ਚੰਡੀਗੜ੍ਹ 31 ਮਈ 2024 (ਫਤਿਹ ਪੰਜਾਬ) ਕਹਿਰ ਦੀ ਗਰਮੀ ਤੇ ਲੂ ਤੋਂ ਪਰੇਸ਼ਾਨ ਲੋਕਾਂ ਲਈ ਰਾਹਤ ਦੀ ਖਬਰ ਆਈ ਹੈ। ਪੰਜਾਬ ’ਚ ਅਗਲੇ ਕੁੱਝ ਦਿਨ ਮੌਸਮ ਦਾ ਮਿਜ਼ਾਜ ਬਦਲਣ ਵਾਲਾ ਹੈ ਜਿਸ ਨਾਲ ਸੂਬੇ ਦੇ ਆਮ ਲੋਕਾਂ ਤੇ ਸਬਜ਼ੀ ਕਾਸ਼ਤਕਾਰਾਂ ਨੂੰ ਕਾਫੀ ਰਾਹਤ ਮਿਲੇਗੀ।
ਚੰਡੀਗੜ੍ਹ ਤੋਂ Indian meteorological department IMD ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਦੱਸਿਆ ਕਿ ਇੰਨ੍ਹਾ ਲੰਬਾ ਹੀਟ ਵੇਵ heat wave ਪਹਿਲੀ ਵਾਰ ਦੇਖਿਆ ਗਿਆ ਹੈ। ਜਿਸ ਤਰ੍ਹਾਂ ਦਾ ਵੱਧ ਤਾਪਮਾਨ ਇਸ ਖਿੱਤੇ ਵਿੱਚ ਦਰਜ ਹੋਇਆ ਹੈ ਉਹ ਉਮੀਦਾਂ ਤੋਂ ਬਿਲਕੁੱਲ ਪਰੇ ਹੈ।
ਪਰ ਗਰਮੀ ਦਾ ਜੋ ਵੀ ਵਿਕਰਾਲ ਰੂਪ ਸੀ ਉਸ ਵਿੱਚ ਕੁੱਝ ਦਿਨਾਂ ਲਈ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਵਿਗਿਆਨੀ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਬਿਜਲੀ ਚਮਕਣ ਅਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਬਣ ਰਹੀ ਹੈ ਜਿਸ ਕਾਰਨ ਪੰਜਾਬ ਦੇ ਕਈ ਹਿੱਸਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਦੇ ਕਾਰਨ ਤੇਜ਼ ਗਰਮੀ ਦੇ ਮੌਸਮ ’ਚ ਕੁੱਝ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਰਾਜ ਦੇ ਪਹਾੜੀ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਵੇਂ ਕਿ ਹੁਸ਼ਿਆਰਪੁਰ ਤੇ ਗੁਰਦਾਸਪੁਰ ਆਦਿ ਦੇ ਇਲਾਕਿਆਂ ’ਚ ਮੀਂਹ ਪੈ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਥੋੜੀ ਰਾਹਤ ਮਿਲੇਗੀ।