ਚੰਡੀਗੜ੍ਹ, 28 ਜਨਵਰੀ, 2025 (ਫਤਿਹ ਪੰਜਾਬ ਬਿਊਰੋ) ਹਰਿਆਣਾ ਵਿੱਚ ਨਗਰ ਕੌਂਸਲ ਚੋਣਾਂ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਹਫ਼ਤਾ ਪਹਿਲਾਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਨੇ 30 ਦਿਨਾਂ ਦੀ ਪੈਰੋਲ ਦਿੱਤੀ ਹੈ। ਇਹ ਉਸਨੂੰ 12ਵੀਂ ਵਾਰ ਪੈਰੋਲ ਮਿਲੀ ਹੈ। ਅੱਜ ਮੰਗਲਵਾਰ 28 ਜਨਵਰੀ ਨੂੰ ਸਵੇਰੇ 6 ਵਜੇ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਵਾਨਾ ਹੋਇਆ।
ਜਿਕਰਯੋਗ ਹੈ ਕਿ ਰਾਮ ਰਹੀਮ ਡੇਰੇ ਵਿੱਚ ਰਹਿੰਦੀਆਂ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ‘ਚ ਸਾਲ 2017 ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 20 ਸਾਲਾਂ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਇਲਾਵਾ ਡੇਰਾ ਮੁਖੀ ਸਮੇਤ ਤਿੰਨ ਹੋਰਾਂ ਨੂੰ ਵੀ ਸਾਲ 2019 ਵਿੱਚ 16 ਸਾਲ ਪਹਿਲਾਂ ਇੱਕ ਪੱਤਰਕਾਰ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਹੈ।
ਹੁਣ ਉਹ 12ਵੀਂ ਵਾਰ ਜੇਲ ਤੋਂ ਬਾਹਰ ਆਇਆ ਹੈ। ਇਸ ਤੋਂ ਪਹਿਲਾਂ ਉਹ 11 ਵਾਰ ਪੈਰੋਲ ਮਿਲਣ ਮਗਰੋਂ ਉੱਤਰ ਪ੍ਰਦੇਸ਼ ਦੇ ਬਰਨਾਵਾ ਸਥਿਤ ਆਪਣੇ ਆਸ਼ਰਮ ‘ਚ ਰਹਿੰਦਾ ਰਿਹਾ ਹੈ। ਇਸ ਵਾਰ ਉਸ ਨੂੰ ਆਪਣੇ ਹੈਡਕੁਆਟਰ ਸਿਰਸਾ ਦੇ ਡੇਰੇ ਵਿੱਚ ਹੀ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਸੱਤ ਸਾਲਾਂ ਬਾਅਦ ਸਿਰਸੇ ਪੁੱਜਾ ਹੈ। ਇੱਥੇ ਪਹੁੰਚਣ ਤੇ ਉਸ ਨੇ ਆਪਣੇ ਸੰਦੇਸ਼ ਵਿੱਚ ਡੇਰਾ ਪ੍ਰੇਮੀਆਂ ਨੂੰ ਕਿਹਾ ਹੈ ਕਿ ਉਹ ਸਿਰਸਾ ਡੇਰੇ ਵਿੱਚ ਨਾ ਪਹੁੰਚਣ ਸਗੋਂ ਘਰਾਂ ਵਿੱਚ ਰਹਿ ਕੇ ਹੀ ਨਾਮ ਜਪਣ ਤੇ ਆਪਣੀ ਕਿਰਤ ਕਰਨ।
ਦਿੱਲੀ ‘ਚ ਇਸ ਸਮੇਂ ਚੋਣ ਪ੍ਰਚਾਰ ਖੂਬ ਚੱਲ ਰਿਹਾ ਹੈ ਅਤੇ 5 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ ਅਤੇ ਨਤੀਜਾ 8 ਫਰਵਰੀ ਨੂੰ ਆਵੇਗਾ। ਇਸ ਤੋਂ ਬਾਅਦ ਮਾਰਚ ਦੇ ਪਹਿਲੇ ਹਫ਼ਤੇ ਹਰਿਆਣਾ ਵਿੱਚ 8 ਨਗਰ ਨਿਗਮਾਂ ਅਤੇ 32 ਕੌਂਸਲਾਂ ਦੀਆਂ ਚੋਣਾਂ ਕਰਵਾਏ ਜਾਣ ਦੀਆਂ ਤਿਆਰੀਆਂ ਹਨ।
ਰਾਮ ਰਹੀਮ ਪਿਛਲੇ ਸਾਲ ਅਕਤੂਬਰ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ 20 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਸੀ। ਡੇਰਾ ਮੁਖੀ ਦੀਆਂ ਪੈਰੋਲਾਂ ਅਤੇ ਫਰਲੋ ਅਕਸਰ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਚੋਣਾਂ ਦੇ ਨਾਲ ਮੇਲ ਖਾਂਦੀਆਂ ਹਨ ਜਿੱਥੇ ਉਸਦੇ ਡੇਰਾ ਪ੍ਰੇਮੀ ਮੌਜੂਦ ਹਨ।
