ਸਰਕਾਰੀ ਸਕੂਲਾਂ ‘ਚ ਬਦਲਿਆ ਦੁਪਹਿਰ ਦੇ ਖਾਣੇ ਦਾ ਮੀਨੂ
ਚੰਡੀਗੜ੍ਹ, 31 ਮਈ 2024 (ਫਤਿਹ ਪੰਜਾਬ) ਪੰਜਾਬ ਦੇ ਸਿੱਖਿਆ ਵਿਭਾਗ ਵੱਲੋ ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ (ਮਿਡ-ਡੇਅ-ਮੀਲ) ਚ ਕਾਫੀ ਬਦਲਾਅ ਕੀਤਾ ਗਿਆ ਹੈ ਅਤੇ ਇਸ ਵਿਚ ਨਵੇਂ ਪਕਵਾਨ ਸ਼ਾਮਲ ਕੀਤੇ ਗਏ ਹਨ।
ਤਾਜ਼ਾ ਜਾਣਕਾਰੀ ਮੁਤਾਬਿਕ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਇਹ ਨਵਾਂ ਮੀਨੂ ਲਾਗੂ ਹੋਵੇਗਾ ਜਿਸ ਵਿੱਚ ਦਾਲ-ਮਾਂਹ ਛੋਲੇ ਵੀ ਸ਼ਾਮਲ ਕੀਤੇ ਗਏ ਹਨ ਤੇ ਹਫਤੇ ‘ਚ ਇਕ ਵਾਰ ਵਿਦਿਆਰਥੀਆਂ ਨੂੰ ਖੀਰ ਵੀ ਵਰਤਾਈ ਜਾਵੇਗੀ। ਇਸ ਮੌਕੇ ਭੋਜਨ ਦੀ ਸ਼ੁੱਧਤਾ ‘ਤੇ ਖਾਸ ਧਿਆਨ ਦਿੱਤਾ ਜਾਵੇਗਾ। ਸਕੂਲ ਕਮੇਟੀਆਂ ਦੀ ਖਾਸ ਤੌਰ ‘ਤੇ ਭੋਜਨ ਦੀ ਜਾਂਚ ਕਰਨ ਦੀ ਡਿਊਟੀ ਲਗਾਈ ਗਈ ਹੈ।
ਭੋਜਨ ਦੀ ਸੂਚੀ ਮੁਤਾਬਕ, ਸੋਮਵਾਰ ਨੂੰ ਦਾਲ ਅਤੇ ਸਬਜ਼ੀਆਂ ਦੇ ਨਾਲ ਰੋਟੀ, ਮੰਗਲਵਾਰ ਨੂੰ ਰਾਜਮਾਂਹ ਚੌਲ, ਬੁੱਧਵਾਰ ਨੂੰ ਕਾਲੇ ਛੋਲੇ / ਚਿੱਟੇ ਛੋਲੇ ਅਤੇ ਪੂਰੀ ਅਤੇ ਰੋਟੀ, ਵੀਰਵਾਰ ਨੂੰ ਕੜ੍ਹੀ ਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ, ਸ਼ਨੀਵਾਰ ਛੋਲਿਆਂ ਦੀ ਦਾਲ ਦਿੱਤੀ ਜਾਵੇਗੀ। ਇਸ ਦੌਰਾਨ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਦਿੱਤੇ ਜਾਣਗੇ।
ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਦੁਪਹਿਰੇ ਗਰਮ ਭੋਜਨ ਪਰੋਸਿਆ ਜਾਵੇ ਅਤੇ ਵਿਦਿਆਰਥੀਆਂ ਨੂੰ ਖਾਣ ਪੀਣ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਮਿਡਲ ਕਲਾਸ ਤੱਕ ਦੇ ਬੱਚਿਆਂ ਨੂੰ 19 ਹਜ਼ਾਰ ਦੇ ਲਗਭਗ ਸਕੂਲਾਂ ‘ਚ ਇਹ ਮਿਡ-ਡੇ-ਮੀਲ ਦਿੱਤਾ ਜਾਂਦਾ ਹੈ। ਇਸਦਾ ਮਕਸਦ ਬੱਚਿਆਂ ਨੂੰ ਪੋਸ਼ਟਿਕ ਖੁਰਾਕ ਦੇਣਾ ਅਤੇ ਸਕੂਲਾਂ ਚ ਬੱਚਿਆਂ ਦੀ ਗਿਣਤੀ ‘ਚ ਵਾਧਾ ਕਰਨਾ ਹੈ। ਭੋਜਨ ਪਕਾਉਣ ਲਈ ਸਰਕਾਰ ਵੱਲੋਂ ਪਹਿਲਾਂ ਹੀ ਸਕੂਲਾਂ ਨੂੰ ਕੁੱਕ ਉਪਲੱਬਦ ਕਰਵਾਏ ਗਏ ਹਨ।