ਸੱਤਾਧਾਰੀ ਭਾਜਪਾ ਨੂੰ ਮਿਲਿਆ ਸਭ ਤੋਂ ਵੱਧ 723.80 ਕਰੋੜ ਰੁਪਏ ਦਾ ਚੰਦਾ
ਨਵੀਂ ਦਿੱਲੀ 19 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਰਾਜਸੀ ਪਾਰਟੀਆਂ ਨੂੰ ਚੰਦਾ ਦੇਣ ਲਈ ਬਣਾਈ ਚਰਚਿਤ ਚੋਣ ਬਾਂਡ ਸਕੀਮ ਨੂੰ ਸੁਪਰੀਮ ਕੋਰਟ ਵੱਲੋਂ ਪਿਛਲੇ ਸਾਲ 15 ਫਰਵਰੀ, 2024 ਨੂੰ ਰੱਦ ਕਰਨ ਤੋਂ ਬਾਅਦ ਕਾਇਮ ਹੋਏ ‘ਚੋਣ ਟਰੱਸਟ’ ਰਾਹੀਂ ਰਾਜਨੀਤਿਕ ਪਾਰਟੀਆਂ ਨੂੰ ਪ੍ਰਮੁੱਖ ਯੋਗਦਾਨ ਪਾਉਣ ਵਾਲਾ ‘ਪ੍ਰੂਡੈਂਟ ਇਲੈਕਟੋਰਲ ਟਰੱਸਟ’ ਹੁਣ ਕਾਰਪੋਰੇਟ ਦਾਨ ਨਾਲ ਭਰ ਗਿਆ ਹੈ। ਪਿਛਲੇ ਵਿੱਤੀ ਵਰ੍ਹੇ 2023-24 ਦੌਰਾਨ ਇਸ ਚੋਣ ਟਰੱਸਟ ਵਿੱਚ 1075.7 ਕਰੋੜ ਰੁਪਏ ਦੇ ਦਾਨ ਦਾ ਤਿੰਨ-ਚੌਥਾਈ ਹਿੱਸਾ ਸਿਰਫ਼ 16 ਫਰਵਰੀ ਤੋਂ 31 ਮਾਰਚ, 2024 ਦੇ ਵਿਚਕਾਰ ਹੀ ਦਿੱਤਾ ਗਿਆ ਕਿਉਂਕਿ ਦੇਸ਼ ਵਿੱਚ ਆਮ ਲੋਕ ਸਭਾ ਚੋਣਾਂ ਅਪ੍ਰੈਲ ਤੋਂ ਹੋਣੀਆਂ ਸਨ।
ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪਿਛਲੇ ਵਿੱਤੀ ਸਾਲ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਚੋਣ ਚੰਦਾ ਵੰਡਣ ਲਈ ਪ੍ਰੂਡੈਂਟ ਟਰੱਸਟ ਪ੍ਰਾਪਤ ਦਾਨ ਲਗਭਗ ਤਿੰਨ ਗੁਣਾ ਵੱਧ ਕੇ 1075.7 ਕਰੋੜ ਰੁਪਏ ਹੋ ਗਿਆ ਸੀ ਜੋ ਸਾਲ 2022-23 ਵਿੱਚ ਸਿਰਫ 363 ਕਰੋੜ ਰੁਪਏ ਸੀ।
ਹਾਲਾਂਕਿ ਆਮ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਦਾਨ ਵਿੱਚ ਵਾਧਾ ਹੋਣਾ ਅਸਾਧਾਰਨ ਨਹੀਂ ਹੈ, ਪਰ ਦਿਲਚਸਪ ਗੱਲ ਇਹ ਹੈ ਕਿ 1 ਅਪ੍ਰੈਲ, 2023 ਅਤੇ 15 ਫਰਵਰੀ, 2024 ਦੇ ਵਿਚਕਾਰ ਸਿਰਫ 278.6 ਕਰੋੜ ਰੁਪਏ ਦਾ ਯੋਗਦਾਨ ਆਇਆ ਸੀ ਪਰ 16 ਫਰਵਰੀ, 2024 ਅਤੇ 31 ਮਾਰਚ, 2024 ਦੇ ਵਿਚਕਾਰ ਇਹ ਵਾਧਾ 797.1 ਕਰੋੜ ਰੁਪਏ ਤੱਕ ਹੋ ਗਿਆ ਸੀ।
