ਲੁਧਿਆਣਾ 12 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਬੀਤੇ ਸ਼ੁੱਕਰਵਾਰ ਦੇਰ ਰਾਤ ਸ਼ੱਕੀ ਹਾਲਾਤ ’ਚ ਗੋਲ਼ੀ ਲੱਗਣ ਦੀ ਵਜ੍ਹਾ ਨਾਲ ਮੌਤ ਹੋਣ ਤੋਂ ਬਾਅਦ ਪੰਜਾਬ ’ਚ ਇਕ ਹੋਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣ ਦੀ ਚਰਚਾ ਛਿੜ ਗਈ ਹੈ। ਦੱਸਣਯੋਗ ਹੈ ਕਿ ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਕਿਸੇ ਵੀ ਲੋਕਸਭਾ ਜਾਂ ਵਿਧਾਨ ਸਭਾ ਦੀ ਸੀਟ ਖਾਲੀ ਕਰਾਰ ਦਿੱਤੇ ਜਾਣ ਪਿੱਛੋਂ 6 ਮਹੀਨਿਆਂ ਦੇ ਅੰਦਰ ਜ਼ਿਮਨੀ ਚੋਣ ਕਰਵਾਉਣਾ ਜ਼ਰੂਰੀ ਹੈ। ਇਸ ਤਰ੍ਹਾਂ ਅਗਸਤ ਜਾਂ ਸਤੰਬਰ ਮਹੀਨੇ ਦੌਰਾਨ ਇਹ ਉਪ ਚੋਣ ਹੋਣ ਦੀ ਸੰਭਾਵਨਾ ਹੈ।
ਪੰਜਾਬ ’ਚ ਆਮ ਆਦਮੀ ਪਾਰਟੀ ਦੇ ਮੌਜੂਦਾ ਕਾਰਜਕਾਲ ਦੌਰਾਨ ਹੁਣ ਤੱਕ ਸੰਗਰੂਰ ਅਤੇ ਜਲੰਧਰ ’ਚ ਲੋਕਸਭਾ ਹਲਕਿਆਂ ਤੋਂ ਇਲਾਵਾ ਵਿਧਾਨ ਸਭਾ ਦੀਆਂ ਜਲੰਧਰ ਪੱਛਮੀ, ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ’ਚ ਜ਼ਿਮਨੀ ਚੋਣਾਂ ਹੋ ਚੁੱਕੀਆਂ ਹਨ। ਹੁਣ ਲੁਧਿਆਣਾ ਦੇ ਹਲਕਾ ਪੱਛਮੀ ’ਚ ਗੁਰਪ੍ਰੀਤ ਗੋਗੀ ਦੀ ਚਿਖਾ ਠੰਡੀ ਹੋਣ ਤੋਂ ਪਹਿਲਾਂ ਹੀ ਜ਼ਿਮਨੀ ਚੋਣ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।
ਦੱਸ ਦੇਈਏ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਗੁਰਪ੍ਰੀਤ ਗੋਗੀ ਨੇ ਲਗਾਤਾਰ 2 ਵਾਰ ਵਿਧਾਇਕ ਦੀ ਚੋਣ ਜਿੱਤੇ ਅਤੇ ਕੈਬਨਿਟ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਦੋਵੇਂ ਆਗੂ ਕੌਂਸਲਰ ਅਤੇ ਜ਼ਿਲਾ ਕਾਂਗਰਸ ਪ੍ਰਧਾਨਗੀ ਦੌਰਾਨ ਕਈ ਸਾਲਾਂ ਤੱਕ ਕਾਂਗਰਸ ਪਾਰਟੀ ’ਚ ਇਕੱਠੇ ਕੰਮ ਕਰਦੇ ਰਹੇ ਸਨ।
ਹੁਣ ਦੇਖਣਾ ਇਹ ਹੋਵੇਗਾ ਕਿ ਹਲਕਾ ਪੱਛਮੀ ਦੀ ਉਪ ਚੋਣ ’ਚ ਮੁੱਖ ਮੁਕਾਬਲਾ ਆਪ, ਕਾਂਗਰਸ ਅਤੇ ਭਾਜਪਾ ਉਮੀਦਵਾਰਾਂ ਵਿਚਾਲੇ ਹੀ ਹੋਵੇਗਾ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਤਾਂ ਸਮਾਂ ਆਉਣ ’ਤੇ ਹੀ ਸਾਫ਼ ਹੋਵੇਗੀ। ਉਧਰ ਵਿਜੀਲੈਂਸ ਦਾ ਕੇਸ ਖਾਰਜ ਹੋਣ ਅਤੇ ਈ.ਡੀ. ਦੇ ਕੇਸ ਕਾਰਨ ਲੰਮਾ ਸਮਾਂ ਜੇਲ ਕੱਟ ਕੇ ਆਏ ਸਾਬਕਾ ਮੰਤਰੀ ਆਸ਼ੂ ਇਕ ਵਾਰ ਫਿਰ ਜਰੂਰ ਇਸ ਹਲਕੇ ’ਤੇ ਮੁੜ ਦਾਅਵੇਦਾਰੀ ਜਤਾਉਣਗੇ। ਆਮ ਆਦਮੀ ਪਾਰਟੀ ਵੱਲੋਂ ਗੋਗੀ ਦੀ ਪਤਨੀ ਡਾਕਟਰ ਸੁਖਚੈਨ ਬੱਸੀ ਗੋਗੀ ਨੂੰ ਟਿਕਟ ਦਿਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ਨੂੰ ਹਮਦਰਦੀ ਦੀ ਵੋਟ ਮਿਲ ਸਕਦੀ ਹੈ ਪਰ ਹਾਲ ਹੀ ਵਿੱਚ ਹੋਈਆਂ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 62 ਤੋਂ ਸੁਖਚੈਨ ਗੋਗੀ ਨੂੰ ਕਾਂਗਰਸ ਦੀ ਉਮੀਦਵਾਰ ਪਰਮਿੰਦਰ ਕੌਰ ਨੇ 86 ਵੋਟਾਂ ਨਾਲ ਹਰਾ ਦਿੱਤਾ ਸੀ।
