ਦੋ-ਦੋ ਤਿੰਨ-ਤਿੰਨ ਦਿਨ ਤੋਂ ਪਾਣੀ ਉਡੀਕ ਰਹੇ ਨੇ ਪਹਾੜੀ ਪਿੰਡਾਂ ਦੇ ਵਸਨੀਕ
ਸ਼ਿਮਲਾ 17 ਜੂਨ 2024 (ਫਤਿਹ ਪੰਜਾਬ) ਅੱਤ ਦੀ ਗਰਮੀ ਤੋਂ ਬਚਣ ਲਈ ਹਰ ਰੋਜ਼ ਹਜ਼ਾਰਾਂ ਸੈਲਾਨੀ ਸ਼ਿਮਲਾ ਪਹੁੰਚ ਰਹੇ ਹਨ, ਜਿਸ ਕਾਰਨ ਇਸ ਪਹਾੜੀ ਸ਼ਹਿਰ ‘ਚ ਪਾਣੀ ਦਾ ਸੰਕਟ shimla water crisis ਹੋਰ ਵੀ ਗੰਭੀਰ ਹੋ ਗਿਆ ਹੈ। ਹਾਲਾਤ ਅਜਿਹੇ ਹਨ ਕਿ ਲਾਗਲੇ ਪਿੰਡਾਂ ‘ਚ ਖਾਸ ਕਰਕੇ ਬਾਹਰੀ ਖੇਤਰਾਂ ‘ਚ ਪਾਣੀ ਦੀ ਸਪਲਾਈ ਕਈ ਦਿਨਾਂ ਤੋਂ ਬੰਦ ਪਈ ਹੈ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਪਾਣੀ ਦੀ ਸਮੱਸਿਆ ਅਜਿਹੇ ਸਮੇਂ ‘ਚ ਬਣੀ ਹੈ ਜਦੋਂ ਇਸ ਰਾਜ ਵਿੱਚ ਸੈਰ-ਸਪਾਟੇ ਦਾ ਚੰਗਾ ਸੀਜ਼ਨ ਹੈ ਅਤੇ ਵੱਡੀ ਗਿਣਤੀ ‘ਚ ਦੇਸ਼ ਵਿਦੇਸ਼ ਤੋਂ ਸੈਲਾਨੀ ਇੱਥੇ ਪੁੱਜੇ ਹੋਏ ਹਨ। ਇਸ ਤੋਂ ਇਲਾਵਾ ਹੋਟਲ ਵੀ ਆਪਣੀ ਸਮਰੱਥਾ ਤੋਂ ਵੱਧ ਭਰੇ ਹੋਏ ਹਨ।
ਪ੍ਰਾਪਤ ਰਿਪੋਰਟਾਂ ਮੁਤਾਬਿਕ ਵੈਸੇ ਤਾਂ ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਜਲ ਸਪਲਾਈ ਦੀ ਯੋਜਨਾ ਬਣਾਈ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਲਈ ਸ਼ਹਿਰ ਨੂੰ 6 ਜ਼ੋਨਾਂ ‘ਚ ਵੰਡਿਆ ਹੈ। ਇਕੱਲੇ ਸ਼ਿਮਲਾ ਸ਼ਹਿਰ ਨੂੰ ਰੋਜ਼ਾਨਾ 42 MLD ਪਾਣੀ ਦੀ ਲੋੜ ਹੁੰਦੀ ਹੈ ਪਰ ਇਸ ਵੇਲੇ ਉਸ ਨੂੰ ਸਿਰਫ਼ 31 MLD ਮਿਲ ਰਿਹਾ ਹੈ। ਸ਼ਿਮਲਾ ਵਾਟਰ ਮੈਨੇਜਮੈਂਟ ਕਾਰਪੋਰੇਸ਼ਨ ਲਿਮਟਿਡ (SGPNL) ਨੇ ਸਾਰੇ ਖੇਤਰਾਂ ‘ਚ ਵੰਡ ਕੇ ਪਾਣੀ ਦੇਣ ਦਾ ਐਲਾਨ ਕੀਤਾ ਹੈ ਜਿਸ ਤਹਿਤ ਫਿਲਹਾਲ ਲੋਕਾਂ ਨੂੰ 2 ਦਿਨਾਂ ਦੇ ਫਰਕ ਨਾਲ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਪਰ ਸ਼ਹਿਰ ਦੇ ਕੁੱਝ ਇਲਾਕਿਆਂ ‘ਚ ਲੋਕ ਪਾਣੀ ਦੀ ਵੱਡੀ ਘਾਟ ਕਾਰਨ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 3-4 ਦਿਨਾਂ ਬਾਅਦ ਹੀ ਪਾਣੀ ਮਿਲ ਰਿਹਾ ਹੈ।ਅਜਿਹੀਆਂ ਸ਼ਿਕਾਇਤਾਂ ਲੋਅਰ ਖਲੀਨੀ, ਟੂਟੂ, ਸੰਜੌਲੀ ਅਤੇ ਜੱਖੂ ਇਲਾਕੇ ਤੋਂ ਵੀ ਆਈਆਂ ਹਨ।
ਦੂਜੇ ਪਾਸੇ SGPNL ਦੇ ਬੁਲਾਰੇ ਨੇ ਦੱਸਿਆ ਹੈ ਕਿ ਪਾਣੀ ਦੇ ਸਰੋਤਾਂ ਖਾਸ ਕਰਕੇ ਗਿਰੀ ਨਦੀ ‘ਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ, ਇਹ ਸਥਿਤੀ 2018 ਤੋਂ ਵੀ ਮਾੜੀ ਹੈ, ਜਦੋਂ ਸ਼ਿਮਲਾ ਨੂੰ ਪਾਣੀ ਦੇ ਸਭ ਤੋਂ ਭੈੜੇ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ।
ਦੱਸਣਯੋਗ ਹੈ ਕਿ ਸ਼ਹਿਰ ‘ਚ ਵੱਡੀ ਗਿਣਤੀ ‘ਚ ਸੈਲਾਨੀਆਂ ਦੀ ਆਮਦ ਕਾਰਨ ਸਥਾਨਕ ਲੋਕਾਂ ਲਈ ਪਾਣੀ ਦੀ ਸਮੱਸਿਆ ਹੋਰ ਵੱਧ ਗਈ ਹੈ। ਸਾਰੇ ਹੋਟਲ ਆਪਣੀ ਸਮਰੱਥਾ ਤੋਂ ਵੱਧ ਭਰੇ ਹੋਏ ਹਨ, ਜਿਸ ਕਾਰਨ ਪਾਣੀ ਦੀ ਮੰਗ ‘ਚ ਭਾਰੀ ਵਾਧਾ ਹੋਇਆ ਹੈ। ਸੈਲਾਨੀਆਂ ਦੇ ਦੱਸਣ ਅਨੁਸਾਰ ਹੋਟਲ ਮਾਲਕ ਪ੍ਰਾਈਵੇਟ ਟੈਂਕਰਾਂ ਦੀ ਮੱਦਦ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਜੇਕਰ ਅਗਲੇ ਦਿਨਾਂ ‘ਚ ਮੀਂਹ ਨਾ ਪਿਆ ਤਾਂ ਪਾਣੀ ਦਾ ਇਹ ਸੰਕਟ ਹੋਰ ਵੀ ਵਧ ਸਕਦਾ ਹੈ।