ਇਸ ਸਾਲ 8 ਮਹੀਨਿਆਂ ‘ਚ 81 ਦਵਾਈਆਂ ਦੇ ਸੈਂਪਲ ਫੇਲ ਹੋਏ – ਪਿਛਲੇ ਸਾਲ 120 ਨਮੂਨੇ ਹੋਏ ਸੀ ਫੇਲ
ਸ਼ਿਮਲਾ 24 ਅਗਸਤ 2024 (ਫਤਿਹ ਪੰਜਾਬ) ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ਉਤੇ ਤਿਆਰ ਹੁੰਦੀਆਂ ਦਵਾਈਆਂ ਵਿੱਚੋਂ 16 ਦਵਾਈਆਂ ਦੇ ਨਮੂਨੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗਨਾਈਜੇਸ਼ਨ (ਸੀਡੀਐਸੀਓ) ਵੱਲੋਂ ਕੀਤੀ ਗਈ ਗੁਣਵੱਤਾ ਜਾਂਚ ਦੌਰਾਨ ਫੇਲ ਹੋ ਗਏ।
ਦੱਸ ਦੇਈਏ ਕਿ ਸੀਡੀਐਸੀਓ ਵੱਲੋੰ ਹਰ ਮਹੀਨੇ ਦਵਾਈਆਂ ਦੇ ਸੈਂਪਲ ਭਰੇ ਜਾਂਦੇ ਹਨ। ਉਪਰੰਤ ਮਹੀਨਾਵਾਰ ਫੇਲ ਹੋਏ ਨਮੂਨਿਆਂ ਦੀ ਰਿਪੋਰਟ ਜਾਰੀ ਕਰਕੇ ਚਿਤਾਵਨੀ ਦਿੱਤੀ ਜਾਂਦੀ ਹੈ। ਜੁਲਾਈ ਮਹੀਨੇ ਲਈ ਜਾਰੀ ਚੇਤਾਵਨੀ ਵਿੱਚ ਦੇਸ਼ ਭਰ ਵਿੱਚੋਂ ਕੁੱਲ 57 ਦਵਾਈਆਂ ਦੇ ਨਮੂਨੇ ਗੈਰ-ਮਿਆਰੀ ਗੁਣਵੱਤਾ ਵਾਲੇ ਪਾਏ ਗਏ ਹਨ।
ਇਸ ਚੇਤਾਵਨੀ ਨੋਟਿਸ ਅਨੁਸਾਰ ਗੈਰ-ਮਿਆਰੀ ਗੁਣਵੱਤਾ ਵਾਲੀਆਂ ਕਰਾਰ ਦਿੱਤੀਆਂ ਹਿਮਾਚਲ ਦੀਆਂ ਇੰਨਾਂ 16 ਦਵਾਈਆਂ ਵਿਚੋਂ 9 ਬੱਦੀ ਦੇ ਫਾਰਮਾ ਹੱਬ ਵਿੱਚ, ਦੋ-ਦੋ ਨਲਾਗੜ੍ਹ ਅਤੇ ਪਾਉਂਟਾ ਸਾਹਿਬ ਵਿੱਚ ਅਤੇ ਇੱਕ-ਇੱਕ ਊਨਾ, ਸੋਲਨ ਅਤੇ ਪਰਵਾਨੂ ਵਿੱਚ ਤਿਆਰ ਕੀਤੀਆਂ ਗਈਆਂ ਸਨ। ਸੀਡੀਐਸੀਓ ਦੀ ਤਾਜ਼ਾ ਰਿਪੋਰਟ ਅਨੁਸਾਰ, ਪਾਉਂਟਾ ਸਾਹਿਬ ਦੇ ਸੀਅ ਫਾਰਮਾਸਿਊਟਿਕਲਸ ਦੇ ਦੋ ਦਵਾਈਆਂ ਦੇ ਨਮੂਨੇ ਲੈਬ ਟੈਸਟ ‘ਤੇ ਫੇਲ ਹੋਏ ਹਨ।
ਜਿੰਨਾ ਦਵਾਈਆਂ ਦੇ ਨਮੂਨੇ ਜਾਂਚ ਦੌਰਾਨ ਫੇਲ ਹੋਏ ਹਨ ਉਹ ਛਾਤੀ ਦੀਆਂ ਬਿਮਾਰੀਆਂ, ਪੇਟ ਦੇ ਇਨਫੈਕਸ਼ਨ, ਪੋਸ਼ਣ ਦੀ ਕਮੀ, ਪੇਟ ਰੋਗ ਅਤੇ ਬੈਕਟੀਰੀਅਲ ਇਨਫੈਕਸ਼ਨ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ।
