ਚੰਡੀਗੜ੍ਹ, 26 ਜਨਵਰੀ 2025 (ਫ਼ਤਿਹ ਪੰਜਾਬ ਬਿਊਰੋ) ਪੰਜ ਸਿੰਘ ਸਾਹਿਬਾਨ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੇ 28 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਹੋ ਗਈ ਹੈ ਅਤੇ ਉਸ ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਹੋਣੇ ਸਨ। ਇਹ ਜਾਣਕਾਰੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁਅੱਤਲ ਚੱਲ ਰਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਾਈਵ ਹੋ ਕੇ ਦਿੱਤੀ ਹੈ।
ਉਨ੍ਹਾਂ ਨੇ ਵੀਡੀਓ ਵਿੱਚ ਕਿਹਾ ਕਿ ਹੁਣ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਉਨਾਂ ਖਿਲਾਫ਼ ਫ਼ੈਸਲਾ ਲੈ ਕੇ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਹੀ ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਉਸਦੇ ਖਿਲਾਫ਼ ਬਣਾਈ ਤਿੰਨ ਮੈਂਬਰੀ ਕਮੇਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਾ ਕੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕੁੱਝ ਮੁਲਾਜ਼ਮਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਲਿਖ ਕੇ ਦਿਓ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਮਰਿਆਦਾ ਦੀ ਉਲੰਘਣਾ ਕੀਤੀ ਹੈ, ਪਰ ਕਿਸੇ ਨੇ ਵੀ ਮੇਰੇ ਖਿਲਾਫ਼ ਕੁੱਝ ਵੀ ਨਹੀਂ ਲਿਖ ਕੇ ਦਿੱਤਾ।
ਜਥੇਦਾਰ ਨੇ ਵੀਡੀਓ ਵਿੱਚ ਕਿਹਾ “ਜਲਦੀ ਕਰੋ ਮੇਰੇ ਤੇ ਦੋਸ਼ ਲਾਓ ਅਤੇ ਮੈਨੂੰ ਬਾਹਰ ਕੱਢੋ, ਮੇਰੀਆਂ ਸੇਵਾਵਾਂ ਖ਼ਤਮ ਕਰੋ ਅਤੇ ਫਿਰ ਉਸ ਤੋਂ ਬਾਅਦ ਮੈਂ ਦੇਖਾਂਗਾ। ਫਿਰ ਪੰਥ ਦੇ ਸਹਿਯੋਗ ਨਾਲ, ਮੈਂ ਆਪਣੀ ਕੌਮ ਦੇ ਸਹਿਯੋਗ ਨਾਲ, ਜਿਹੜੇ ਮੇਰੇ ਖਿਲਾਫ਼ ਨੈਰੇਟਿਵ ਸਿਰਜ ਰਹੇ ਹਨ, ਉਨ੍ਹਾਂ ਨੂੰ ਜਵਾਬ ਦੇਣ ਦਾ ਯਤਨ ਕਰਾਂਗਾ।