ਅੰਮ੍ਰਿਤਸਰ, 31 ਜਨਵਰੀ 2025 (ਫਤਹਿ ਪੰਜਾਬ ਬਿਊਰੋ) ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਮੰਗ ਕਰਦੇ ਹੋਏ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਇਸ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਅਕਾਲ ਤਖ਼ਤ ਵੱਲੋਂ ਹੁਕਮਨਾਮਾ ਜਾਰੀ ਹੋਏ ਲਗਭਗ ਦੋ ਮਹੀਨੇ ਬੀਤ ਚੁੱਕੇ ਹਨ ਪਰ ਉਹਨਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਇਸ ਦੀ ਬਜਾਏ ਉਹਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉੱਨਾਂ ਕਿਹਾ “ਅਸੀਂ 1 ਮਾਰਚ ਤੱਕ ਇੰਨਾ ਹੁਕਮਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਦੀ ਉਡੀਕ ਕਰਾਂਗੇ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਅਸੀਂ ਅਕਾਲ ਤਖ਼ਤ ਨੇੜੇ ਧਰਨਾ ਦੇਵਾਂਗੇ।” ਡਿਬਡਿਬਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਸ ਕਾਰਜ ਵਿੱਚ ਹਮਾਇਤ ਲੈਣ ਲਈ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਸਮੇਤ ਹੋਰ ਰਾਜਾਂ ਦੇ ਸਿੱਖ ਨੇਤਾਵਾਂ ਨਾਲ ਮੀਟਿੰਗ ਕਰ ਲਈ ਹੈ।
ਹਰਦੀਪ ਸਿੰਘ ਨੇ ਸਵਾਲ ਉਠਾਇਆ ਕਿ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਲਗਾਤਾਰ ਸੱਤ-ਮੈਂਬਰੀ ਕਮੇਟੀ ਦੀ ਮੌਜੂਦਗੀ ਦੀ ਗੱਲ ਕਰਦੇ ਰਹੇ ਹਨ ਪਰ ਹੁਣ ਵਿਦੇਸ਼ ਕਿਉਂ ਚਲੇ ਗਏ ਹਨ, ਜਿਸ ਨਾਲ ਅਕਾਲ ਤਖ਼ਤ ਦੇ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਨੂੰ ਹੋਰ ਛੂਟ ਮਿਲ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਰੀ ਸਿਰਫ਼ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦਾ ਵਿਰੋਧ ਕਰਨ ਵਾਲੀਆਂ ਆਵਾਜ਼ਾਂ ਨੂੰ ਕਮਜ਼ੋਰ ਕਰੇਗੀ।
ਉਧਰ ਹਿਮਾਚਲ ਪ੍ਰਦੇਸ਼ ਦੇ ਚੰਬਾ ਸਥਿਤ ਗੁਰਦੁਆਰਾ ਗੁਰੂ ਅਰਜਨ ਦੇਵ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਕੋਈ ਵੀ ਸਿੱਖ ਅਕਾਲ ਤਖ਼ਤ ਦੇ ਨਿਰਦੇਸ਼ਾਂ ਦੀ ਉਲੰਘਣਾ ਬਾਰੇ ਸੋਚ ਵੀ ਨਹੀਂ ਸਕਦਾ। “ਅਸੀਂ ਧਾਰਮਿਕ ਮਾਰਗਦਰਸ਼ਨ ਲਈ ਅਕਾਲ ਤਖ਼ਤ ਵੱਲ ਦੇਖਦੇ ਹਾਂ ਪਰ ਜਦੋਂ ਸਿੱਖ ਆਪ ਹੀ ਇਸਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਇਸ ਨਾਲ ਸਿੱਖ ਜਗਤ ਦੀ ਸਰਵਉੱਚ ਸੰਸਥਾ ਦਾ ਮਹੱਤਵ ਘਟਦਾ ਹੈ।”