ਚੰਡੀਗੜ੍ਹ, 31 ਮਈ 2024 (ਫਤਿਹ ਪੰਜਾਬ) ਗਰਮੀ ਦੇ ਕਹਿਰ ਤੋਂ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਤਹਿਤ ਵੋਟਰਾਂ ਦੀ ਸੌਖ ਅਤੇ ਸਹੂਲਤ ਲਈ ਇੱਕ ਵਿਲੱਖਣ ਪਹਿਲਕਦਮੀ ਕਰਦਿਆਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਪੰਜਾਬ ਸਿਬਿਨ ਸੀ ਵੱਲੋਂ ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਮਾਰਕਫੈਡ) ਰਾਹੀਂ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਪੰਜਾਬ ਭਰ ਦੇ ਸਾਰੇ 24,451 ਪੋਲਿੰਗ ਸਟੇਸ਼ਨਾਂ ‘ਤੇ ਗੁਲਾਬ ਦਾ ਸ਼ਰਬਤ ਵਰਤਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।

ਇਸ ਪਹਿਲਕਦਮੀ ਦਾ ਉਦੇਸ਼ ਵੋਟਰਾਂ ਨੂੰ ਇਸ ਕੜਾਕੇ ਦੀ ਗਰਮੀ ਵਿੱਚ ਰਾਹਤ ਦੇਣ ਲਈ ਇਹ ਪੀਣ ਵਾਲਾ ਪਦਾਰਥ ਪ੍ਰਦਾਨ ਕਰਨਾ ਹੈ ਤਾਂ ਜੋ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦੇ ਹੋਏ ਗਰਮੀ ਤੋਂ ਬਚ ਸਕਣ।

ਮੌਕੇ ‘ਤੇ ਤਿਆਰ ਕੀਤੇ ਜਾਣ ਵਾਲੇ ਇਸ ਗੁਲਾਬ ਸ਼ਰਬਤ ਦੀ ਪੇਸ਼ਕਸ਼ ਕਰਕੇ, ਮਾਰਕਫੈੱਡ ਸਹਿਕਾਰੀ ਲਹਿਰ ਰਾਹੀਂ ‘ਮੇਕ ਇਨ ਪੰਜਾਬ’ ਉਤਪਾਦਾਂ ਦੀ ਅਮੀਰ ਪਰੰਪਰਾ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ।

ਮਾਰਕਫੈੱਡ ਦੇ ਐਮ.ਡੀ. ਗਿਰੀਸ਼ ਦਿਆਲਨ ਨੇ ਕਿਹਾ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਨੂੰ ਇਸ ਲੋਕਤੰਤਰੀ ਪ੍ਰਕਿਰਿਆ ਦੌਰਾਨ ਵੋਟਰਾਂ ਨੂੰ ਹਾਈਡਰੇਟਿਡ ਰੱਖਣ ਅਤੇ ਆਰਾਮ ਪਹੁੰਚਾਉਣ ਦਾ ਮੌਕਾ ਮਿਲਿਆ ਹੈ। ਸਾਡਾ ਗੁਲਾਬ ਸ਼ਰਬਤ ਪੰਜਾਬ ਦੇ ਸਹਿਕਾਰੀ ਖੇਤਰ ਦੀ ਗੁਣਵੱਤਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਅਤੇ ਪੋਲਿੰਗ ਕੇਂਦਰਾਂ ‘ਤੇ ਗੁਲਾਬ ਸ਼ਰਬਤ ਪਿਲਾਇਆ ਜਾਵੇਗਾ ਜੋ ਪੰਜਾਬ ਦੀ ਸਹਿਕਾਰਤਾ ਲਹਿਰ ਦੀ ਤਾਕਤ ਨੂੰ ਦਰਸਾਉਂਦੀ ਹੈ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵੋਟਰਾਂ ਲਈ ਅਰਾਮਦਾਇਕ ਵੋਟਿੰਗ ਅਨੁਭਵ ਨੂੰ ਯਕੀਨੀ ਬਣਾਉਣਾ ਸਭ ਤੋਂ ਮਹੱਤਵਪੂਰਨ ਹੈ। ਸੂਬੇ ਭਰ ਦੇ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਗੁਲਾਬ ਸ਼ਰਬਤ ਦਾ ਪ੍ਰਬੰਧ ਕਰਨਾ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਅਤੇ ਚੋਣਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਸਥਾਨਕ ਭਾਈਚਾਰੇ ਨਾਲ ਸਾਡੇ ਸਹਿਯੋਗੀ ਯਤਨਾਂ ਦਾ ਇਕ ਪ੍ਰਮਾਣ ਹੈ।

Skip to content