ਨਵੀਂ ਦਿੱਲੀ 13 ਮਈ 2024 (ਫਤਹਿ ਪੰਜਾਬ) ਭਾਰਤ ਵਿੱਚ ਰੋਜ਼ਾਨਾ ਲੱਗਭੱਗ 23,000 ਔਰਤਾਂ ਦੇ ਸਿਜ਼ੇਰੀਅਨ ਆਪਰੇਸ਼ਨ ਹੁੰਦੇ ਹਨ। ਪਹਿਲੀ ਵਾਰ ਸੁਣਨ ਵਿੱਚ ਲੱਗ ਸਕਦਾ ਹੈ ਕਿ ਇਹ ਇੱਕ ਆਮ ਸਰਜਰੀ ਦੀ ਤਰ੍ਹਾਂ ਹੈ ਜੋ ਰੋਜ ਹੁੰਦੀ ਰਹਿੰਦੀ ਹੈ। ਪਰ ਗੱਲ ਉਦੋਂ ਵਿਸ਼ੇਸ਼ ਚਰਚਾ ਦਾ ਮਾਮਲਾ ਬਣ ਜਾਂਦੀ ਹੈ ਜਦੋਂ ਇਹ ਪਤਾ ਲੱਗਦਾ ਹੈ ਕਿ ਇਹ ਬਹੁਤ ਗੈਰਜਰੂਰੀ ਅਪਰੇਸ਼ਨ ਹੈ ਅਤੇ ਅੱਜ ਅੰਨ੍ਹਾਂ ਪੈਸਾ ਕਮਾਉਣ ਦਾ ਇੱਕ ਸਾਧਨ ਬਣ ਚੁੱਕੀ ਹੈ।

ਸਿਜ਼ੇਰੀਅਨ ਜਾਂ ਸੀ-ਸੈਕਸ਼ਨ ਡਿਲੀਵਰੀ ਕੀ ਹੈ?

