ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ‘ਤੇ ਜਥੇਦਾਰ ਦੀ ‘ਚੁੱਪ’ ਹੈਰਾਨੀਜਨਕ : ਵਡਾਲਾ

ਚੰਡੀਗੜ੍ਹ 22 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਆਗੂ ਅਤੇ ਸੁਧਾਰ ਲਹਿਰ ਦੇ ਮੁਖੀ ਰਹੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪਾਰਟੀ ਦੇ ਅਸੰਤੁਸ਼ਟ ਆਗੂ ਅਤੇ ਸੁਧਾਰ ਲਹਿਰ ਨਾਲ ਜੁੜੇ ਨੇਤਾ ਜਲਦੀ ਹੀ ਇੱਕ ਵੱਖਰਾ ਅਕਾਲੀ ਦਲ ਬਣਾਉਣ ਸਬੰਧੀ ਚਰਚਾ ਕਰਨ ਲਈ ਇਕੱਠੇ ਹੋਣਗੇ ਕਿਉਂਕਿ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ “ਅਵੱਗਿਆ” ਕਰਨ ਤੋਂ ਬਾਅਦ ਆਪਣੀ ਵੱਖਰੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 

ਉਨ੍ਹਾਂ ਨੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਅਤੇ ਮੈਂਬਰਸ਼ਿਪ ਸ਼ੁਰੂ ਕਰਨ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੁਖੀ ਹਰਜਿੰਦਰ ਸਿੰਘ ਧਾਮੀ ਵੱਲੋਂ “ਚੁੱਪ” ਧਾਰਨ ‘ਤੇ ਵੀ ਹੈਰਾਨੀ ਪ੍ਰਗਟ ਕੀਤੀ ਹੈ।

ਵਡਾਲਾ ਨੇ ਕਿਹਾ ਇਸ ਮਾਮਲੇ ਉੱਪਰ ਉਨ੍ਹਾਂ ਨਾਲ ਹੋਈਆਂ ਸਾਡੀਆਂ ਮੀਟਿੰਗਾਂ ਦੌਰਾਨ ਦੋਵੇਂ ਇਸ ਦਲੀਲ ਨਾਲ ਸਹਿਮਤ ਸਨ ਕਿ ਸਿਰਫ਼ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਨੂੰ ਮੈਂਬਰਸ਼ਿਪ ਮੁਹਿੰਮ ਚਲਾਉਣ ਅਤੇ ਪਾਰਟੀ ਦੇ ਪੁਨਰਗਠਨ ਦੀ ਨਿਗਰਾਨੀ ਕਰਨ ਦਾ ਅਧਿਕਾਰ ਹੈ।

ਬਾਗੀ ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਬਣਾਈ ‘ਅਕਾਲੀ ਦਲ ਸੁਧਾਰ ਲਹਿਰ’ ਨੂੰ ਉਨ੍ਹਾਂ ਨੇ ਅਕਾਲ ਤਖ਼ਤ ਦੇ ਆਦੇਸ਼ ਉਪਰੰਤ ਭੰਗ ਕਰ ਦਿੱਤਾ ਸੀ ਕਿਉਂਕਿ ਅਕਾਲ ਤਖ਼ਤ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਅਕਾਲੀ ਧੜੇ ਆਪਣੇ ਮਤਭੇਦਾਂ ਨੂੰ ਤਿਆਗ ਕੇ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਇੱਕ ਛੱਤਰੀ ਹੇਠ ਇਕੱਠੇ ਹੋਣ।

ਅਗਲਾ ਕਦਮ ਅਕਾਲ ਤਖ਼ਤ ਦੇ ਮਾਰਗਦਰਸ਼ਨ ਹੇਠ ਹੋਵੇਗਾ

ਵਡਾਲਾ ਨੇ ਦੱਸਿਆ ਕਿ ਸੱਤ ਮੈਂਬਰੀ ਕਮੇਟੀ ਅਤੇ ਮੈਂਬਰਸ਼ਿਪ ਸਬੰਧੀ ਦੂਜੀ ਧਿਰ (ਅਕਾਲੀ ਦਲ) ਨੇ ਸਕਾਰਾਤਮਕ ਜਵਾਬ ਨਹੀਂ ਦਿੱਤਾ। ਜੇਕਰ ਅਕਾਲੀ ਲੀਡਰਸ਼ਿਪ ਆਪਣੀਆਂ ਇੱਛਾਵਾਂ ਅਤੇ ਮਨਮਾਨੀਆਂ ਮੁਤਾਬਕ ਅੱਗੇ ਵਧਦੀ ਰਹੀ ਤਾਂ ਅਸੀਂ ਵੀ ਇੱਕ ਵੱਖਰਾ ਰਸਤਾ ਅਪਣਾਉਣ ਬਾਰੇ ਸੋਚ ਸਕਦੇ ਹਾਂ। ਉਨਾਂ ਖੁਲਾਸਾ ਕੀਤਾ ਕਿ ਸਮਾਨ ਸੋਚ ਵਾਲੇ ਤੇ ਪੰਥ ਦਾ ਭਲਾ ਚਾਹੁਣ ਵਾਲੇ ਅਕਾਲੀ ਆਗੂ ਅਗਲੀ ਕਾਰਵਾਈ ਦਾ ਫੈਸਲਾ ਕਰਨ ਲਈ ਅਕਾਲ ਤਖ਼ਤ ਦੇ ਮਾਰਗਦਰਸ਼ਨ ਹੇਠ ਜਲਦੀ ਹੀ ਇਕੱਠੇ ਹੋਣਗੇ।

ਦੱਸ ਦੇਈਏ ਕਿ ਬਾਗੀ ਅਕਾਲੀ ਆਗੂਆਂ ਵੱਲੋਂ ਨਵੀਂ ਪਾਰਟੀ ਬਣਾਉਣ ਸਬੰਧੀ ਇਹ ਟਿੱਪਣੀਆਂ ਅਕਾਲੀ ਦਲ ਵੱਲੋਂ 50 ਲੱਖ ਮੈਂਬਰ ਭਰਤੀ ਕਰਨ ਲਈ ਮਹੀਨਾ ਭਰ ਚੱਲਣ ਵਾਲੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਆਈਆਂ ਹਨ।

ਫਤਿਹ ਪੰਜਾਬ ਵੱਲੋਂ ਕੀਤੇ ਖੁਲਾਸੇ ਸਹੀ ਸਾਬਤ ਹੋਏ – ਪੜ੍ਹੋ ਪੂਰੀ ਖਬਰ

error: Content is protected !!
Skip to content