ਨਵੀਂ ਦਿੱਲੀ, 16 ਜੁਲਾਈ, 2024 (ਫਤਿਹ ਪੰਜਾਬ) ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੁਰੇਸ਼ ਰੈਨਾ, ਯੁਵਰਾਜ ਸਿੰਘ ਅਤੇ ਗੁਰਕੀਰਤ ਮਾਨ ਖਿਲਾਫ ਰਸਮੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਹ ਖਿਡਾਰੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ ਵੀਡੀਓਜ ਵਿੱਚ ਅਪਾਹਜ ਲੋਕਾਂ ਨਾਲ ਮਜ਼ਾਕ ਉਡਾਉਣ ਵਾਲੇ ਵਿਵਹਾਰ ਵਿੱਚ ਸ਼ਾਮਲ ਸਨ। ਉੱਧਰ ਵੀਡੀਉ ਨੂੰ ਲੈ ਕੇ ਵੱਧ ਰਹੇ ਵਿਵਾਦ ਦੌਰਾਨ ਹਰਭਜਨ ਸਿੰਘ ਨੇ ‘ਐਕਸ’ ’ਤੇ ਇਕ ਪੋਸਟ ਜਾਰੀ ਕਰਕੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ।
ਵਿਸ਼ਵ ਕੱਪ ਲੀਜੈਂਡਜ਼ ਫਾਈਨਲ ਵਿੱਚ ਭਾਰਤ ਚੈਂਪੀਅਨਜ਼ ਦੇ ਪਾਕਿਸਤਾਨ ਚੈਂਪੀਅਨਜ਼ ਖ਼ਿਲਾਫ਼ ਜਿੱਤ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋਇਆ ਹੇ। ਵੀਡੀਓ ਵਿੱਚ, ਯੁਵਰਾਜ ਸਿੰਘ, ਹਰਭਜਨ ਸਿੰਘ, ਅਤੇ ਰੈਨਾ ਲੰਗੜਾ ਬਣਕੇ ਅਤੇ ਆਪਣੀ ਪਿੱਠ ਨੂੰ ਫੜਕੇ ਤੁਰਦੇ ਹੋਏ ਦਿਖਾਈ ਦੇ ਰਹੇ ਹਨ, ਜੋ ਮੈਚਾਂ ਦੌਰਾਨ ਉਨ੍ਹਾਂ ਦੇ ਸਰੀਰ ‘ਤੇ ਆਏ ਸਰੀਰਕ ਬੋਝ ਨੂੰ ਪ੍ਰਦਰਸ਼ਿਤ ਕਰਦੇ ਹੋਏ ਦਿਖਾਈ ਦਿੰਦੇ ਹਨ। ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, “ਲੀਜੈਂਡ ਕ੍ਰਿਕਟ ਦੇ 15 ਦਿਨਾਂ ‘ਚ ਸਰੀਰ ਟੁੱਟ ਦਾ ਹਰ ਅੰਗ ਟੁੱਟ ਰਿਹਾ ਹੈ।” ਇਹ ਸਿੱਧੇ ਤੌਰ ‘ਤੇ ਅਭਿਨੇਤਾ ਵਿੱਕੀ ਕੌਸ਼ਲ ਅਤੇ ਗਾਇਕ ਕਰਨ ਔਜਲਾ ਵੱਲੋਂ ਗਾਏ ‘ਤੌਬਾ-ਤੌਬਾ’ ਡਾਂਸ ਦੀ ਨਕਲ ਕੀਤੀ ਗਈ ਹੈ।
ਅਪੰਗਤਾ ਅਧਿਕਾਰਾਂ ਦੇ ਕਾਰਕੁਨਾਂ ਨੇ ਇਸ ਵੀਡੀਓ ਦੀ ਸਖ਼ਤ ਆਲੋਚਨਾ ਕੀਤੀ ਹੈ, ਇਸ ਨੂੰ ਇੱਕ ਬੇਤੁਕਾ ਮਜ਼ਾਕ ਮੰਨਿਆ ਹੈ। ਸ਼ਿਕਾਇਤ ਇੰਸਟਾਗ੍ਰਾਮ ਦੁਆਰਾ ਇਸਦੇ ਉਪਭੋਗਤਾ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਅਸਫਲਤਾ ਨੂੰ ਉਜਾਗਰ ਕਰਦੀ ਹੈ, ਜਿਸ ਨਾਲ ਅਪਮਾਨਜਨਕ ਸਮੱਗਰੀ ਨੂੰ ਪ੍ਰਸਾਰਿਤ ਕੀਤਾ ਜਾ ਸਕਦਾ ਹੈ।