ਸਾਲ 2023-24 ਵਿੱਚ ਪ੍ਰੂਡੈਂਟ ਟਰੱਸਟ ਵਿੱਚ ਪੈਸੇ ਦੇਣ ਵਾਲੇ ਕਾਰਪੋਰੇਟ ਦਾਨੀਆਂ ਦੀ ਗਿਣਤੀ 83 ਹੋ ਗਈ ਜੋ ਪਿਛਲੇ ਵਿੱਤੀ ਸਾਲ ਵਿੱਚ ਲਗਭਗ 22 ਸੀ। ਸੁਪਰੀਮ ਕੋਰਟ ਦੀ ਪਾਬੰਦੀ ਤੋਂ ਬਾਅਦ ਬੰਦ ਕੀਤੇ ਗਏ ਚੋਣ ਬਾਂਡ ਰੂਟ ਤੋਂ ਹਟ ਕੇ ਕਾਰਪੋਰੇਟ ਦਾਨੀਆਂ ਨੇ ਪਾਰਟੀ ਫੰਡਾਂ ਲਈ ਇੰਨਾਂ ਚੋਣ ਟਰੱਸਟਾਂ ਦਾ ਰੂਟ ਫੜ ਲਿਆ ਹੈ।
ਕਿਸ ਪਾਰਟੀ ਨੂੰ ਕਿੰਨੇ ਕਰੋੜ ਰੁਪਏ ਮਿਲੇ
ਇਸ ਚੋਣ ਟਰੱਸਟ ਰਾਹੀਂ ਸੱਤਾਧਾਰੀ ਭਾਜਪਾ ਨੂੰ ਸਭ ਤੋਂ ਵੱਧ 723.80 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ ਜਦਕਿ ਕਾਂਗਰਸ ਨੂੰ ਸਿਰਫ਼ 156.4 ਕਰੋੜ ਰੁਪਏ ਮਿਲੇ ਹਨ। ਇਸੇ ਤਰ੍ਹਾਂ ਬੀਆਰਐਸ ਨੂੰ 85 ਕਰੋੜ, ਵਾਈਆਰਐਸ ਨੂੰ 72.5 ਕਰੋੜ, ਤੇਲਗੂ ਦੇਸਮ ਪਾਰਟੀ ਨੂੰ 33 ਕਰੋੜ ਅਤੇ ਜਨ ਸੈਨਾ ਨੂੰ 5 ਕਰੋੜ ਰੁਪਏ ਦਾ ਦਾਨ ਮਿਲਿਆ ਹੈ।
ਪ੍ਰੂਡੈਂਟ ਟਰੱਸਟ ਵਿੱਚ ਚੰਦਾ ਦੇਣ ਵਾਲੇ ਮੁੱਖ ਕਾਰਪੋਰੇਟ ਘਰਾਣੇ
ਸਾਲ 2023-24 ਵਿੱਚ ਪ੍ਰੂਡੈਂਟ ਟਰੱਸਟ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਕਾਰਪੋਰੇਟਾਂ ਵਿੱਚ ਆਰਸੇਲਰ ਗਰੁੱਪ ਅਤੇ ਡੀਐਲਐਫ ਲਿਮਟਿਡ ਨੇ 100-100 ਕਰੋੜ ਰੁਪਏ ਦਿੱਤੇ ਸਨ। ਮਾਥਾ ਪ੍ਰੋਜੈਕਟਸ ਐਲਐਲਪੀ (75 ਕਰੋੜ ਰੁਪਏ), ਮਾਰੂਤੀ ਸੁਜ਼ੂਕੀ ਅਤੇ ਸੀਈਐਸਸੀ ਲਿਮਟਿਡ (ਦੋਵਾਂ ਵੱਲੋਂ 60-60 ਕਰੋੜ ਰੁਪਏ), ਹੇਟਰੋ ਗਰੁੱਪ (55 ਕਰੋੜ ਰੁਪਏ), ਟੀਵੀਐਸ ਗਰੁੱਪ ਅਤੇ ਅਪੋਲੋ ਟਾਇਰਸ (ਦੋਵਾਂ ਵੱਲੋਂ 50-50 ਕਰੋੜ ਰੁਪਏ), ਸਿਪਲਾ (35.2 ਕਰੋੜ ਰੁਪਏ) ਅਤੇ ਜੀਐਮਆਰ ਗਰੁੱਪ (26 ਕਰੋੜ ਰੁਪਏ)। ਇਸ ਤੋਂ ਇਲਾਵਾ ਦੂਜੀ ਸਭ ਤੋਂ ਵੱਡੀ ਬਾਂਡ ਖਰੀਦਦਾਰ ਕੰਪਨੀ ਮੇਘਾ ਇੰਜੀਨੀਅਰਿੰਗ ਅਤੇ ਇਨਫਰਾਸਟ੍ਰਕਚਰ ਨੇ ਪ੍ਰੂਡੈਂਟ ਨੂੰ 25 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ।