ਜਦੋਂ ਤੋਂ ਮਨੁੱਖ ਨੇ ਆਧੁਨਿਕ ਯੁੱਗ ਵਿੱਚ ਕਦਮ ਰੱਖਿਆ ਹੈ ਉਦੋਂ ਤੋਂ ਲੈਕੇ ਅੱਜ ਤੱਕ ਦੇ ਤਕਨੀਕੀ ਵਿਕਾਸ ਨਾਲ਼ ਇਨਸਾਨ ਲਈ ਦੁਨੀਆ ਦੀ ਕਿਸੇ ਵੀ ਵੱਡੀ ਬਿਮਾਰੀ ਜਾਂ ਸਰੀਰਕ ਪਰੇਸ਼ਾਨੀ ਨਾਲ਼ ਲੜਨਾ ਕੋਈ ਵੱਡੀ ਗੱਲ ਨਹੀਂ ਹੈ। ਵਿਗਿਆਨ ਦੇ ਇਸ ਹੀ ਵਿਕਾਸ ਦੀ ਦੇਣ ਹੈ ਇਹ ਤਕਨੀਕ – ਸੀ-ਸੈਕਸ਼ਨ ਡਿਲੀਵਰੀ। ਆਮ ਤੌਰ ’ਤੇ ਇੱਕ ਸਿਹਤਮੰਦ ਮਾਂ ਆਪਣੇ ਬੱਚੇ ਨੂੰ ਬਿਨਾਂ ਕਿਸੇ ਵਿਸ਼ੇਸ਼ ਡਾਕਟਰੀ ਮੱਦਦ ਦੇ ਜਨਮ ਦਿੰਦੀ ਹੈ ਜਿਸਨੂੰ ਕੁਦਰਤੀ ਜਣੇਪਾ (ਡਿਲੀਵਰੀ) ਵੀ ਕਿਹਾ ਜਾਂਦਾ ਹੈ ਪਰ ਕੁੱਝ ਹਾਲਤਾਂ ਵਿੱਚ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਸਰੀਰਕ ਕਮਜੋਰੀ, ਖੂਨ ਦੀ ਘਾਟ, ਇਨਫੈਕਸ਼ਨ ਦੇ ਵਧਣ ਜਾਂ ਫੇਰ ਹਾਦਸਿਆਂ ਵਿੱਚ ਜਖਮੀ ਹੋਣ ਕਰਕੇ ਬੱਚੇ ਨੂੰ ਕੁਦਰਤੀ ਤੌਰ ’ਤੇ ਜਨਮ ਦੇਣ ਵਿੱਚ ਮਾਂ ਸਫਲ ਨਹੀਂ ਹੁੰਦੀ। ਅਜਿਹੀ ਹਾਲਤ ਵਿੱਚ ਸੀ-ਸੈਕਸ਼ਨ ਡਿਲੀਵਰੀ ਕੀਤੀ ਜਾਂਦੀ ਹੈ ਜਿਸ ਵਿੱਚ ਬੱਚੇਦਾਨੀ ਦੀ ਉਤਲੀ ਚਮੜੀ ਸਮੇਤ ਸੱਤ ਅਲੱਗ-ਅਲੱਗ ਪਰਤਾਂ ਨੂੰ ਚੀਰ ਕੇ ਬੱਚੇ ਨੂੰ ਬਾਹਰ ਕੱਢਿਆ ਜਾਂਦਾ ਹੈ। ਇਹ ਗੱਲ ਸੁਣਨ ਵਿੱਚ ਜਿੰਨੀ ਦਰਦਨਾਕ ਹੈ ਅਸਲ ਵਿੱਚ ਇਸ ਤੋਂ ਕਈ ਗੁਣਾਂ ਵੱਧ ਅਸਹਿ ਹੈ। ਪਰ ਜਿੱਥੇ ਉੱਤੇ ਦੱਸੇ ਗਏ ਕਾਰਨਾਂ ਕਰਕੇ ਤਕਨੀਕ ਦੀ ਘਾਟ ਦੇ ਕਾਰਨ ਕਿੰਨੀਆਂ ਹੀ ਔਰਤਾਂ ਅਤੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ, ਓਥੇ ਤਾਂ ਇਹ ਆਧੁਨਿਕ ਤਕਨੀਕ ਵਿਗਿਆਨ ਦਾ ਇੱਕ ਤੋਹਫਾ ਸਾਬਤ ਹੁੰਦਾ ਹੈ। ਪਰ ਸਵਾਲ ਇਹ ਹੈ ਕਿ ਅੱਜ ਇਸ ਤਕਨੀਕ ਦਾ ਇਸਤੇਮਾਲ ਇਨਸਾਨੀ ਭਲਾਈ ਦੇ ਲਈ ਕਿਸ ਹੱਦ ਤੱਕ ਕੀਤਾ ਜਾ ਰਿਹਾ ਹੈ ਤੇ ਮੁਨਾਫਾ ਕਮਾਉਣ ਲਈ ਕਿਸ ਹੱਦ ਤੱਕ?

