ਸਾਊਥਾਲ 7 ਅਕਤੂਬਰ 2025 (ਫਤਿਹ ਪੰਜਾਬ ਬਿਊਰੋ) – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ (ਪਾਰਕ ਐਵਿਨਿਊ ਤੇ ਗੁਰੂ ਨਾਨਕ ਰੋਡ) ਦੀਆਂ ਆਮ ਚੋਣਾਂ ਵਿੱਚ ਸ਼ੇਰ ਗਰੁੱਪ ਨੇ ਵੱਡੀ ਜਿੱਤ ਦਰਜ ਕੀਤੀ ਹੈ ਅਤੇ ਸਾਰੀਆਂ 21 ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ। ਇਸ ਚੋਣ ਵਿੱਚ 8000 ਤੋਂ ਵੱਧ ਵੋਟਰਾਂ ਵਿੱਚੋਂ ਕੁੱਲ 5635 ਵੋਟਾਂ ਭੁਗਤੀਆਂ ਜਦਕਿ 9 ਵੋਟਾਂ ਰੱਦ ਹੋ ਗਈਆਂ।
ਯੂਕੇ ਦਾ ਅਤੇ ਪੂਰੇ ਯੂਰਪ ਦਾ ਸਭ ਤੋਂ ਵੱਡਾ ਗੁਰਦੁਆਰਾ ਹੋਣ ਕਾਰਨ ਇਸ ਗੁਰਦੁਆਰਾ ਸਾਹਿਬ ਨੂੰ ਪ੍ਰਭਾਵਸ਼ਾਲੀ ਸਿੱਖ ਧਾਰਮਿਕ ਕੇਂਦਰ ਮੰਨਿਆ ਜਾਂਦਾ ਹੈ ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਦੀ ਚੋਣ ਯੂਕੇ ਖ਼ਾਸ ਕਰ ਸਾਊਥਾਲ ਦੀ ਸਿੱਖ ਰਾਜਨੀਤੀ ਵਿੱਚ ਖਾਸਾ ਅਸਰ ਰੱਖਦੀ ਹੈ। ਇੱਥੋਂ ਤੱਕ ਕਿ ਭਾਰਤੀ ਸਫ਼ਾਰਤਖ਼ਾਨਾ ਵੀ ਇਨ੍ਹਾਂ ਚੋਣਾਂ ਵਿੱਚ ਅਸਿੱਧੇ ਢੰਗ ਨਾਲ ਦਿਲਚਸਪੀ ਰੱਖਦਾ ਹੈ।
ਇਹਨਾਂ ਚੋਣਾਂ ‘ਚ ਐਤਕੀਂ ਵੀ ਦੋ ਧੜੇ ਆਹਮੋ-ਸਾਹਮਣੇ ਸਨ ਜਿਹਨਾਂ ‘ਚ ਸ਼ੇਰ ਗਰੁੱਪ ਦੀ ਅਗਵਾਈ ਗੁਰਮੇਲ ਸਿੰਘ ਮੱਲੀ ਤੇ ਪੰਥਕ ਗਰੁੱਪ ਦੀ ਅਗਵਾਈ ਹਿੰਮਤ ਸਿੰਘ ਸੋਹੀ ਕਰ ਰਹੇ ਸਨ। ਨਤੀਜਿਆਂ ਦੌਰਾਨ ਸ਼ੇਰ ਗਰੁੱਪ ਦੇ ਸ. ਗੁਰਮੇਲ ਸਿੰਘ ਮੱਲ੍ਹੀ ਨੂੰ 2763 ਵੋਟਾਂ ਅਤੇ ਪੰਥਕ ਗਰੁੱਪ ਦੇ ਆਗੂ ਹਿੰਮਤ ਸਿੰਘ ਸੋਹੀ ਨੂੰ 2263 ਵੋਟਾਂ ਮਿਲੀਆਂ।
