ਨਵੀਂ ਦਿੱਲੀ, 21 ਦਸੰਬਰ 2024 (ਫਤਿਹ ਪੰਜਾਬ ਬਿਊਰੋ) : ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਦੇ ਮਹਿਰੌਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨਰੇਸ਼ ਯਾਦਵ ਨੇ ਕਿਹਾ ਹੈ ਕਿ ਉਹ 2025 ਦੀ ਦਿੱਲੀ ਵਿਧਾਨ ਸਭਾ ਚੋਣ ਉਦੋਂ ਤੱਕ ਨਹੀਂ ਲੜਨਗੇ ਜਦੋਂ ਤੱਕ ਉਹ ਪੰਜਾਬ ਦੇ ਮਾਲੇਰਕੋਟਲਾ ਸ਼ਹਿਰ ਵਿੱਚ ਸਾਲ 2016 ਵਿੱਚ ਪਵਿੱਤਰ ਕੁਰਾਨ ਦੀ ਹੋਈ ਬੇਅਦਬੀ ਦੇ ਇੱਕ ਕੇਸ ਵਿੱਚੋਂ ਬਰੀ ਨਹੀਂ ਹੋ ਜਾਂਦੇ।
ਇਸ ਐਲਾਨ ਤੋਂ ਬਾਅਦ, ਪਾਰਟੀ ਨੇ ਮਹਿਰੌਲੀ ਦੀ ਕੌਂਸਲਰ ਰੇਖਾ ਮਹਿੰਦਰ ਚੌਧਰੀ ਦੇ ਪਤੀ ਮਹਿੰਦਰ ਚੌਧਰੀ ਨੂੰ ਇਸ ਸੀਟ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਯਾਦ ਰਹੇ ਕਿ ਮਾਲੇਰਕੋਟਲਾ ਸ਼ਹਿਰ ਵਿੱਚ 24 ਜੂਨ 2016 ਨੂੰ ਹੋਏ ਪਵਿੱਤਰ ਕੁਰਾਨ ਸ਼ਰੀਫ਼ ਬੇਅਦਬੀ ਮੁਕੱਦਮੇ ’ਚ ਜ਼ਿਲ੍ਹਾ ਅਦਾਲਤ ਨੇ ਬੀਤੀ 30 ਨਵੰਬਰ ਨੂੰ ਆਪ ਦੇ ਉਕਤ ਵਿਧਾਇਕ ਨਰੇਸ਼ ਯਾਦਵ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 4 ਦਸੰਬਰ ਨੂੰ ਦਿੱਤੀ ਜ਼ਮਾਨਤ ’ਤੇ ਚੱਲ ਰਹੇ ਨਰੇਸ਼ ਯਾਦਵ ਨੂੰ ‘ਆਪ’ ਵੱਲੋਂ ਮੁੜ ਦਿੱਲੀ ਦੇ ਮਹਿਰੌਲੀ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ ਗਿਆ ਸੀ।
ਕੁੱਝ ਮੁਸਲਿਮ ਅਤੇ ਭਾਜਪਾ ਆਗੂਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀਤੇ ਜਾ ਰਹੇ ਇਤਰਾਜ਼ ਨੂੰ ਦੇਖਦਿਆਂ ਯਾਦਵ ਨੇ ਕਿਹਾ ਕਿ ਜਦੋਂ ਤੱਕ ਅਦਾਲਤ ਮੇਰੇ ਕੇਸ ਨੂੰ ਕਲੀਅਰ ਨਹੀਂ ਕਰਦੀ, ਮੈਂ ਉਦੋਂ ਤੱਕ ਚੋਣ ਨਹੀਂ ਲੜਾਂਗਾ। ਮੈਂ ਪੂਰੀ ਤਰ੍ਹਾਂ ਬੇਕਸੂਰ ਹਾਂ, ਅਤੇ ਮੇਰੇ ‘ਤੇ ਲਗਾਏ ਗਏ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਅਤੇ ਝੂਠੇ ਹਨ। ਮੈਂ ਮਹਿਰੌਲੀ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ ਅਤੇ ਇੱਕ ਆਮ ਆਦਮੀ ਵਾਂਗ ਕੰਮ ਕਰਦਾ ਰਹਾਂਗਾ।
ਦੱਸ ਦੇਈਏ ਕਿ ਸਾਲ 2020 ਵਿੱਚ ਕਾਂਗਰਸ ਦੇ ਉਮੀਦਵਾਰ ਵਜੋਂ ਮਹਿਰੌਲੀ ਸੀਟ ਤੋਂ ਚੋਣ ਹਾਰਨ ਪਿੱਛੋਂ ਮਹਿੰਦਰ ਚੌਧਰੀ, ਸਾਲ 2022 ਦੌਰਾਨ’ਆਪ’ ਵਿੱਚ ਸ਼ਾਮਲ ਹੋ ਗਏ ਸਨ। ‘ਆਪ’ ਨੇ ਸਾਰੀਆਂ 70 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮੌਜੂਦਾ ਵਿਧਾਨ ਸਭਾ ਦੀ ਮਿਆਦ 23 ਫਰਵਰੀ ਨੂੰ ਖਤਮ ਹੋ ਰਹੀ ਹੈ ਅਤੇ ਵਿਧਾਨ ਸਭਾ ਚੋਣਾਂ ਫਰਵਰੀ ਵਿੱਚ ਹੋਣ ਦੀ ਸੰਭਾਵਨਾ ਹੈ