ਨਵੀਂ ਦਿੱਲੀ 5 ਅਗਸਤ 2024 (ਫਤਿਹ ਪੰਜਾਬ) : TRAI ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਮੋਬਾਈਲ ਸੇਵਾਵਾਂ ਵਿੱਚ ਗੁਣਵੱਤਾ ਸੁਧਾਰਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿੰਨ੍ਹਾ ਵਿਚ ਮੋਬਾਈਲ ਸੇਵਾ 24 ਘੰਟੇ ਤੋਂ ਵੱਧ ਬੰਦ ਰਹਿਣ ’ਤੇ ਭਰਪਾਈ ਕਰਨਾ ਅਤੇ ਕਾਲ ਕਵਾਲਟੀ ਨੂੰ ਲੈ ਕੇ ਗਲਤ ਸੂਚਨਾ ਦੇਣ ’ਤੇ ਸਜ਼ਾ ਦੇਣ ਵਰਗੇ ਪ੍ਰਬੰਧ ਸ਼ਾਮਲ ਕੀਤੇ ਗਏ ਹਨ ਪਰ ਇੰਨਾਂ ਹਦਾਇਤਾਂ ਵਿਰੁੱਧ ਕੰਪਨੀਆਂ ਇੱਕਜੁਟ ਹੋ ਰਹੀਆਂ ਹਨ।
ਟੈਲੀਕਾਮ ਰੈਗੂਲੇਟਰ ਨੇ ਕਾਲ ਡਰਾਪਾਂ ਅਤੇ ਹੌਲੀ ਨੈੱਟਵਰਕ ਡਾਊਨਟਾਈਮ ਸਮੱਸਿਆਵਾਂ ਨੂੰ ਘਟਾਉਣ ਲਈ 4ਜੀ ਅਤੇ 5ਜੀ ਨੈੱਟਵਰਕਾਂ ਦੇ ਗੁਣਵੱਤਾ ਦੇ ਬੈਂਚਮਾਰਕ ਨੂੰ ਪੂਰਾ ਨਾ ਕਰਨ ਬਦਲੇ ਵਿੱਤੀ ਜੁਰਮਾਨੇ ਵਧਾ ਦਿੱਤੇ ਹਨ। ਟਰਾਈ ਨੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਲਈ ਵਿੱਤੀ ਜ਼ੁਰਮਾਨਾ 50,000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਹੈ। ਸੋਧੇ ਹੋਏ ਨਿਯਮਾਂ ਤਹਿਤ ਨਿਯਮਾਂ ਦੀ ਉਲੰਘਣਾ ਦੇ ਵੱਖ-ਵੱਖ ਪੈਮਾਨਿਆਂ ਲਈ 1 ਲੱਖ ਰੁਪਏ, 2 ਲੱਖ ਰੁਪਏ, 5 ਲੱਖ ਰੁਪਏ ਅਤੇ 10 ਲੱਖ ਰੁਪਏ ਦੀ ਗ੍ਰੇਡਡ ਪੈਨਲਟੀ ਪ੍ਰਣਾਲੀ ਵੀ ਪੇਸ਼ ਕੀਤੀ ਹੈ, ਜੋ ਕਿ 1 ਅਕਤੂਬਰ ਤੋਂ ਲਾਗੂ ਹੋਵੇਗੀ।
ਦੇਸ਼ ’ਚ ਦੂਰਸੰਚਾਰ ਸੇਵਾ ਵਿੱਚ ਵੱਡੀਆਂ ਕੰਪਨੀਆਂ ਦਾ ਵਿਆਪਕ ਨੈੱਟਵਰਕ ਹੈ ਪਰ ਇਸਦੀ ਗੁਣਵੱਤਾ ਸੰਤੁਸ਼ਟੀ ਤੋਂ ਕੋਹਾਂ ਦੂਰ ਹੈ। ਹੁਣ ਨਵੇਂ ਹੁਕਮਾਂ ਤਹਿਤ ਨਵੇਂ ਨਿਯਮਾਂ ਮੁਤਾਬਕ ਕੰਪਨੀਆਂ ਨੂੰ ਹਰ ਮਹੀਨੇ ਸੇਵਾ ਗੁਣਵੱਤਾ ਦੀ ਰਿਪੋਰਟ ਦੇਣੀ ਹੋਵੇਗੀ।
ਮੋਬਾਈਲ ਸੇਵਾ ਦੇਣ ਵਾਲੀਆਂ ਕੰਪਨੀਆਂ ਦੇ ਸੰਗਠਨ COAI ਸੀਓਏਆਈਨੇ ਇਸ ਬਾਰੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਨਵੇਂ ਨਿਯਮਾਂ ਨਾਲ ਉਨ੍ਹਾਂ ਦੀ ਲਾਗਤ ਵਧੇਗੀ ਜਿਸਦਾ ਸਿੱਧਾ ਅਸਰ ਕਾਲ ਅਤੇ ਡਾਟਾ ਦਰਾਂ ’ਤੇ ਵੀ ਪੈ ਸਕਦਾ ਹੈ। ਸੀਓਏਆਈ ਦੇ ਜਨਰਲ ਡਾਇਰੈਕਟਰ ਲੈਫਟੀਨੈਂਟ ਜਨਰਲ ਐੱਸਪੀ ਕੋਚਰ ਦਾ ਕਹਿਣਾ ਹੈ ਕਿ ਟਰਾਈ ਲਗਾਤਾਰ ਸੇਵਾ ਗੁਣਵੱਤਾ ਸੁਧਾਰਨ ਲਈ ਨਵੀਆਂ ਹਦਾਇਤਾਂ ਜਾਰੀ ਕਰਦੀ ਰਹਿੰਦੀ ਹੈ ਪਰ ਕੰਪਨੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਦੀ।
ਮੋਬਾਈਲ ਕੰਪਨੀਆਂ ਦਾ ਤਰਕ ਹੈ ਕਿ ਹਾਲੇ ਉਹ 5ਜੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹਨ, ਜਿਸ ਕਰਕੇ ਉਨ੍ਹਾਂ ਨੂੰ ਕਾਫੀ ਖਰਚੇ ਕਰਨੇ ਪੈ ਰਹੇ ਹਨ। ਦੂਜੇ ਪਾਸੇ ਗੈਰ ਕਾਨੂੰਨੀ ਤੌਰ ’ਤੇ ਬੂਸਟਰ ਲਾਉਣ ਅਤੇ ਮਸ਼ੀਨਾਂ ਦੀ ਚੋਰੀ ਹੋਣ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਅਜਿਹੇ ਮੌਕੇ ਟਰਾਈ ਦੀਆਂ ਨਵੀਆਂ ਹਦਾਇਤਾਂ ਚਿੰਤਾਜਨਕ ਹਨ।