ਅਕਤੂਬਰ ‘ਚ 80 ਤੇ ਸਤੰਬਰ ਚ 67 ਦਵਾਈਆਂ ਦੇ ਹੋਏ ਸੀ ਨਮੂਨੇ ਫੇਲ੍ਹ
ਨਵੀਂ ਦਿੱਲੀ 28 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਕੇਂਦਰੀ ਸਿਹਤ ਮੰਤਰਾਲੇ ਨੇ ਪੂਰੇ ਦੇਸ਼ ’ਚ ਹੇਠਲੇ ਪੱਧਰ ਤੱਕ ਘੱਟ ਗੁਣਵੱਤਾ ਵਾਲੀਆਂ ਤੇ ਨਕਲੀ ਦਵਾਈਆਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਨਵੰਬਰ ਮਹੀਨੇ ਦਵਾਈਆਂ ਦੇ 111 ਨਮੂਨੇ ਸਹੀ ਗੁਣਵੱਤਾ ਦੇ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਇਸ ਤੋਂ ਇਲਾਵਾ ਜਾਂਚ ਦੌਰਾਨ ਦਵਾਈਆਂ ਦੇ ਦੋ ਨਮੂਨੇ ਨਕਲੀ ਮਿਲੇ। ਨਕਲੀ ਦਵਾਈਆਂ ਦੇ ਸੈਂਪਲਾਂ ’ਚੋਂ ਇਕ ਗਾਜ਼ੀਆਬਾਦ ਤੇ ਦੂਜਾ ਬਿਹਾਰ ਤੋਂ ਮਿਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਵੰਬਰ ’ਚ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੀ ਲੈਬੋਰੇਟਰੀ ’ਚ ਜਾਂਚ ਦੌਰਾਨ 41 ਦਵਾਈਆਂ ਦੇ ਸੈਂਪਲ ਮਾਪਦੰਡਾਂ ਤੋਂ ਘੱਟ ਗੁਣਵੱਤਾ ਵਾਲੇ ਮਿਲੇ। ਉਥੇ ਹੀ, ਵੱਖ-ਵੱਖ ਸੂਬਿਆਂ ’ਚ ਕੀਤੀ ਗਈ ਜਾਂਚ ’ਚ 70 ਦਵਾਈਆਂ ਦੇ ਸੈਂਪਲ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਦਵਾਈਆਂ ਦੇ ਸੈਂਪਲ ਖ਼ਾਸ ਬੈਚ ਦੇ ਹਨ, ਜਿਨ੍ਹਾਂ ਨੂੰ ਦੁਕਾਨਾਂ ਅਤੇ ਡਿਸਟ੍ਰੀਬਿਊਟਰਾਂ ਤੋਂ ਲੈ ਕੇ ਜਾਂਚ ਕੀਤੀ ਗਈ ਹੈ।
ਗਾਜ਼ੀਆਬਾਦ ਤੇ ਬਿਹਾਰ ’ਚ ਜਿਹੜੀਆਂ ਦੋ ਦਵਾਈਆਂ ਦੇ ਸੈਂਪਲ ਨਕਲੀ ਪਾਏ ਗਏ ਹਨ, ਉਨ੍ਹਾਂ ਨੂੰ ਕਿਸੇ ਅਣਜਾਣ ਕੰਪਨੀ ਨੇ ਵੱਡੀ ਕੰਪਨੀ ਦੇ ਨਾਂ ’ਤੇ ਬਣਾਇਆ ਹੈ। ਇਨ੍ਹਾਂ ਨੂੰ ਬਣਾਉਣ ਵਾਲੀ ਕੰਪਨੀ ਦਾ ਪਤਾ ਲਗਾਇਆ ਜਾ ਰਿਹਾ ਹੈ। ਨਕਲੀ ਦਵਾਈਆਂ ਦੇ ਮਾਮਲੇ ’ਚ ਘੱਟ ਤੋਂ ਘੱਟ 10 ਸਾਲ ਜਾਂ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ।
ਜਿਕਰਯੋਗ ਹੈ ਕਿ ਸਤੰਬਰ ਮਹੀਨੇ 67 ਦਵਾਈਆਂ ਦੇ ਸੈਂਪਲ ਮਾੜੇ ਨਿਕਲੇ ਸਨ। ਅਕਤੂਬਰ ਮਹੀਨੇ 80 ਦਵਾਈਆਂ ਦੇ ਸੈਂਪਲ ਘਟੀਆ ਨਿਕਲੇ ਜਿਨ੍ਹਾਂ ਵਿਚੋਂ ਸੈਂਟਰਲ ਲੈਬੋਰੇਟਰੀ ’ਚ 56 ਦਵਾਈਆਂ ਦੇ ਜਦਕਿ ਸੂਬਿਆਂ ਦੀਆਂ ਲੈਬੋਰੇਟਰੀਆਂ ’ਚ 24 ਦਵਾਈਆਂ ਦੇ ਸੈਂਪਲਾਂ ਦੀ ਗੁਣਵੱਤਾ ਮਾਪਦੰਡਾਂ ਤੋਂ ਘੱਟ ਪਾਈ ਗਈ ਸੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈੰਦਿਆਂ ਨਵੰਬਰ ਮਹੀਨੇ ਸੂਬਿਆਂ ’ਚ ਦਵਾਈਆਂ ਦੇ ਸੈਂਪਲਾਂ ਦੀ ਜਾਂਚ ਦਾ ਘੇਰਾ ਵਧਾਇਆ ਗਿਆ। ਇਸੇ ਕਾਰਨ ਨਵੰਬਰ ’ਚ ਸੂਬਿਆਂ ਦੀ ਜਾਂਚ ’ਚ ਘੱਟ ਗੁਣਵੱਤਾ ਦੀਆਂ ਦਵਾਈਆਂ ਦੀ ਗਿਣਤੀ ਲਗਪਗ ਤਿੰਨ ਗੁਣਾ ਵੱਧ ਗਈ ਹੈ।
ਬਾਹਰਲੇ ਮੁਲਕਾਂ ਚ ਚੱਲਦਾ ਮਾੜੀਆਂ ਦਵਾਈਆਂ ਦਾ ਗੋਰਖਧੰਦਾ
ਘੱਟ ਮਿਆਰੀ ਤੇ ਨਕਲੀ ਦਵਾਈਆਂ ਦੇ ਕਾਰੋਬਾਰ ਕਾਰਨ ਬਹੁਤ ਗੰਭੀਰ ਜਨਤਕ ਸਿਹਤ ਉੱਪਰ ਅਤੇ ਸਮਾਜਿਕ-ਆਰਥਿਕ ਪ੍ਰਭਾਵ ਤੌਰ ਤੇ ਪੈਂਦੇ ਹਨ ਖ਼ਾਸ ਕਰਕੇ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਇਹ ਰੁਝਾਨ ਬਹੁਤ ਜ਼ਿਆਦਾ ਹੈ। ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਵਿੱਚ 10 ਵਿੱਚੋਂ ਘੱਟੋ-ਘੱਟ 1 ਦਵਾਈਆਂ ਘਟੀਆ ਜਾਂ ਜਾਅਲੀ ਹੁੰਦੀ ਹੈ।