ਤਲਵੰਡੀ ਸਾਬੋ, 8 ਮਈ 2024 (ਫ਼ਤਿਹ ਪੰਜਾਬ)- ਬਠਿੰਡਾ ‘ਚ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵੱਡਾ ਝਟਕਾ ਲੱਗਿਆ ਹੈ ਜਦੋਂ ਬੀਤੇ ਕੱਲ੍ਹ ਭਾਜਪਾ ਦੇ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਵਾਲੇ ਹਲਕਾ ਤਲਵੰਡੀ ਸਾਬੋ ਦੇ ਨੌਜਵਾਨ ਆਗੂ ਰਵੀਪ੍ਰੀਤ ਸਿੰਘ ਸਿੱਧੂ ਅੱਜ ਆਪਣੀ ਰਿਹਾਇਸ਼ ਵਿਖੇ ਸਮਰਥਕਾਂ ਦੇ ਵੱਡੇ ਇਕੱਠ ਸਮੇਤ ਮੁੜ੍ਹ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਵੀਪ੍ਰੀਤ ਸਿੰਘ ਨੇ ਤਲਵੰਡੀ ਸਾਬੋ ਹਲਕੇ ਤੋਂ ਬੀਜੇਪੀ ਦੀ ਟਿਕਟ ਤੇ ਚੋਣ ਲੜੀ ਸੀ ਪਰ ਜਿੱਤ ਨਹੀਂ ਸਕਿਆ। ਭਾਜਪਾ ਵਿੱਚ ਜਾਣ ਤੋਂ ਪਹਿਲਾਂ ਰਵੀ ਸਿੱਧੂ ਯੂਥ ਅਕਾਲੀ ਦਲ ਦਾ ਸੀਨੀਅਰ ਆਗੂ ਸੀ ਅਤੇ ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਰੀਬੀ ਸੀ।
ਉਨ੍ਹਾਂ ਨੂੰ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਪਾਰਟੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਵਿਸੇਸ਼ ਤੌਰ ਤੇ ਪੁੱਜੇ ਬਿਕਰਮ ਸਿੰਘ ਮਜੀਠੀਆ ਨੇ ਸਿਰੋਪਾਓ ਦੇ ਕੇ ਪਾਰਟੀ ‘ਚ ਸ਼ਾਮਿਲ ਕਰਦਿਆਂ ਹਲਕਾ ਤਲਵੰਡੀ ਸਾਬੋ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਵਾਸਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ। ਯਾਦ ਰਹੇ ਕਿ ਹਲਕਾ ਤਲਵੰਡੀ ਸਾਬੋ ਤੋਂ ਪਹਿਲਾਂ ਹਲਕਾ ਇਨਚਾਰਜ ਰਹੇ ਜੀਤਮਹਿੰਦਰ ਸਿੰਘ ਸਿੱਧੂ ਕੁੱਝ ਸਮਾਂ ਪਹਿਲਾਂ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ ਕਾਂਗਰਸ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਉਮੀਦਵਾਰ ਬਣਾਇਆ ਹੈ। ਇਸ ਤਰਾਂ ਹੁਣ ਹਲਕਾ ਤਲਵੰਡੀ ਸਾਬੋ ਵਿਖੇ ਅਕਾਲੀ ਦਲ ਦਾ ਕੋਈ ਇੰਚਾਰਜ ਨਹੀਂ ਸੀ। ਸੰਭਾਵਨਾ ਹੈ ਕਿ ਅਕਾਲੀ ਦਲ ਵੱਲੋਂ ਰਵੀ ਸਿੱਧੂ ਨੂੰ ਹਲਕਾ ਇੰਚਾਰਜ ਲਾਇਆ ਜਾ ਸਕਦਾ ਹੈ।