3 ਕੱਟਾਂ ਅਤੇ 10 ਬਦਲਾਵਾਂ ਨਾਲ ਹੋਵੇਗੀ ਜਲਦ ਰਿਲੀਜ਼

Kangana Ranaut Emergency Release ਨਵੀਂ ਦਿੱਲੀ 8 ਸਤੰਬਰ 2024 (ਫਤਿਹ ਪੰਜਾਬ) ਭਾਜਪਾ ਸੰਸਦ ਮੈਂਬਰ ਤੇ ਚਰਚਿਤ ਅਦਾਕਾਰਾ ਕੰਗਨਾ ਰਣੌਤ Kangana Ranaut ਦੀ ਫਿਲਮ ‘ਐਮਰਜੈਂਸੀ’ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਤੋਂ ਹੁਣ ਹਰੀ ਝੰਡੀ ਮਿਲ ਗਈ ਹੈ। ਸੂਤਰਾਂ ਮੁਤਾਬਿਕ ਪ੍ਰਵਾਨਗੀ ਮੁਤਾਬਿਕ ਫਿਲਮ ਨੂੰ 3 ਕੱਟਾਂ ਅਤੇ 10 ਬਦਲਾਅ ਕਰਕੇ ਰਿਲੀਜ਼ ਕੀਤਾ ਜਾਵੇਗਾ। ਯਾਦ ਰਹੇ ਕਿ ਸੈਂਸਰ ਬੋਰਡ ਨੇ ਫ਼ਿਲਮ ਦੇ ਕੁੱਝ ਸੀਨ ਬਦਲਣ ਦੀ ਸੂਚੀ ਮਹੀਨਾ ਪਹਿਲਾਂ 8 ਅਗਸਤ ਨੂੰ ਫ਼ਿਲਮ ਨਿਰਮਾਤਾਵਾਂ ਨੂੰ ਭੇਜ ਦਿੱਤੀ ਸੀ।

ਯਾਦ ਰਹੇ ਕਿ ਕੰਗਨਾ ਆਪਣੀ ਤਾਜ਼ਾ ਫਿਲਮ ‘ਐਮਰਜੈਂਸੀ’ (Emergency) ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ ਪਹਿਲਾਂ ਇਹ ਫਿਲਮ 6 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣੀ ਸੀ ਪਰ, ਵਧਦੇ ਵਿਵਾਦਾਂ ਕਾਰਨ, ਫਿਲਮ ਸੈਂਸਰ ਬੋਰਡ ਵਿੱਚ ਸਰਟੀਫਿਕੇਸ਼ਨ ਲਈ ਅਟਕ ਗਈ ਸੀ। ਹੁਣ ਸੈਂਸਰ ਬੋਰਡ ਮੁਤਾਬਿਕ ਇਸ ਫਿਲਮ ‘ਚ 10 ਬਦਲਾਅ ਅਤੇ 3 ਕੱਟ ਕੀਤੇ ਗਏ ਹਨ ਅਤੇ ਫਿਲਮ ਨੂੰ ‘ਯੂਏ’ (UA) ਦਾ ਸਰਟੀਫਿਕੇਟ ਦਿੱਤਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਫਿਲਮ ਮਾਪਿਆਂ ਦੀ ਨਿਗਰਾਨੀ ਹੇਠ ਦੇਖਣ ਲਈ ਢੁਕਵੀਂ ਹੈ।

ਸੂਤਰਾਂ ਅਨੁਸਾਰ ਨਿਰਮਾਤਾਵਾਂ ਨੇ 8 ਜੁਲਾਈ ਨੂੰ ਫਿਲਮ ਨੂੰ ਸਰਟੀਫਿਕੇਸ਼ਨ ਲਈ ਭੇਜਿਆ ਸੀ ਅਤੇ ਉਦੋਂ ਤੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਇਸ ਵਿਵਾਦਿਤ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਸ਼ੁਰੂ ਕਰ ਦਿੱਤੀ ਸੀ। 

