ਵਿਸਟਾਡੋਮ ਟਰੇਨ ਦੀ 25 ਕਿ.ਮੀ. ਪ੍ਰਤੀ ਘੰਟਾ ਰਫ਼ਤਾਰ – ਹੁਣ 28 ਕਿ.ਮੀ./ਘੰਟਾ ਦੀ ਹੋਵੇਗੀ ਪਰਖ

ਚੰਡੀਗੜ੍ਹ 24 ਅਗਸਤ 2024 (ਫਤਿਹ ਪੰਜਾਬ) ਪਿਛਲੇ ਦਿਨੀਂ 96 ਕਿਲੋਮੀਟਰ ਲੰਮੀ ਕਾਲਕਾ-ਸ਼ਿਮਲਾ ਹੇਰੀਟੇਜ ਰੇਲ ਪਟੜੀ ‘ਤੇ 25 ਕਿ.ਮੀ. ਪ੍ਰਤੀ ਘੰਟਾ ਦੀ ਰਫ਼ਤਾਰ ‘ਤੇ ਪੈਨੋਰਾਮਿਕ ਵਿਸਟਾਡੋਮ ਡੱਬਿਆਂ ਵਾਲੀ ਰੇਲ ਗੱਡੀ ਦਾ ਸਫਲ ਟ੍ਰਾਇਲ ਕੀਤਾ ਗਿਆ।

ਰੇਲਵੇ ਵਿਭਾਗ ਦੀਆਂ ਟੀਮਾਂ ਨੇ ਸੱਤ ਕੋਚਾਂ ਵਾਲੀ ਇਸ ਰੇਲ ਗੱਡੀ ਦੀ ਰਫ਼ਤਾਰ ਪਰਖਣ ਲਈ ਨਿਗਰਾਨੀ ਕੀਤੀ। ਸੈਂਸਰਾਂ ਨਾਲ ਲੈਸ ਇਸ ਰੇਲ ਗੱਡੀ ਦੀ ਰਫ਼ਤਾਰ ਪਰਖ ਸ਼ੋਗੀ ਸਟੇਸ਼ਨ ‘ਤੇ ਕੀਤੀ ਗਈ। ਇਹ ਰੇਲ ਗੱਡੀ ਸਵੇਰੇ 10.37 ਵਜੇ ਕਾਲਕਾ ਤੋਂ ਚੱਲ ਕੇ 107 ਸੁਰੰਗਾਂ ਵਿੱਚੋਂ ਅਤੇ 864 ਪੁਲਾਂ ਉਪਰੋਂ ਲੰਘਦੀ ਹੋਈ ਰਾਹ ਵਿੱਚ 18 ਸਟੇਸ਼ਨ ਪਾਰ ਕਰਕੇ ਦੁਪਹਿਰ 2.25 ਵਜੇ ਸ਼ਿਮਲੇ ਪਹੁੰਚੀ।

ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਇਹ ਨਵਾਂ ਟ੍ਰਾਇਲ 22 ਕਿ.ਮੀ. ਪ੍ਰਤੀ ਘੰਟਾ ਦੀ ਰਫ਼ਤਾਰ ‘ਤੇ ਕੀਤੇ ਗਏ ਇੱਕ ਟ੍ਰਾਇਲ ਤੋਂ ਬਾਅਦ ਕੀਤਾ ਗਿਆ ਹੈ। 

ਪੈਨੋਰਾਮਿਕ ਵਿਸਟਾਡੋਮ ਕੋਚ ਰੇਲ ਗੱਡੀ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਤਿਆਰ ਹੈ। ਇਸ ਟਰੇਨ ਦੀ ਵੱਧ ਰਫ਼ਤਾਰ ਨਾਲ ਕਾਲਕਾ ਤੋਂ ਸ਼ਿਮਲਾ ਤੱਕ ਦਾ ਸਫ਼ਰ ਸਮਾਂ ਘਟੇਗਾ। ਇਸ 102 ਸਾਲ ਪੁਰਾਣੀ ਰੇਲਵੇ ਪਟੜੀ ਉੱਤੇ ਦੌੜਦੀਆਂ ਸੱਤ ਹੋਰ ਰੇਲ ਗੱਡੀਆਂ ਨਾਲੋਂ ਇਹ ਗੱਡੀ ਘੱਟ ਸਮਾਂ ਲਵੇਗੀ ਜੋ ਮੌਜੂਦਾ ਸਮੇਂ ‘ਚ ਲਗਭਗ 5 ਘੰਟਿਆਂ ਤੋਂ 6.30 ਘੰਟਿਆਂ ਵਿੱਚ ਪਹੁੰਚਦੀਆਂ ਹਨ। ਉੱਨਾਂ ਇਹ ਵੀ ਖੁਲਾਸਾ ਕੀਤਾ ਕਿ ਜਲਦੀ ਹੀ 28 ਕਿ.ਮੀ. ਪ੍ਰਤੀ ਘੰਟਾ ਦੀ ਰਫ਼ਤਾਰ ‘ਤੇ ਵੀ ਟ੍ਰਾਇਲ ਕੀਤੇ ਜਾਣਗੇ ਤੇ ਇਸ ਰਫ਼ਤਾਰ ‘ਤੇ ਇਹ ਰੇਲ ਗੱਡੀ ਸ਼ਿਮਲੇ 3.35 ਘੰਟਿਆਂ ਵਿੱਚ ਪਹੁੰਚ ਜਾਵੇਗੀ, ਜੋ ਇਸ ਵੇਲੇ 4.50 ਘੰਟਿਆਂ ਦਾ ਸਮਾਂ ਲੈਂਦੀ ਹੈ।

