ਸ਼ਿਮਲਾ, 3 ਜੂਨ 2024 (ਫਤਿਹ ਪੰਜਾਬ) Himachal Pradesh Vidhan Sabha ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਸੋਮਵਾਰ ਨੂੰ ਰਾਜ ਸਭਾ ਚੋਣਾਂ ਮੌਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਹਨ।
ਪਠਾਨੀਆ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਅਸਤੀਫੇ ਪ੍ਰਵਾਨ ਕਰ ਲਏ ਗਏ ਹਨ ਅਤੇ ਇਹ ਤਿੰਨੇ ਵਿਧਾਇਕ ਤੁਰੰਤ ਪ੍ਰਭਾਵ ਨਾਲ 14ਵੀਂ ਵਿਧਾਨ ਸਭਾ ਦੀ ਮੈਂਬਰੀ ਤੋਂ ਹਟ ਗਏ ਹਨ।
HP ਵਿਧਾਨ ਸਭਾ ਚ ਕਾਂਗਰਸ ਦੇ 34 ਅਤੇ ਭਾਜਪਾ ਦੇ 25 ਵਿਧਾਇਕ
ਯਾਦ ਰਹੇ ਕਿ ਤਿੰਨ ਆਜ਼ਾਦ ਵਿਧਾਇਕਾਂ ਵਿੱਚ ਹੁਸ਼ਿਆਰ ਸਿੰਘ (ਦੇਹਰਾ), ਅਸ਼ੀਸ਼ ਸ਼ਰਮਾ (ਹਮੀਰਪੁਰ) ਅਤੇ ਕੇ.ਐਲ ਠਾਕੁਰ (ਨਾਲਾਗੜ੍ਹ) ਨੇ ਬੀਤੀ 27 ਫਰਵਰੀ ਨੂੰ ਰਾਜ ਸਭਾ ਲਈ ਹੋਈਆਂ ਚੋਣਾਂ ਮੌਕੇ ਕਾਂਗਰਸ ਦੇ ਛੇ ਬਾਗੀ ਵਿਧਾਇਕਾਂ ਦੇ ਨਾਲ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿੱਚ ਵੋਟ ਪਾਈ ਸੀ ਤੇ ਉਹ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਗਏ ਸਨ।
ਇਹ ਵਿਧਾਇਕ ਬੀਤੀ 23 ਮਾਰਚ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੇ ਆਪਣੇ ਅਸਤੀਫ਼ੇ ਸਵੀਕਾਰ ਕਰਾਉਣ ਲਈ ਸਪੀਕਰ ਨੂੰ ਨਿਰਦੇਸ਼ ਦੇਣ ਖਾਤਰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਚਲੇ ਗਏ ਸੀ। ਹਾਲਾਂਕਿ, ਅਦਾਲਤ ਇਸ ਸਬੰਧ ਵਿੱਚ ਸਪੀਕਰ ਨੂੰ ਨਿਰਦੇਸ਼ ਜਾਰੀ ਕਰ ਸਕਦੀ ਹੈ ਜਾਂ ਨਹੀਂ, ਇਸ ਬਾਰੇ ਵੱਖੋ-ਵੱਖਰੇ ਵਿਚਾਰਾਂ ਕਾਰਨ, ਮਾਮਲਾ ਤੀਜੇ ਜੱਜ ਕੋਲ ਭੇਜ ਦਿੱਤਾ ਗਿਆ ਜੋ ਕਿ ਹਾਲੇ ਵਿਚਾਰ ਅਧੀਨ ਹੈ। ਇੰਨਾਂ ਵਿਧਾਇਕਾਂ ਨੇ ਆਪਣੀ ਆਪਣੇ ਅਸਤੀਫ਼ੇ ਸਵੀਕਾਰ ਕਰਾਉਣ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਕੰਪਲੈਕਸ ਵਿੱਚ ਧਰਨਾ ਵੀ ਦਿੱਤਾ ਸੀ।
ਇਸ ਤੋਂ ਪਹਿਲਾਂ, ਸਪੀਕਰ ਬਜਟ ਸ਼ੈਸਨ ਦੌਰਾਨ ਵਿਧਾਨ ਸਭਾ ਵਿੱਚ ਹਾਜ਼ਰ ਰਹਿਣ ਅਤੇ ਸਰਕਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਤੇ ਕਾਂਗਰਸ ਦੇ ਛੇ ਬਾਗੀਆਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ। ਇਨ੍ਹਾਂ ਵਿਧਾਇਕਾਂ ਦੀਆਂ 6 ਸੀਟਾਂ ਨੂੰ ਖਾਲੀ ਐਲਾਨ ਦਿੱਤਾ ਗਿਆ ਹੈ ਜਿਸ ਨਾਲ ਸਦਨ ਦੇ ਵਿਧਾਇਕਾਂ ਦੀ ਪ੍ਰਭਾਵੀ ਗਿਣਤੀ 68 ਤੋਂ ਘਟ ਕੇ 62 ਰਹਿ ਗਈ ਸੀ। ਹੁਣ ਸਪੀਕਰ ਵੱਲੋਂ ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕਰਨ ਨਾਲ ਵਿਧਾਇਕਾਂ ਦੀ ਗਿਣਤੀ ਘਟ ਕੇ 59 ਰਹਿ ਗਈ ਹੈ ਜਿਸ ਕਾਂਗਰਸ ਦੇ 34 ਅਤੇ ਭਾਜਪਾ ਦੇ 25 ਵਿਧਾਇਕ ਹਨ।
ਬਾਗ਼ੀਆਂ ਦੀ ਕਿਸਮਤ ਦਾ ਫੈਸਲਾ 4 ਜੂਨ ਨੂੰ
ਕਾਂਗਰਸ ਦੇ ਬਾਗੀਆਂ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਖਾਲੀ ਹੋਈਆਂ ਧਰਮਸ਼ਾਲਾ, ਸੁਜਾਨਪੁਰ, ਬਰਸਰ, ਗਗਰੇਟ, ਕੁਟਲੇਹਾਰ ਅਤੇ ਲਾਹੌਲ ਅਤੇ ਸਪਿਤੀ ਦੀਆਂ ਛੇ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ 1 ਜੂਨ ਨੂੰ ਹੋਈਆਂ ਸਨ। ਭਾਜਪਾ ਨੇ ਸਾਰੇ ਛੇ ਬਾਗ਼ੀਆਂ ਨੂੰ ਉੱਨਾਂ ਦੇ ਹਲਕਿਆਂ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਜਿਸ ਦੇ ਨਤੀਜੇ 4 ਜੂਨ ਨੂੰ ਆਉਣਗੇ।