ਸੈਂਸਰ ਬੋਰਡ ਨੇ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ‘ਚ ਦਿਖਾਏ ਗਏ ਵਿਵਾਦਤ ਬਿਆਨਾਂ ‘ਤੇ ਨਿਰਮਾਤਾਵਾਂ ਤੋਂ ਸਹੀ ਤੱਥਾਂ ਦੀ ਮੰਗ ਕੀਤੀ ਸੀ ਜਿਸ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੁਆਰਾ ਭਾਰਤੀ ਔਰਤਾਂ ਪ੍ਰਤੀ ਕੀਤੀ ਅਪਮਾਨਜਨਕ ਟਿੱਪਣੀ ਅਤੇ ਵਿੰਸਟਨ ਚਰਚਿਲ ਦੀ ਟਿੱਪਣੀ ਕਿ ਭਾਰਤੀ ‘ਖਰਗੋਸ਼ਾਂ ਦੀ ਤਰ੍ਹਾਂ ਪੈਦਾਇਸ਼ ਵਧਾਉਂਦੇ ਹਨ’ ਵੀ ਸ਼ਾਮਲ ਹੈ। ਸੈਂਸਰ ਬੋਰਡ ਦੀ ਮੰਗ ਤੋਂ ਬਾਅਦ ਹੁਣ ਨਿਰਮਾਤਾ ਨੂੰ ਇਨ੍ਹਾਂ ਦੋਵਾਂ ਵਿਵਾਦਿਤ ਬਿਆਨਾਂ ਦੇ ਸਰੋਤਾਂ ਬਾਰੇ ਖੁਲਾਸਾ ਕਰਨਾ ਹੋਵੇਗਾ।

1 ਸੀਨ ਨੂੰ ਡਿਲੀਟ ਕਰਨਾ ਹੋਵੇਗਾ, ਮੇਕਰਸ 1 ਕਟ ਲਈ ਸਹਿਮਤ ਨਹੀਂ ਹੋਏ

ਸੈਂਸਰ ਬੋਰਡ ਨੇ ਫਿਲਮ ਨਿਰਮਾਤਾਵਾਂ ਨੂੰ ਸੁਝਾਅ ਦਿੱਤਾ ਹੈ ਕਿ ਫਿਲਮ ਦੇ ਇੱਕ ਸੀਨ ਨੂੰ ਜਾਂ ਤਾਂ ਹਟਾਇਆ ਜਾਵੇ ਨਹੀਂ ਬਦਲਿਆ ਜਾਵੇ। ਇਸ ਸੀਨ ਵਿਚ ਪਾਕਿਸਤਾਨੀ ਸੈਨਿਕਾਂ ਨੂੰ ਬੰਗਲਾਦੇਸ਼ੀ ਸ਼ਰਨਾਰਥੀਆਂ ‘ਤੇ ਹਮਲਾ ਕਰਦੇ ਹੋਏ ਦਿਖਾਇਆ ਗਿਆ ਹੈ, ਜਿਸ ਵਿਚ ਇਕ ਸਿਪਾਹੀ ਇਕ ਬੱਚੇ ਦਾ ਸਿਰ ਭੰਨ ਰਿਹਾ ਹੈ ਅਤੇ ਇਕ ਹੋਰ ਦ੍ਰਿਸ਼ ਵਿਚ ਔਰਤਾਂ ਦਾ ਸਿਰ ਕਲਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਿਲਮ ਵਿੱਚ ਇੱਕ ਨੇਤਾ ਦੀ ਮੌਤ ਹੋਣ ਪਿੱਛੋਂ ਬਦਲਾ ਲਊ ਭੀੜ ਵਿੱਚੋਂ ਇੱਕ ਵਿਅਕਤੀ ਚੀਖ ਕੇ ਕਹਿ ਰਿਹਾ ਜਿਸ ਨੂੰ ਬਦਲਣ ਲਈ ਕਿਹਾ ਗਿਆ ਹੈ। ਸੈਂਸਰ ਕਮੇਟੀ ਨੇ ਇੱਕ ਸੀਨ ਵਿੱਚ ਇੱਕ ਪਰਿਵਾਰ ਦੇ ਸਰਨੇਮ ਨੂੰ ਵੀ ਬਦਲਣ ਲਈ ਵੀ ਕਿਹਾ ਹੈ। 

