ਭੋਪਾਲ, 26 ਜਨਵਰੀ, 2025 (ਫਤਿਹ ਪੰਜਾਬ ਬਿਊਰੋ): ਮੱਧ ਪ੍ਰਦੇਸ਼ ਨੂੰ ਸ਼ਰਾਬ ਮੁਕਤ ਰਾਜ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁਕਦਿਆਂ ਮੱਧ ਪ੍ਰਦੇਸ਼ ਦੀ ਸੱਤਾਧਾਰੀ ਭਾਜਪਾ ਸਰਕਾਰ ਨੇ ਪਹਿਲੀ ਅਪ੍ਰੈਲ ਤੋਂ ਉਜੈਨ, ਓਰਛਾ, ਚਿੱਤਰਕੂਟ ਅਤੇ ਮਹੇਸ਼ਵਰ ਸਮੇਤ 17 ਧਾਰਮਿਕ ਸ਼ਹਿਰਾਂ ਅਤੇ ਸਥਾਨਾਂ ਉਪਰ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ।
ਮਰਾਠਾ ਸ਼ਾਸਕ ਦੇਵੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਯੰਤੀ ਮਨਾਉਣ ਲਈ ਮਹੇਸ਼ਵਰ ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਭਾਜਪਾ ਸਰਕਾਰ ਇਹ ਫੈਸਲਾ ਲਿਆ ਹੈ ਜਿਸ ਨੇ ਹੋਲਕਰ ਰਾਜਵੰਸ਼ ਦੀ ਰਾਜਧਾਨੀ ਮਹੇਸ਼ਵਰ ਨੂੰ ਇਸ ਇਤਿਹਾਸਕ ਐਲਾਨ ਲਈ ਸਥਾਨ ਵਜੋਂ ਚੁਣਿਆ ਸੀ।
ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ, “ਇਹ ਰਾਜ ਵਿੱਚ ਸ਼ਰਾਬ ਪੀਣ ਨੂੰ ਬੰਦ ਕਰਨ ਲਈ ਪਹਿਲਾ ਕਦਮ ਹੈ। 17 ਪਵਿੱਤਰ ਸ਼ਹਿਰਾਂ ਵਿੱਚ ਸ਼ਰਾਬ ਦੇ ਠੇਕੇ ਪੂਰੀ ਤਰਾਂ ਬੰਦ ਕਰ ਦਿੱਤੇ ਜਾਣਗੇ ਅਤੇ ਇਨ੍ਹਾਂ ਠੇਕਿਆਂ ਨੂੰ ਹੋਰ ਥਾਵਾਂ ‘ਤੇ ਨਹੀਂ ਬਦਲਿਆ ਜਾਵੇਗਾ। ਮੇਰਾ ਜੱਦੀ ਸ਼ਹਿਰ ਉਜੈਨ ਨਗਰ ਨਿਗਮ ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਸ਼ਰਾਬ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।”
ਪਾਬੰਦੀ ਦੇ ਹਿੱਸੇ ਵਜੋਂ 47 ਸ਼ਰਾਬ ਦੀਆਂ ਦੁਕਾਨਾਂ ਸਥਾਈ ਤੌਰ ‘ਤੇ ਬੰਦ ਕਰ ਦਿੱਤੀਆਂ ਜਾਣਗੀਆਂ ਜਿਨ੍ਹਾਂ ਵਿੱਚ 17 ਥਾਵਾਂ ‘ਤੇ ਇੱਕ ਨਗਰ ਨਿਗਮ, ਛੇ ਨਗਰ ਪਾਲਿਕਾਵਾਂ, ਛੇ ਨਗਰ ਪ੍ਰੀਸ਼ਦਾਂ ਅਤੇ ਛੇ ਗ੍ਰਾਮ ਪੰਚਾਇਤਾਂ ਸ਼ਾਮਲ ਹਨ।
ਇੰਨਾਂ ਖੇਤਰਾਂ ਵਿੱਚ ਨਗਰ ਨਿਗਮ ਉਜੈਨ, ਨਗਰ ਪਾਲਿਕਾਵਾਂ ਵਿੱਚ ਦਤੀਆ, ਪੰਨਾ, ਮੰਡਲਾ, ਮੁਲਤਾਈ, ਮੰਦਸੌਰ, ਮਾਈਹਰ, ਨਗਰ ਕੌਂਸਲਾਂ ਵਿੱਚ ਓਂਕਾਰੇਸ਼ਵਰ, ਮਹੇਸ਼ਵਰ, ਓਰਛਾ, ਚਿੱਤਰਕੂਟ, ਅਮਰਕੰਟਕ