ਅੱਜ ਭਾਰਤ ਵਿਚ ਰੋਜਾਨਾ ਲੱਗਭੱਗ 23,000 ਬੱਚੇ ਸਿਜੇਰੀਅਨ ਦੁਆਰਾ ਪੈਦਾ ਹੁੰਦੇ ਨੇ। ਜੇਕਰ ਅਸੀਂ ਇਸ ਗਿਣਤੀ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਹੋਈਆਂ ਡਿਲੀਵਰੀਆਂ ਵਿੱਚ ਵੰਡੀਏ, ਤਾਂ ਸਰਕਾਰੀ ਹਸਪਤਾਲਾਂ ਵਿੱਚ ਹੋਣ ਵਾਲ਼ੀਆਂ ਕੁੱਲ ਡਿਲੀਵਰੀਆਂ ’ਚੋਂ 14 ਫੀਸਦ ਸਿਜੇਰੀਅਨ ਡਿਲੀਵਰੀਆਂ ਹੁੰਦੀਆਂ ਹਨ ਪਰ ਉਥੇ ਹੀ ਨਿੱਜੀ ਹਸਪਤਾਲਾਂ ਵਿੱਚ ਇਹ ਗਿਣਤੀ 54 ਤੋਂ 60 ਫੀਸਦ ਤੱਕ ਹੈ। ਭਾਵ ਨਿੱਜੀ ਹਸਪਤਾਲਾਂ ਵਿੱਚ ਹੋਣ ਵਾਲ਼ੀਆਂ ਹਰ 100 ਡਿਲੀਵਰੀਆਂ ਵਿੱਚੋਂ ਲੱਗਭੱਗ 60 ਡਿਲੀਵਰੀਆਂ ਸਿਜੇਰੀਅਨ ਅਪ੍ਰੇਸ਼ਨ ਨਾਲ ਕੀਤੀਆਂ ਜਾਂਦੀਆਂ ਹਨ। 

ਸੂਬਾ ਵਾਰ ਅੰਕੜਿਆਂ ਮੁਤਾਬਕ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਹ ਅਨੁਪਾਤ ਕ੍ਰਮਵਾਰ 34 ਫੀਸਦ ਅਤੇ 51 ਫੀਸਦ ਹੈ। ਤੇਲੰਗਾਨਾ ਦੇ ਨਿੱਜੀ ਹਸਪਤਾਲਾਂ ਵਿੱਚ ਹਰ 100 ਵਿੱਚੋਂ 89 ਬੱਚੇ ਸਿਜੇਰੀਅਨ ਰਾਹੀਂ ਪੈਦਾ ਹੋ ਰਹੇ ਹਨ ਅਤੇ ਬਿਹਾਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਕ੍ਰਮਵਾਰ ਇਹ ਗਿਣਤੀ 6 ਫੀਸਦ ਸਰਕਾਰੀ ਹਸਪਤਾਲਾਂ ਵਿੱਚ ਅਤੇ ਨਿੱਜੀ ਹਸਪਤਾਲਾਂ ਵਿੱਚ 48.8 ਫੀਸਦ ਹੁੰਦੇ ਹਨ।

ਉੱਤੇ ਦਿੱਤੇ ਗਏ ਅੰਕੜਿਆਂ ਨਾਲ਼ ਇਹ ਗੱਲ ਸਾਫ ਹੈ ਕਿ ਨਿੱਜੀ ਹਸਪਤਾਲਾਂ ਵਿੱਚ ਸਿਜੇਰੀਅਨ ਰਾਹੀਂ ਹੋਣ ਵਾਲ਼ੀਆਂ ਡਿਲੀਵਰੀਆਂ ਸਰਕਾਰੀ ਹਸਪਤਾਲਾਂ ਦੇ ਮੁਕਾਬਲੇ ਕਰੀਬ ਚਾਰ ਗੁਣਾ ਜਿਆਦਾ ਹਨ। ਕਈ ਸੂਬਿਆਂ ਵਿੱਚ ਤਾਂ ਇਹ ਅਨੁਪਾਤ 5 ਤੋਂ 6 ਗੁਣਾਂ ਤੱਕ ਹੈ, ਪਰ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਸਥਿਤੀ ਬਹੁਤ ਚੰਗੀ ਹੈ। 

