ਵਾਸ਼ਿੰਗਟਨ, 31 ਮਈ 2024 (ਫਤਿਹ ਪੰਜਾਬ) ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਗੁਪਤ ਤਰੀਕੇ ਨਾਲ ਪੈਸੇ ਦੇਣ ਦੇ ਮਾਮਲੇ ‘ਚ ਰਿਕਾਰਡ ’ਚ ਹੇਰਾਫੇਰੀ ਕਰਨ ਦੇ 34 ਦੋਸ਼ਾਂ ‘ਚ ਅੱਜ ਦੋਸ਼ੀ ਕਰਾਰ ਦਿੱਤਾ ਗਿਆ। ਇਸ ਨਾਲ ਉਹ ਕਿਸੇ ਗੰਭੀਰ ਅਪਰਾਧ ਲਈ ਦੋਸ਼ੀ ਕਰਾਰ ਦਿੱਤੇ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਬਣ ਗਏ।
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੀ ਚੋਣ ਮੁਹਿੰਮ ਟੀਮ ਨੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ, ਜਦੋਂ ਕਿ ਟਰੰਪ ਨੇ ਕਿਹਾ ਕਿ ਇਹ ਫੈਸਲਾ ਗਲਤ ਸਿਆਸੀ ਪ੍ਰਣਾਲੀ ਦਾ ਨਤੀਜਾ ਹੈ। ਟਰੰਪ ਨੂੰ ਸਜ਼ਾ ਸੁਣਾਉਣ ਦੀ ਤਰੀਕ 11 ਜੁਲਾਈ ਤੈਅ ਕੀਤੀ ਗਈ ਹੈ। ਚਾਰ ਦਿਨਾਂ ਬਾਅਦ ਵਿਸਕਾਨਸਿਨ ਦੇ ਮਿਲਵਾਕੀ ਵਿੱਚ ਹੋਣ ਵਾਲੀ ‘ਰਿਪਬਲਿਕਨ ਨੈਸ਼ਨਲ ਕਨਵੈਨਸ਼ਨ’ ਵਿੱਚ ਉਨ੍ਹਾਂ ਨੂੰ ਰਸਮੀ ਤੌਰ ’ਤੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਪਾਰਟੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਜਾਣਾ ਹੈ।
ਅਦਾਲਤ ਵੱਲੋਂ ਜਿਵੇਂ ਹੀ ਉਨ੍ਹਾਂ ਖਿਲਾਫ ਫੈਸਲਾ ਸੁਣਾਇਆ ਗਿਆ ਤਾਂ ਟਰੰਪ ਨੇ ਕਿਹਾ ਕਿ ਇਹ ਸ਼ਰਮਨਾਕ ਹੈ। ਇਹ ਵਿਵਾਦਗ੍ਰਸਤ ਜੱਜ ਵੱਲੋਂ ਚਲਾਇਆ ਗਿਆ ਭ੍ਰਿਸ਼ਟ ਮੁਕੱਦਮਾ ਸੀ। ਲੋਕ ਅਸਲੀ ਫੈਸਲਾ 5 ਨਵੰਬਰ ਨੂੰ ਦੇਣਗੇ।