ਨਤੀਜਿਆਂ ਅਨੁਸਾਰ ਉਮੀਦਵਾਰ ਗੁਰਮੇਲ ਸਿੰਘ ਮੱਲੀ, ਹਰਜੀਤ ਸਿੰਘ, ਸੁਰਿੰਦਰ ਸਿੰਘ ਢੱਟ, ਗੁਰਬਚਨ ਸਿੰਘ ਅਠਵਾਲ, ਬਲਜਿੰਦਰ ਸਿੰਘ ਹੰਸਰਾ, ਸੁਰਜੀਤ ਕੌਰ ਬਾਸੀ, ਕਮਲਪ੍ਰੀਤ ਕੌਰ, ਕਿਰਨਜੀਤ ਕੌਰ, ਸ਼ਰਨਬੀਰ ਸਿੰਘ ਮੂਨ ਸੰਘਾ, ਜੈ ਸਿਮਰਨ ਸਿੰਘ, ਮਨਜੀਤ ਸਿੰਘ , ਸਤਨਾਮ ਸਿੰਘ ਚੌਹਾਨ, ਜਸਵੰਤ ਸਿੰਘ ਮੰਡ, ਕੇਵਲ ਸਿੰਘ ਰਣਦੇਵਾ, ਗੁਰਦੀਪ ਸਿੰਘ, ਜੋਗਿੰਦਰ ਸਿੰਘ, ਇਸ਼ਟਮੀਤ ਸਿੰਘ ਫੁੱਲ, ਅਜਮੇਰ ਸਿੰਘ ਵਿਰਦੀ, ਪਰਮਜੀਤ ਸਿੰਘ ਧਾਲੀਵਾਲ, ਅਮਰੀਕ ਸਿੰਘ, ਗੁਲਜ਼ਾਰ ਸਿੰਘ ਚਤਰਥ ਨੂੰ ਜੇਤੂ ਐਲਾਨਿਆ ਗਿਆ।
ਸ਼ੇਰ ਗਰੁੱਪ ਦੇ ਨੌਜਵਾਨ ਉਮੀਦਵਾਰ ਇਸ਼ਮੀਤ ਸਿੰਘ ਫੁੱਲ ਨੂੰ ਸਭ ਤੋਂ ਵੱਧ 2777 ਵੋਟਾਂ ਮਿਲੀਆਂ ਜਦਕਿ ਪੰਥਕ ਗਰੁੱਪ ਵਿੱਚੋਂ ਸ. ਨਵਰਾਜ ਸਿੰਘ ਚੀਮਾ ਨੇ ਭਾਵੇਂ ਸਭ ਤੋ ਵੱਧ ਵੋਟਾਂ 2282 ਪ੍ਰਾਪਤ ਕੀਤੀਆਂ ਪਰ ਜਿੱਤ ਨਸੀਬ ਨਹੀਂ ਹੋਈ।
ਇਸ ਚੋਣ ਦੇ ਰਿਟਰਨਿੰਗ ਅਫਸਰ ਮਾਈਕਲ ਕੋਲਮੈਨ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜੀ। ਸਿੱਖ ਸੰਗਤ ਨੇ ਐਤਕੀਂ ਵੀ ਤਕੜੇ ਜੋਸ਼ ਨਾਲ ਹਿੱਸਾ ਲਿਆ। ਚੋਣਾਂ ਦੌਰਾਨ ਸੰਗਤ ਦੀਆਂ ਲੰਬੀਆਂ ਲਾਈਨਾਂ ਇਸ ਗੱਲ ਦਾ ਸਬੂਤ ਸਨ ਕਿ ਗੁਰਦੁਆਰਾ ਪ੍ਰਬੰਧ ਵਿਚ ਲੋਕ ਕਾਫੀ ਦਿਲਚਸਪੀ ਰੱਖਦੇ ਹਨ।
ਚੋਣ ਨਤੀਜਿਆਂ ਪਿੱਛੋਂ ਸ. ਗੁਰਮੇਲ ਸਿੰਘ ਮੱਲੀ ਤੇ ਸ. ਦੀਦਾਰ ਸਿੰਘ ਰੰਧਾਵਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਸੰਗਤ ਨਾਲ ਕੀਤੇ ਵਾਅਦਿਆਂ ਨੂੰ ਜਲਦੀ ਪੂਰਾ ਕਰਾਂਗੇ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਹੋਰ ਉਪਰਾਲੇ ਕੀਤੇ ਜਾਣਗੇ।
ਗੁਰਦੁਆਰਾ ਚੋਣ ਵਿੱਚ ਜੇਤੂ ਰਹੇ ਉਮੀਦਵਾਰ
