ਸ਼ੰਭੂ ਤੇ ਖਨੌਰੀ ਮੋਰਚੇ ਨੇ ਛੇਤੀ ਮੀਟਿੰਗ ਕਰਨ ਦੀ ਕੀਤੀ ਸੀ ਮੰਗ
ਚੰਡੀਗੜ੍ਹ 12 ਜਨਵਰੀ 2025 (ਫਤਿਹ ਪੰਜਾਬ ਬਿਉਰੋ) ਕਿਸਾਨ ਜਥੇਬੰਦੀਆਂ ਦੇ ਦੋ ਗੁੱਟਾਂ ਦਰਮਿਆਨ ਏਕਤਾ ਦੇ ਰਾਹ ਚਲਦਿਆਂ Sanyukt Kisan Morcha (SKM) ਐਸਕੇਐਮ ਦੀ ਭਲਕੇ ਪਾਤੜਾਂ ਕਸਬੇ ਵਿੱਚ ਸ਼ੰਭੂ ਤੇ ਖਨੌਰੀ ਮੋਰਚੇ ਦੇ ਦੋਵੇਂ ਫੋਰਮਾਂ ਦੇ ਆਗੂਆਂ ਨਾਲ ਸਾਂਝੀ ਮੀਟਿੰਗ ਹੋਵੇਗੀ। ਹਰਿਆਣਾ ਸਰਕਾਰ ਵੱਲੋਂ ਦਿੱਲੀ ਚਲੋ ਦੇ ਸੱਦੇ ਮੌਕੇ ਕਿਸਾਨ ਨੂੰ ਰੋਕੇ ਜਾਣ ਪਿੱਛੋਂ 13 ਫਰਵਰੀ, 2024 ਤੋਂ ਧਰਨੇ ਉੱਪਰ ਬੈਠੇ ਦੋਵੇਂ ਫੋਰਮਾਂ ਦੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਏਕਤਾ ਲਈ ਜਲਦ ਮੀਟਿੰਗ ਕਰਨ ਦੀ ਅਪੀਲ ਕੀਤੀ ਸੀ ਕਿਉਂਕਿ ਪਹਿਲਾਂ ਇਹ ਮੀਟਿੰਗ 15 ਜਨਵਰੀ ਨੂੰ ਪਟਿਆਲਾ ‘ਚ ਰੱਖੀ ਗਈ ਸੀ।
ਦੱਸ ਦੇਈਏ ਕਿ 9 ਜਨਵਰੀ ਵੀਰਵਾਰ ਨੂੰ ਮੋਗਾ ਵਿੱਚ ਇੱਕ ਕਿਸਾਨ ਮਹਾਂਪੰਚਾਇਤ ਵਿੱਚ SKM ਆਗੂਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨ ਜਥੇਬੰਦੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ, ਕਿਉਂਕਿ ਵੱਖਰੇ ਤੌਰ ‘ਤੇ ਲੜਨ ਦੇ ਬਾਵਜੂਦ ਉਨ੍ਹਾਂ ਦੇ ਟੀਚੇ ਇੱਕੋ ਜਿਹੇ ਸਨ। ਇਸ ਪਿੱਛੋਂ SKM ਦੇ 101 ਕਿਸਾਨ ਆਗੂਆਂ ਨੇ SKM (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਖਨੌਰੀ ਧਰਨੇ ‘ਤੇ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂਆਂ ਨੇ ਐਸਕੇਐਮ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਅਗੇਤੀ ਕੀਤੀ ਜਾਵੇ ਅਤੇ ਇਸ ਦਾ ਸਥਾਨ ਪਟਿਆਲਾ ਦੀ ਬਜਾਏ ਖਨੌਰੀ ਰੱਖਿਆ ਜਾਵੇ ਕਿਉਂਕਿ ਡੱਲੇਵਾਲ ਦੀ ਵਿਗੜਦੀ ਸਿਹਤ ਕਾਰਨ ਉਹ ਮੋਰਚੇ ਛੱਡ ਕੇ ਨਹੀਂ ਆ ਸਕਦੇ। ਇਸੇ ਦੇ ਮੱਦੇਨਜ਼ਰ ਐਸਕੇਐਮ ਦੇ ਆਗੂਆਂ ਨੇ ਫ਼ੈਸਲਾ ਲਿਆ ਹੈ ਕਿ 15 ਜਨਵਰੀ ਵਾਲੀ ਮੀਟਿੰਗ 13 ਜਨਵਰੀ ਕੀਤੀ ਜਾਵੇ ਤੇ ਇਸ ਦਾ ਸਥਾਨ ਪਟਿਆਲਾ ਤੋਂ ਬਦਲ ਕੇ ਪਾਤੜਾਂ ਕਰ ਦਿੱਤਾ ਗਿਆ।
ਜਿਕਰਯੋਗ ਹੈ ਕਿ ਐਸਕੇਐਮ ਆਗੂਆਂ ਨੇ ਆਪਣੇ ਵਿਰੋਧ ਨੂੰ ਤਿੱਖਾ ਕਰਦਿਆਂ 13 ਜਨਵਰੀ ਨੂੰ ਖੇਤੀਬਾੜੀ ਮੰਡੀਕਰਨ ‘ਤੇ ਰਾਸ਼ਟਰੀ ਖਰੜਾ ਨੀਤੀ ਢਾਂਚੇ ਦੀਆਂ ਕਾਪੀਆਂ ਸਾੜਨ ਅਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਦੇਸ਼ ਵਿਆਪੀ ਐਲਾਨ ਕੀਤਾ ਹੈ ਤਾਂ ਜੋ ਕੇਂਦਰ ‘ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਲਈ ਕਾਨੂੰਨੀ ਗਰੰਟੀ ਅਤੇ ਵਿਆਪਕ ਕਿਸਾਨ ਕਰਜ਼ਾ ਮੁਆਫ਼ੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਦਬਾਅ ਬਣਾਇਆ ਜਾ ਸਕੇ।