿਆਂ ਗਡਕਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਨਾ ਸਿਰਫ਼ ਵਾਅਦੇ ਪੂਰੇ ਕੀਤੇ ਹਨ ਸਗੋਂ ਹਰੇਕ ਕੰਮ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ 5 ਖ਼ਰਬ ਡਾਲਰ ਵਾਲਾ ਅਰਥਚਾਰਾ ਬਣਨ ਜਾ ਰਿਹਾ ਹੈ। ਯਾਦ ਰਹੇ ਕਿ ਹਿਮਾਚਲ ਪ੍ਰਦੇਸ਼ ’ਚ ਲੋਕ ਸਭਾ ਲਈ ਵੋਟਾਂ ਪਹਿਲੀ ਜੂਨ ਨੂੰ ਪੈਣੀਆਂ ਹਨ।