ਇਸੇ ਤਰ੍ਹਾਂ ਸਾਲ 2023-24 ਵਿੱਚ ‘ਟ੍ਰਾਇੰਫ ਚੋਣ ਟਰੱਸਟ’ ਨੂੰ ਚੋਣ ਫੰਡ ਦੇਣ ਵਾਲੇ ਮੁੱਖ ਦਾਨੀਆਂ ਵਿੱਚ ਚੋਲਾਮੰਡਲਮ ਇਨਵੈਸਟਮੈਂਟਸ (50 ਕਰੋੜ ਰੁਪਏ), ਸੀਜੀ ਪਾਵਰ (30 ਕਰੋੜ ਰੁਪਏ), ਕੋਰੋਮੰਡਲ ਇੰਟਰਨੈਸ਼ਨਲ ਲਿਮਟਿਡ (25.5 ਕਰੋੜ ਰੁਪਏ), ਟਿਊਬ ਇਨਵੈਸਟਮੈਂਟਸ (25 ਕਰੋੜ ਰੁਪਏ) ਅਤੇ ਈਆਈਡੀ ਪੈਰੀ (2 ਕਰੋੜ ਰੁਪਏ) ਸ਼ਾਮਲ ਸਨ।
ਕੀ ਹੁੰਦਾ ਹੈ ਚੋਣ ਟਰੱਸਟ
ਕੰਪਨੀ ਕਾਨੂੰਨ ਦੀ ਧਾਰਾ 25 ਤਹਿਤ ਕੋਈ ਵੀ ਕੰਪਨੀ ਰਾਜਸੀ ਪਾਰਟੀਆਂ ਨੂੰ ਚੰਦੇ ਦੇਣ ਲਈ ਚੋਣ ਟਰੱਸਟ ਕਾਇਮ ਕਰਨ ਲਈ ਮਨਜ਼ੂਰੀ ਹਾਸਲ ਕਰ ਸਕਦੀ ਹੈ। ਅਜਿਹੇ ਟਰੱਸਟ ਨੂੰ ਕੋਈ ਵੀ ਭਾਰਤੀ ਨਾਗਰਿਕ, ਫਰਮ ਜਾਂ ਐਸੋਸੀਏਸ਼ਨ ਦਾਨ ਦੇ ਸਕਦੀ ਹੈ।
ਦੱਸ ਦੇਈਏ ਰੱਦ ਕੀਤੇ ਗਏ ਚੋਣ ਬਾਂਡਾਂ ਵਿੱਚ ਦਾਨੀਆਂ ਦੇ ਨਾਮ ਉਜਾਗਰ ਨਾ ਕਰਨ ਸਬੰਧੀ ਪੇਸ਼ ਕੀਤੀ ਗੁੰਮਨਾਮੀ ਦੇ ਉਲਟ, ਅਜਿਹੇ ਚੋਣ ਟਰੱਸਟਾਂ ਨੂੰ ਦਾਨੀਆਂ ਦੇ ਨਾਮ ਦੇ ਨਾਲ-ਨਾਲ ਹਰੇਕ ਫਰਮ ਵੱਲੋਂ ਦਿੱਤੇ ਵਿਅਕਤੀਗਤ ਯੋਗਦਾਨ ਦਾ ਐਲਾਨ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਟਰੱਸਟ ਨੂੰ ਪਾਰਟੀ ਦਾ ਨਾਮ ਦੱਸਦੇ ਹੋਏ ਰਾਜਨੀਤਿਕ ਪਾਰਟੀਆਂ ਨੂੰ ਵੰਡੇ ਗਏ ਹਰੇਕ ਚੋਣ ਫੰਡ ਨੂੰ ਜਨਤਕ ਕਰਨਾ ਹੁੰਦਾ ਹੈ। ਹਾਲਾਂਕਿ, ਇਸ ਰਿਪੋਰਟ ਵਿੱਚ ਇਹ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਕਿਸ ਕਾਰਪੋਰੇਟ ਨੇ ਇੱਕ ਪਾਰਟੀ ਨੂੰ ਕਿੰਨਾ ਯੋਗਦਾਨ ਦਿੱਤਾ ਹੈ।