ਕੁਰੂਕਸ਼ੇਤਰ 31 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਐਮਸੀ) ਦੇ ਸ਼ਾਹਬਾਦ ਤੋਂ ਨਵੇਂ ਚੁਣੇ ਗਏ ਮੈਂਬਰ ਤੇ ਉੱਘੇ ਨੇਤਾ ਦੀਦਾਰ ਸਿੰਘ ਨਲਵੀ ਨੇ ਦੋਸ਼ ਲਗਾਇਆ ਕਿ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੀਨੀਅਰ ਨੇਤਾ ਅਭੈ ਸਿੰਘ ਚੌਟਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਹਰਿਆਣਾ ਸਿੱਖ ਪੰਥਕ ਦਲ (ਐਚਐਸਪੀਡੀ) ਨੂੰ ਐਚਐਸਜੀਐਮਸੀ (HSGMC) ਦਾ ਕੰਟਰੋਲ ਹਾਸਲ ਕਰਨ ਵਿੱਚ ਮਦਦ ਕਰਨ ਲਈ ਕਮੇਟੀ ਦੇ 18 ਤੋਂ 19 ਆਜ਼ਾਦ ਮੈਂਬਰਾਂ ਨੂੰ ਪ੍ਰਭਾਵਿਤ ਕੀਤਾ ਹੈ।
ਨਲਵੀ ਨੇ ਹਰਿਆਣਾ ਦੇ ਸਾਰੇ ਚੁਣੇ ਹੋਏ ਮੈਂਬਰਾਂ ਅਤੇ ਸਿੱਖ ਸੰਗਤ ਨੂੰ ਇਕੱਠੇ ਹੋਣ ਅਤੇ “ਹਰਿਆਣਾ ਗੁਰਦੁਆਰਾ ਬਚਾਓ ਮੋਰਚਾ” ਬਣਾਉਣ ਦੀ ਅਪੀਲ ਕੀਤੀ ਹੈ। ਨਲਵੀ ਦਾ ਇਹ ਸੱਦਾ 22 ਆਜ਼ਾਦ ਉਮੀਦਵਾਰਾਂ ਵਿੱਚੋਂ 18 ਵੱਲੋਂ ਅਕਾਲ ਪੰਥਕ ਮੋਰਚਾ ਬਣਾਉਣ ਉਪਰੰਤ ਨਲਵੀ ਗਰੁੱਪ ਦੇ ਦੇ ਇੱਕ ਮੈਂਬਰ ਅਤੇ ਐਚਐਸਪੀਡੀ ਦੇ ਸਾਰੇ ਛੇ ਚੁਣੇ ਹੋਏ ਮੈਂਬਰਾਂ ਦਾ ਸਮਰਥਨ ਪ੍ਰਾਪਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ।
ਦੱਸ ਦੇਈਏ ਕਿ ਨਲਵੀ ਦੀ ਅਗਵਾਈ ਵਾਲੇ ਗਰੁੱਪ- ਸਿੱਖ ਸਮਾਜ ਸੰਸਥਾ – ਨੇ ਤਾਜ਼ਾ ਐਚਐਸਜੀਐਮਸੀ ਚੋਣਾਂ ਵਿੱਚ 40 ਵਿੱਚੋਂ ਸਿਰਫ਼ ਤਿੰਨ ਸੀਟਾਂ ਜਿੱਤੀਆਂ ਹਨ। ਇੰਨਾਂ ਚੋਣਾਂ ਵਿੱਚ ਕਿਸੇ ਵੀ ਗਰੁੱਪ ਨੂੰ ਬਹੁਮਤ ਨਹੀਂ ਮਿਲਿਆ ਕਿਉਂਕਿ 40 ਮੈਂਬਰੀ ਗੁਰਦਵਾਰਾ ਕਮੇਟੀ 18 ਮੈਂਬਰ ਆਜ਼ਾਦ ਜਿੱਤੇ ਹਨ।
ਨਲਵੀ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਕੁਰੂਕਸ਼ੇਤਰ ਵਿੱਚ ਆਪਣੇ ਗਰੁੱਪ ਦੀ ਇੱਕ ਮੀਟਿੰਗ ਦੀ ਦੌਰਾਨ ਕਿਹਾ, “ਇੱਕ ਗੈਰ-ਸਿੱਖ ਆਗੂ (ਅਭੈ ਸਿੰਘ ਚੌਟਾਲਾ) ਨੇ ਸਿਰਸਾ, ਹਿਸਾਰ ਅਤੇ ਫਤਿਹਾਬਾਦ ਜ਼ਿਲ੍ਹੇ ਦੇ ਆਪਣੇ ਰਾਜਨੀਤਿਕ ਗੜ੍ਹ ਵਿੱਚ ਰਾਜਨੀਤਿਕ ਪ੍ਰਭਾਵ ਦੀ ਵਰਤੋਂ ਕਰਕੇ HSGMC ਦੇ 18 ਤੋਂ 19 ਚੁਣੇ ਹੋਏ ਆਜ਼ਾਦ ਮੈਂਬਰਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਹਰਿਆਣਾ ਦੇ ਸਿੱਖ ਮਾਮਲਿਆਂ ਵਿੱਚ ਬੇਲੋੜੀ ਅਣਚਾਹੀ ਦਖਲਅੰਦਾਜ਼ੀ ਕੀਤੀ ਹੈ ਤਾਂ ਜੋ ਗੁਰਦੁਆਰਾ ਕਮੇਟੀ ਦਾ ਕੰਟਰੋਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਮਾਇਤੀ HSPD ਦੇ ਪ੍ਰਧਾਨ ਬਲਦੇਵ ਸਿੰਘ ਕਾਇਮਪੁਰੀ ਨੂੰ ਸੌਂਪਿਆ ਜਾ ਸਕੇ ਜਿਨ੍ਹਾਂ ਨੂੰ ਅਕਾਲੀ ਦਲ ਵੱਲੋਂ HSGMC ਪ੍ਰਧਾਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।” ਨਲਵੀ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਤੋਂ ਹੀ HSGMC ਦੇ ਗਠਨ ਦਾ ਵਿਰੋਧ ਕੀਤਾ ਹੈ, ਇੱਥੋਂ ਤੱਕ ਕਿ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ।
ਹੋਰ ਜਾਣਕਾਰੀ ਲਈ ਇਹ ਖ਼ਬਰ ਵੀ ਪੜ੍ਹੋ