ਇਸ ਤੋਂ ਇਲਾਵਾ, ਸੈਂਸਰ ਬੋਰਡ ਨੇ ਬੰਗਲਾਦੇਸ਼ੀ ਸ਼ਰਨਾਰਥੀਆਂ ਬਾਰੇ ਜਾਣਕਾਰੀ, ਅਦਾਲਤੀ ਫੈਸਲਿਆਂ ਦੇ ਵੇਰਵਿਆਂ, ਅਤੇ ‘ਆਪ੍ਰੇਸ਼ਨ ਬਲੂਸਟਾਰ’ ਦੀਆਂ ਪੁਰਾਣੀਆਂ ਫੋਟੋਆਂ/ਵੀਡੀਓਜ (ਆਰਕਾਈਵਲ ਫੁਟੇਜ) ਦੀ ਵਰਤੋਂ ਲਈ ਵੀ ਇਜਾਜ਼ਤਾਂ ਲੈਣ ਸਮੇਤ ਫਿਲਮ ਵਿੱਚ ਦਿੱਤੇ ਗਏ ਸਾਰੇ ਖੋਜ ਸੰਦਰਭਾਂ ਅਤੇ ਅੰਕੜਿਆਂ ਦੇ ਪ੍ਰਮਾਣੀਕਰਨ ਲਈ ਵੀ ਤੱਥਾਂ ਦੇ ਸਰੋਤਾਂ ਦੀ ਪੁਸ਼ਟੀ ਕਰਨ ਲਈ ਕਿਹਾ ਹੈ।

ਇੰਨਾ ਹੀ ਨਹੀਂ, ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਸੀਬੀਐਫਸੀ ਦੇ 8 ਅਗਸਤ ਦੇ ਪੱਤਰ ਤੋਂ ਬਾਅਦ, ਫਿਲਮ ਨਿਰਮਾਤਾਵਾਂ ਨੇ 14 ਅਗਸਤ ਨੂੰ ਜਵਾਬ ਦਿੱਤਾ ਸੀ। ਉਸ ਦਿਨ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਸੂਤਰਾਂ ਮੁਤਾਬਕ ਫਿਲਮ ਨਿਰਮਾਤਾਵਾਂ ਨੇ ਇਕ ਸੀਨ ਨੂੰ ਛੱਡ ਕੇ ਬਾਕੀ ਸਾਰੀਆਂ ਕਟੌਤੀਆਂ ਅਤੇ ਬਦਲਾਅ ਕਰਨ ਲਈ ਸਹਿਮਤੀ ਦਿੱਤੀ ਹੈ।

ਕੰਗਨਾ ਨੇ ਟਵਿਟਰ ‘ਤੇ ਕੀਤੀ ਸੀ ਵੀਡੀਓ ਸ਼ੇਅਰ

ਦੱਸ ਦੇਈਏ ਕਿ ‘ਐਮਰਜੈਂਸੀ’ ਦੇ ਵਧਦੇ ਵਿਵਾਦਾਂ ਦੇ ਦੌਰਾਨ ਕੰਗਨਾ ਰਣੌਤ ਨੇ ਆਪਣਾ ਇੱਕ ਵੀਡੀਓ ਐਕਸ (ਟਵਿਟਰ) ‘ਤੇ ਸ਼ੇਅਰ ਕੀਤਾ ਸੀ ਜੋਸ ਵਿੱਚ ਕਿਹਾ ਸੀ ਫਿਲਮ ਨੂੰ ਪਾਸ ਨਹੀਂ ਕੀਤਾ ਜਾ ਰਿਹਾ ਕਿਉਂਕਿ ਸੈਂਸਰ ਬੋਰਡ ਨੂੰ ਧਮਕੀਆਂ ਮਿਲ ਰਹੀਆਂ ਸਨ ਅਤੇ ਇਸ ਫਿਲਮ ਵਿਚ ਕੁਝ ਅਜਿਹੇ ਤੱਥ ਹਨ ਜਿੰਨਾਂ ਦੇ ਵਿਵਾਦਗ੍ਰਸਤ ਹੋਣ ਕਰਕੇ ਲੋਕ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਇਸੇ ਕਾਰਨ ਫਿਲਮ ਨੂੰ ਸਰਟੀਫਿਕੇਟ ਨਹੀਂ ਮਿਲਿਆ।

Skip to content