ਭਾਟੀਆ ਨੇ ਕਿਹਾ ਕਿ ਟ੍ਰਾਇਲ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਸਾਲ 1898 ਵਿੱਚ ਬਣੇ ਇਸ ਸੈਲਾਨੀ ਵਿਰਾਸਤੀ ਰੇਲ ਟਰੈਕ ‘ਤੇ ਪੈਨੋਰਾਮਿਕ ਵਿਸਟਾਡੋਮ ਡੱਬਿਆਂ ਵਿੱਚ ਮੌਜੂਦ ਆਧੁਨਿਕ ਸਹੂਲਤਾਂ ਦਾ ਅਨੰਦ ਮਾਣ ਸਕਣਗੇ। 

ਪੈਨੋਰਾਮਿਕ ਵਿਸਟਾਡੋਮ ਏਸੀ ਡੱਬੇ ਯਾਤਰੀਆਂ ਨੂੰ ਕਈ ਆਧੁਨਿਕ ਸਹੂਲਤਾਂ ਪ੍ਰਦਾਨ ਕਰਨਗੇ ਕਿਉਂਕਿ ਪੈਨੋਰਾਮਿਕ ਖਿੜਕੀਆਂ ਵੱਡੀਆਂ ਹਨ ਅਤੇ ਛੱਤ ਤੱਕ ਲੰਬੀਆਂ ਹਨ ਜਿਸ ਨਾਲ ਸੈਲਾਨੀ ਬਾਹਰ ਦੇ ਨਜ਼ਾਰਿਆਂ ਦਾ ਭਰਪੂਰ ਮਜ਼ਾ ਲੈ ਸਕਣਗੇ। ਇਸ ਟਰੇਨ ਦੇ ਡੱਬਿਆਂ ‘ਚ ਏਅਰ ਬ੍ਰੇਕ ਦੀ ਸਹੂਲਤ ਵੀ ਹੈ ਤੇ ਯਾਤਰੀਆਂ ਲਈ ਸੀਟਾਂ ਦੇ ਨਾਲ ਚਾਰਜਿੰਗ ਪੁਆਇੰਟ ਦਾ ਵੀ ਪ੍ਰਬੰਧ ਹੈ। 

ਇੱਕ ਰੇਲਵੇ ਕਰਮਚਾਰੀ ਨੇ ਦੱਸਿਆ ਕਿ ਇਹ ਸਾਊਂਡਪ੍ਰੂਫ ਏਸੀ ਪੈਨੋਰਾਮਿਕ ਵਿਸਟਾਡੋਮ ਡੱਬੇ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਤਿਆਰ ਹੋਏ ਹਨ। ਇਹ ਨਵੇਂ ਡੱਬੇ ਪਹਿਲਾਂ ਬਣੇ ਹੋਏ ਵਿਸਟਾਡੋਮ ਡੱਬਿਆਂ ਦਾ ਬਿਹਤਰ ਅਤੇ ਸੁਧਰਿਆ ਹੋਇਆ ਰੂਪ ਹੈ।  ਯਾਤਰੀਆਂ ਨੂੰ ਠੰਡੀ ਹਵਾ ਤੋਂ ਇਲਾਵਾ ਜਰੂਰਤ ਪੈਣ ‘ਤੇ ਗਰਮ ਹਵਾ ਵੀ ਦਿੱਤੀ ਜਾ ਸਕਦੀ ਹੈ। ਇਸ ਰੇਲ ਗੱਡੀ ਨਾਲ ਦੋ ਤਰ੍ਹਾਂ ਦੇ ਡੱਬੇ – ਏਸੀ ਅਤੇ ਨਾਨ-ਏਸੀ, ਜੋੜੇ ਗਏ ਹਨ ਅਤੇ ਨਾਨ-ਏਸੀ ਡੱਬਿਆਂ ਵਿੱਚ ਚੰਗੀ ਏਅਰਫਲੋ ਵਾਲੇ ਪੱਖੇ ਹਨ। 

ਯਾਦ ਰਹੇ ਕਿ ਇਸ ਰੇਲਵੇ ਲਾਈਨ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਯੂਨੈਸਕੋ ਨੇ ਜੁਲਾਈ 2008 ਵਿੱਚ ਇਸ ਨੂੰ ਵਿਸ਼ਵ ਵਿਰਾਸਤ ਧਰੋਹਰ ਵਿੱਚ ਸ਼ਾਮਲ ਕੀਤਾ ਸੀ। ਇਹ ਰੇਲਵੇ ਟ੍ਰੈਕ ਆਪਣੀ ਸੁੰਦਰਤਾ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਤੇ ਪਹਾੜੀਆਂ ਦੀ ਰਾਣੀ ‘ਸ਼ਿਮਲਾ’ ਜਾਣ ਵਾਲੇ ਸੈਲਾਨੀ ਇਸ ਰੇਲਗੱਡੀ ਦੀ ਖੂਬਸੂਰਤ ਯਾਤਰਾ ਦਾ ਆਨੰਦ ਲੈਣ ਆਉਂਦੇ ਹਨ।

Skip to content