ਨਵੀਂ ਦਿੱਲੀ, 2 ਜੂਨ 2024 (ਫਤਿਹ ਪੰਜਾਬ) ਕਾਂਗਰਸ ਨੇ ਨਤੀਜਿਆਂ ਤੋਂ ਪਹਿਲਾਂ ਟੀਵੀ ਚੈਨਲਾਂ ਉੱਪਰ ਆਏ ਐਗਜ਼ਿਟ ਪੋਲਾਂ ਨੂੰ ਫਰਜ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਚੋਣਾਂ ਵਿੱਚ ਧਾਂਦਲੀ ਨੂੰ ਸਹੀ ਠਹਿਰਾਉਣ ਵਾਸਤੇ ਜਾਣਬੁੱਝ ਕਿ ਕੀਤੀ ਗਈ ਕੋਸ਼ਿ਼ਸ਼ ਹੈ ਅਤੇ ‘ਇੰਡੀਆ’ ਗੱਠਜੋੜ ਦੇ ਕਾਰਕੁਨਾਂ ਦਾ ਮਨੋਬਲ ਘੱਟ ਕਰਨ ਵਾਸਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਖੇਡੀ ਜਾ ਰਹੀ ਮਨੋਵਿਗਿਆਨਕ ਖੇਡ ਦਾ ਹਿੱਸਾ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਗਜ਼ਿਟ ਪੋਲ ਨੂੰ ‘ਮੋਦੀ ਮੀਡੀਆ ਪੋਲ’ ਦੱਸਿਆ। ਉਨ੍ਹਾਂ ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਦੇ ਲੋਕ ਸਭਾ ਸੰਸਦ ਮੈਂਬਰਾਂ ਨਾਲ ਇਕ ਮੀਟਿੰਗ ਕਰਨ ਮਗਰੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਨੂੰ ਐਗਜ਼ਿਟ ਪੋਲ ਨਹੀਂ ਕਿਹਾ ਜਾ ਸਕਦਾ ਬਲਕਿ ਇਸ ਦਾ ਨਾਮ ‘ਮੋਦੀ ਮੀਡੀਆ ਪੋਲ’ ਹੈ। ਇਹ ਮੋਦੀ ਦਾ ਪੋਲ ਹੈ, ਇਹ ਉਨ੍ਹਾਂ ਦੀ ਕਲਪਨਾ ਵਾਲਾ ਪੋਲ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਤੁਸੀਂ ਸਿੱਧੂ ਮੂਸੇਵਾਲਾ ਦਾ ‘295’ ਗੀਤ ਸੁਣਿਆ ਹੈ? ਇਸ ਵਾਸਤੇ 295 ਸੁਣੋ ਪਤਾ ਲੱਗ ਜਾਵੇਗਾ।
ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਨਵੀਂ ਸਰਕਾਰ ਦੇ 100 ਦਿਨਾ ਏਜੰਡੇ ਦੀ ਸਮੀਖਿਆ ਕਰਨ ਲਈ ਇਕ ਲੰਬਾ ਵਿਚਾਰ-ਮੰਥਨ ਸੈਸ਼ਨ ਕਰਨ ਸਣੇ ਕਈ ਬੈਠਕਾਂ ਕਰਨ ਲਈ ਵੀ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਇਹ ਅਫ਼ਸਰਸ਼ਾਹੀ ਅਤੇ ਪ੍ਰਸ਼ਾਸਨਿਕ ਤੰਤਰ ਨੂੰ ਇਕ ਸੰਕੇਤ ਭੇਜਣ ਵਾਸਤੇ ‘ਦਬਾਅ ਬਣਾਉਣ ਦਾ ਤਰੀਕਾ’ ਹੈ ਕਿ ਉਹ ਸੱਤਾ ਵਿੱਚ ਪਰਤ ਰਹੇ ਹਨ।