ਅਤੇ ਗ੍ਰਾਮ ਪੰਚਾਇਤਾਂ ਵਿੱਚ ਸਲਕਾਨਪੁਰ, ਬਰਮਨ ਕਲਾ, ਲਿੰਗਾ, ਕੁੰਡਲਪੁਰ, ਬੰਦਕਪੁਰ, ਬਰਮਨਖੁਰਦ ਸ਼ਾਮਲ ਹਨ। ਇਸ ਤੋਂ ਇਲਾਵਾ ਨਰਮਦਾ ਨਦੀ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਸ਼ਰਾਬ ਦੀ ਪਾਬੰਦੀ ਲਾਗੂ ਰਹੇਗੀ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਿੱਤੀ ਚਿੰਤਾ ਨਾਲੋਂ ਸਰਕਾਰ ਸੱਭਿਆਚਾਰਕ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਤਰਜੀਹ ਦਿੰਦੀ ਹੈ। ਉਜੈਨ ਵਿੱਚ ਜਿੱਥੇ ਭੈਰੋ ਬਾਬਾ ਮੰਦਰ ਵਿੱਚ ਸ਼ਰਾਬ ਚੜ੍ਹਾਈ ਜਾਂਦੀ ਸੀ ਹੁਣ ਸੀਮਤ ਮਾਤਰਾ ਵਿੱਚ ਪ੍ਰਸ਼ਾਦ ਵਜੋਂ ਸ਼ਰਾਬ ਪ੍ਰਦਾਨ ਕੀਤੀ ਜਾਵੇਗੀ।
ਇਸੇ ਦੌਰਾਨ ਰਾਜ ਦੇ ਆਬਕਾਰੀ ਵਿਭਾਗ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਅਗਲੇ ਵਿੱਤੀ ਸਾਲ ਵਿੱਚ ₹450 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਣ ਦੀ ਉਮੀਦ ਹੈ।
ਸ਼ਰਾਬ ਤੇ ਪਾਬੰਦੀਆਂ ਵਾਲੇ ਸੂਬੇ
ਇਸ ਮੌਕੇ ਭਾਰਤ ਵਿੱਚ 4 ਰਾਜਾਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਜਿਸ ਵਿੱਚ ਬਿਹਾਰ, ਗੁਜਰਾਤ, ਮਿਜ਼ੋਰਮ, ਨਾਗਾਲੈਂਡ ਅਤੇ ਲਕਸ਼ਦੀਪ ਸ਼ਾਮਲ ਹਨ ਜਿੱਥੇ ਸ਼ਰਾਬ ‘ਤੇ ਪੂਰਨ ਪਾਬੰਦੀ ਹੈ। ਹਰਿਆਣਾ ਨੇ ਵੀ ਪਹਿਲਾਂ ਪਾਬੰਦੀ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਗੈਰ-ਕਾਨੂੰਨੀ ਸ਼ਰਾਬ ਕੱਢਣ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਕੰਟਰੋਲ ਕਰਨ ਵਿੱਚ ਅਸਮਰੱਥਾ ਕਾਰਨ ਇਸ ਨੀਤੀ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ।
ਉਧਰ ਪੰਜਾਬ ਵਿੱਚ ਵੀ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਸਾਰੇ ਤਖਤ ਸਾਹਿਬਾਨ ਨੂੰ ਪਵਿੱਤਰ ਸ਼ਹਿਰ ਐਲਾਨਣ ਦੀ ਮੰਗ ਕਰਦਿਆਂ ਇਨ੍ਹਾਂ ਸ਼ਹਿਰਾਂ ਵਿੱਚ ਸ਼ਰਾਬ, ਤੰਬਾਕੂ ਅਤੇ ਬੀੜੀ ਸਿਗਰਟ ਆਦਿ ਦੀ ਵਿਕਰੀ ਤੇ ਵਰਤੋਂ ਉੱਪਰ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਭਾਰਤ ਵਿੱਚ, ਸ਼ਰਾਬਬੰਦੀ ਦੀਆਂ ਕੋਸ਼ਿਸ਼ਾਂ ਸਿੱਖ ਗੁਰੂ ਸਾਹਿਬਾਨ ਅਤੇ ਮਹਾਤਮਾ ਗਾਂਧੀ ਦੀ ਸੋਚ ਤੋਂ ਪ੍ਰਭਾਵਿਤ ਹੋਈਆਂ ਹਨ ਜੋ ਸ਼ਰਾਬ ਦੀ ਖਪਤ ਨੂੰ ਬੁਰਾਈ ਨਾਲੋਂ ਇੱਕ ਬਿਮਾਰੀ ਵਜੋਂ ਵਧੇਰੇ ਦੇਖਦੇ ਸਨ।