ਹਿਮਾਚਲ ਪ੍ਰਦੇਸ਼ ਰਾਜ ਦੀ ਚੋਟੀ ਦੀ ਦਵਾ ਗੁਣਵੱਤਾ ਕੰਟਰੋਲਰ ਅਥਾਰਟੀ, ਡਰੱਗ ਕੰਟਰੋਲ ਐਡਮਿਨਿਸਟ੍ਰੇਸ਼ਨ (ਡੀਸੀਏ), ਦੇ ਅਧਿਕਾਰੀਆਂ ਅਨੁਸਾਰ ਜਿੰਨਾਂ ਦਵਾਈਆਂ ਦੇ ਨਮੂਨੇ ਜਾਂਚ ਦੌਰਾਨ ਫੇਲ ਹੋ ਗਏ ਹਨ, ਉਨ੍ਹਾਂ ਨੂੰ ਦਵਾ ਸਟੋਰਾਂ ਵਿੱਚੋਂ ਹਟਾ ਦਿੱਤਾ ਜਾਵੇਗਾ ਅਤੇ ਫੈਕਟਰੀ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ।
ਯਾਦ ਰਹੇ ਕਿ ਜੂਨ ਮਹੀਨੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਕੁੱਲ 10 ਦਵਾਈਆਂ ਦੇ ਨਮੂਨੇ ਸੀਡੀਐਸੀਓ ਸੰਸਥਾ ਦੇ ਲੈਬ ਟੈਸਟਾਂ ਵਿੱਚ ਫੇਲ ਹੋ ਗਏ ਸਨ। ਇਸ ਸਾਲ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਅੱਠ ਮਹੀਨਿਆਂ ਵਿੱਚ ਕੁੱਲ 81 ਦਵਾਈਆਂ ਦੇ ਨਮੂਨੇ ਸੀਡੀਐਸੀਓ ਦੀ ਗੁਣਵੱਤਾ ਜਾਂਚ ਵਿੱਚ ਫੇਲ ਹੋ ਚੁੱਕੇ ਹਨ ਜਦਕਿ ਸਾਲ 2023 ਦੌਰਾਨ ਹਿਮਾਚਲ ਵਿੱਚ ਤਿਆਰ ਹੋਈਆਂ ਕੁੱਲ 120 ਦਵਾਈਆਂ ਦੇ ਨਮੂਨੇ ਟੈਸਟਾਂ ਦੌਰਾਨ ਫੇਲ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 660 ਫਾਰਮਾਸਿਊਟਿਕਲ ਕੰਪਨੀਆਂ ਸਥਿਤ ਹਨ ਜਿੰਨ੍ਹਾਂ ਵਿੱਚੋਂ ਬਹੁਤ ਸਾਰੀਆਂ ਬੱਦੀ ਕਸਬੇ ਵਿੱਚ ਲੱਗੀਆਂ ਹੋਈਆਂ ਹਨ ਜੋ ਦੇਸ਼ ਦੇ ਸਭ ਤੋਂ ਵੱਡੇ ਫਾਰਮਾ ਹੱਬਾਂ ਵਿੱਚੋਂ ਇੱਕ ਹੈ।
ਦੱਸ ਦੇਈਏ ਕਿ ਦਵਾਈਆਂ ਦੇ ਨਮੂਨੇ ਜਾਂਚ ਕਰਨ ਲਈ ਸੀਡੀਐਸੀਓ ਦੀ ਲੈਬ ਸਮੇਤ ਕੰਪੋਜ਼ਿਟ ਟੈਸਟਿੰਗ ਲੈਬੋਰਟਰੀ, ਕੰਡਾਘਾਟ (ਸੋਲਨ) ਅਤੇ ਰੀਜਨਲ ਡਰੱਗ ਟੈਸਟਿੰਗ ਲੈਬੋਰਟਰੀ, ਚੰਡੀਗੜ੍ਹ ਵਿੱਚ ਵੀ ਭੇਜੇ ਜਾਂਦੇ ਹਨ।