ਨੈਸ਼ਨਲ ਸੈਂਟਰ ਫਾਰ ਪ੍ਰਮੋਸ਼ਨ ਆਫ ਇੰਪਲਾਇਮੈਂਟ ਫਾਰ ਡਿਸਏਬਲਡ ਪੀਪਲ (NCPEDP) ਦੇ ਪ੍ਰਧਾਨ ਅਰਮਾਨ ਅਲੀ ਨੇ ਅਮਰ ਕਾਲੋਨੀ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਇਲਾਵਾ, ਸ਼ਿਕਾਇਤ ਵਿੱਚ ਮੇਟਾ ਇੰਡੀਆ ਦੇ ਉਪ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਸੰਧਿਆ ਦੇਵਨਾਥਨ ਨੂੰ ਵੀ ਪਾਰਟੀ ਬਣਾਇਆ ਹੈ, ਅਤੇ ਮੇਟਾ ‘ਤੇ ਸੂਚਨਾ ਤਕਨਾਲੋਜੀ ਐਕਟ 2000 ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।
ਅਲੀ ਨੇ ਕਿਹਾ ਕਿ ਵੀਡੀਓ ਭਾਰਤੀ ਸੰਵਿਧਾਨ ਦੀ ਧਾਰਾ 21 ਦੀ ਉਲੰਘਣਾ ਕਰਦਾ ਹੈ, ਜੋ ਸਨਮਾਨ ਨਾਲ ਜੀਣ ਦੇ ਅਧਿਕਾਰ ਦੀ ਗਰੰਟੀ ਦਿੰਦਾ ਹੈ। ਇਹ ਅਪਾਹਜ ਵਿਅਕਤੀਆਂ ਦੇ ਅਧਿਕਾਰ ਐਕਟ, 2016 ਦੀ ਧਾਰਾ 92 ਦੀ ਵੀ ਉਲੰਘਣਾ ਕਰਦਾ ਹੈ, ਅਤੇ ਨਿਪੁਨ ਮਲਹੋਤਰਾ ਬਨਾਮ ਸੋਨੀ ਪਿਕਚਰਜ਼ ਫਿਲਮਜ਼ ਇੰਡੀਆ ਪ੍ਰਾਈਵੇਟ ਲਿਮਟਿਡ (2004 SCC ਔਨਲਾਈਨ SC 1639) ਦੇ ਮਾਮਲੇ ਵਿੱਚ ਸਥਾਪਤ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਵੀ ਉਲੰਘਣਾ ਕਰਦਾ ਹੈ।
ਅਲੀ ਨੇ ਪ੍ਰਮੁੱਖ ਸ਼ਖਸੀਅਤਾਂ ਨੂੰ ਜਵਾਬਦੇਹ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਇਸ ਵੀਡੀਓ ਵਿੱਚ ਸ਼ਾਮਲ ਖਿਡਾਰੀਆਂ ਤੇ ਹੋਰਨਾ ਖਿਲਾਫ ਤੁਰੰਤ ਅਤੇ ਉਚਿਤ ਕਾਰਵਾਈ ਦੀ ਅਪੀਲ ਕੀਤੀ ਹੈ ਕਿਉਂਕਿ ਉਨ੍ਹਾਂ ਦੀ ਕਾਰਵਾਈ ਕਮਜ਼ੋਰ ਭਾਈਚਾਰਿਆਂ ਦੇ ਮਾਣ ਨੂੰ ਢਾਹ ਲਾਉਂਦੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਕ੍ਰਿਕਟਰਾਂ ਤੋਂ ਸਿਰਫ਼ ਮੁਆਫ਼ੀ ਹੀ ਕਾਫੀ ਨਹੀਂ ਹੋਵੇਗੀ ਸਗੋਂ ਉਹਨਾਂ ਨੂੰ ਆਪਣੇ ਵਿਵਹਾਰ ਦੇ ਨਤੀਜੇ ਭੁਗਤਣੇ ਪੈਣਗੇ।
ਹਰਭਜਨ ਸਿੰਘ ਨੇ ਇਸ ਗੱਲ ਜਵਾਬ ਦਿੰਦੇ ਹੋਏ ਆਪਣੇ ਐਕਸ ਹੈਂਡਲ ਉੱਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ। ਉਸ ਨੇ ਵੀਡੀਓ ਵਿੱਚ 15 ਦਿਨਾਂ ਤੋਂ ਵੱਧ ਲਗਾਤਾਰ ਕ੍ਰਿਕਟ ਖੇਡਣ ਪਿੱਛੋਂ ਸਰੀਰਕ ਤਣਾਅ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਅਫਸੋਸ ਪ੍ਰਗਟ ਕੀਤਾ ਕਿ ਜੇਕਰ ਕਿਸੇ ਨੇ ਇਸ ਵੀਡੀਓ ਨੂੰ ਵੱਖਰੇ ਤੌਰ ‘ਤੇ ਲਿਆ ਹੈ ਅਤੇ ਉਸਨੇ ਸਾਰਿਆਂ ਨੂੰ ਸਕਾਰਾਤਮਕ ਢੰਗ ਨਾਲ ਅੱਗੇ ਵਧਣ ਦੀ ਅਪੀਲ ਕੀਤੀ ਹੈ।