ਚੰਡੀਗੜ੍ਹ 29 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ Haryana Sikh Gurdwara Management Committee (HSGMC) ਦੀ ਪ੍ਰਧਾਨਗੀ ਲਈ ਬਹੁਮਤ ਪ੍ਰਾਪਤ ਕਰਨ ਖਾਤਰ ਸਿੱਖ ਗਰੁੱਪਾਂ ਵਿੱਚ ਚੱਲ ਰਹੀ ਜੋੜ-ਤੋੜ ਦੇ ਵਿਚਕਾਰ ਜੇਤੂ ਰਹੇ 22 ਆਜ਼ਾਦ ਉਮੀਦਵਾਰਾਂ ਵਿੱਚੋਂ 18 ਨੇ ਅਕਾਲ ਪੰਥਕ ਮੋਰਚਾ ਬਣਾਉਣ ਦਾ ਐਲਾਨ ਕੀਤਾ ਹੈ।
ਬੀਤੇ ਦਿਨ ਕੈਥਲ ਵਿੱਚ ਇੱਕ ਮੀਟਿੰਗ ਉਪਰੰਤ ਇਸ ਮੋਰਚੇ ਨੇ ਦੀਦਾਰ ਸਿੰਘ ਨਲਵੀ ਦੀ ਅਗਵਾਈ ਵਾਲੀ ਸਿੱਖ ਸਮਾਜ ਸੰਸਥਾ ਦੇ ਇੱਕ ਚੁਣੇ ਹੋਏ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਰਿਆਣਾ ਸਿੱਖ ਪੰਥਕ ਦਲ ਦੇ ਛੇ ਚੁਣੇ ਹੋਏ ਮੈਂਬਰਾਂ ਦੇ “ਬਾਹਰੀ ਸਮਰਥਨ” ਦਾ ਵੀ ਦਾਅਵਾ ਕੀਤਾ ਹੈ।
ਜਿਕਰਯੋਗ ਹੈ ਕਿ 19 ਜਨਵਰੀ ਨੂੰ ਹੋਈਆਂ HSGMC ਦੀਆਂ ਚੋਣਾਂ ਵਿੱਚ ਕਿਸੇ ਵੀ ਗਰੁੱਪ ਨੂੰ ਬਹੁਮਤ ਨਹੀਂ ਮਿਲਿਆ ਕਿਉਂਕਿ 40 ਮੈਂਬਰੀ ਕਮੇਟੀ ਵਿੱਚ ਜੇਤੂ ਰਹੇ ਜ਼ਿਆਦਾਤਰ ਮੈਂਬਰ ਆਜ਼ਾਦ ਹਨ।
ਕਮਿਸ਼ਨਰ ਗੁਰਦੁਆਰਾ ਚੋਣਾਂ ਹਰਿਆਣਾ ਦੇ ਦਫ਼ਤਰ ਦੁਆਰਾ ਇੱਕ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਝੀਂਡਾ ਗਰੁੱਪ ਤੋਂ ਵੱਧ ਤੋਂ ਵੱਧ 9 ਮੈਂਬਰ, ਹਰਿਆਣਾ ਪੰਥਕ ਦਲ ਦੇ ਛੇ ਅਤੇ ਸਿੱਖ ਸਮਾਜ ਸੰਸਥਾ ਦੇ ਸਿਰਫ ਤਿੰਨ ਮੈਂਬਰ ਚੁਣੇ ਗਏ।
ਹਰਿਆਣਾ ਪੰਥਕ ਦਲ ਦੇ ਆਗੂ ਬਲਦੇਵ ਸਿੰਘ ਕਾਇਮਪੁਰੀ ਨੇ ਵੀ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ, “ਇਹ ਫੈਸਲਾ ਸਾਡੇ ਗਰੁੱਪ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਲਿਆ ਹੈ ਅਤੇ ਅਜਾਦ ਉਮੀਦਵਾਰਾਂ ਵਿੱਚੋਂ ਜ਼ਿਆਦਾਤਰ ਪੰਥਕ ਦਲ ਦੇ ਸਮਰਥਨ ਨਾਲ ਜਿੱਤੇ ਹਨ ਪਰ ਹੁਣ ਉਨ੍ਹਾਂ ਨੇ ਆਪਣਾ ਮੋਰਚਾ ਬਣਾਇਆ ਹੈ ਅਤੇ ਉਸਨੂੰ ਆਪਣਾ ਸਮਰਥਨ ਦਿੱਤਾ ਹੈ।”
ਟੋਹਾਣਾ ਤੋਂ ਆਜ਼ਾਦ ਮੈਂਬਰ ਅਤੇ ਬਿਨਾਂ ਮੁਕਾਬਲਾ ਚੁਣੀ ਗਈ ਇਕਲੌਤੀ ਅਮਨਪ੍ਰੀਤ ਕੌਰ ਨੇ ਕਿਹਾ ਕਿ 18 ਆਜ਼ਾਦ ਉਮੀਦਵਾਰਾਂ ਨੇ 26 ਜਨਵਰੀ ਨੂੰ ਦੀ ਪਿਛਲੀ ਮੀਟਿੰਗ ਵਿੱਚ ਅਕਾਲ ਪੰਥਕ ਮੋਰਚਾ ਬਣਾਇਆ ਸੀ ਅਤੇ ਸਮੂਹ ਗਰੁੱਪਾਂ ਨੂੰ ਇਸ ਮੋਰਚੇ ਨਾਲ ਜੁੜਨ ਦੀ ਅਪੀਲ ਕੀਤੀ ਸੀ। ਇਸ ਮੋਰਚੇ ਦੇ ਗਠਨ ਤੋਂ ਬਾਅਦ ਸਿੱਖ ਸਮਾਜ ਸੰਸਥਾ ਦੇ ਮੈਂਬਰ ਰੁਪਿੰਦਰ ਸਿੰਘ ਪੰਜੋਖਰਾ ਸਾਡੇ ਨਾਲ ਜੁੜ ਗਏ ਅਤੇ ਪੰਥਕ ਦਲ ਦੇ ਛੇ ਮੈਂਬਰਾਂ ਨੇ ਵੀ ਬਾਹਰੀ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਉੱਨਾਂ ਦੱਸਿਆ ਕਿ ਹੁਣ ਸਾਡੇ ਕੋਲ 40 ਮੈਂਬਰੀ ਕਮੇਟੀ ਵਿੱਚ ਬਹੁਮਤ ਹੈ।