ਨਿੱਜੀ ਹਸਪਤਾਲਾਂ ਵਿੱਚ ਵਧਦੇ ਸਿਜੇਰੀਅਨ ਕੇਸਾਂ ਦਾ ਕਾਰਨ ਇਸ ਧੰਦੇ ਤੋਂ ਹੋਣ ਵਾਲ਼ੀ ਕਮਾਈ ਹੈ। ਖਰਚੇ ਦੇ ਨਜਰੀਏ ਤੋਂ ਕੁਦਰਤੀ ਢੰਗ ਨਾਲ਼ ਜਣੇਪੇ ਦੇ ਮੁਕਾਬਲੇ ਸਿਜੇਰੀਅਨ ਜਣੇਪੇ ਵਿੱਚ ਲੱਗਭੱਗ 8 ਤੋਂ 10 ਗੁਣਾਂ ਜਿਆਦਾ ਖਰਚਾ ਕਰਨਾ ਪੈਂਦਾ ਹੈ। ਭਾਰਤ ਵਿੱਚ ਸਿਜੇਰੀਅਨ ਆਪਰੇਸ਼ਨਾਂ ਦੇ ਲਈ ਹਸਪਤਾਲ ਵਿੱਚ ਦਾਖਲ ਹੋਣ ਤੋਂ ਲੈ ਕੇ ਛੁੱਟੀ ਮਿਲ਼ਣ ਤੱਕ ਆਮ ਤੌਰ ’ਤੇ 30 ਤੋਂ 50 ਹਜਾਰ ਦਾ ਖਰਚਾ ਆ ਜਾਂਦਾ ਹੈ। ਜਿਆਦਾ ਮਹਿੰਗੇ ਹਸਪਤਾਲਾਂ ਵਿੱਚ ਤਾਂ ਇਹ ਖਰਚਾ ਹੋਰ ਵੀ ਵਧ ਜਾਂਦਾ ਹੈ, ਇਥੋਂ ਤੱਕ ਕਿ ਲੱਖਾਂ ਤੱਕ ਵੀ ਪਹੁੰਚ ਜਾਂਦਾ ਹੈ। ਇੱਕ ਤਾਂ ਗੈਰ ਜਰੂਰੀ ਤੌਰ ’ਤੇ ਆਪਰੇਸ਼ਨ ਕੀਤੇ ਜਾਂਦੇ ਹਨ, ਨਾਲ਼ ਹੀ ਗੈਰ ਜਰੂਰੀ ਤੌਰ ’ਤੇ ਦਾਖਲ ਰੱਖ ਕੇ ਵੀ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ‘ਡਾਕਟਰੀ ਸੇਵਾ’ ਦੇ ਨਾਂ ’ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।

ਇਸ ਤੋਂ ਇੱਕ ਗੱਲ ਸਾਫ ਜ਼ਾਹਰ ਹੋ ਜਾਂਦੀ ਹੈ ਕਿ ਲੱਗਭੱਗ ਅੱਧੇ ਤੋਂ ਜਿਆਦਾ ਜਣੇਪੇ ਦੇ ਅਪਰੇਸ਼ਨ ਗੈਰ-ਜਰੂਰੀ ਹੁੰਦੇ ਹਨ, ਜਿੱਥੇ ਇਨ੍ਹਾਂ ਕੇਸਾਂ ਵਿੱਚ ਮਾਂਵਾਂ ਆਪਣੇ ਬੱਚੇ ਨੂੰ ਕੁਦਰਤੀ ਅਤੇ ਸੁਰੱਖਿਅਤ ਤਰੀਕੇ ਨਾਲ਼ ਜਨਮ ਦੇ ਸਕਦੀਆਂ ਹਨ ਪਰ ਫੇਰ ਵੀ ਸਿਹਤਮੰਦ ਔਰਤਾਂ ਨਾਲ ਇਸ ਪ੍ਰਕਿਰਿਆ ਰਾਹੀਂ ਬੱਚਾ ਪੈਦਾ ਕਰਨ ਲਈ ਹਸਪਤਾਲ ਵਿੱਚ ਕਾਫੀ ਨਾਟਕ ਖੇਡਿਆ ਜਾਂਦਾ ਹੈ। 

ਇੱਥੇ ਹਸਪਤਾਲ ਵਿੱਚ ਦਾਖਲ ਕਿਸੇ ਗਰਭਵਤੀ ਔਰਤ ਦੀ ਡਿਲੀਵਰੀ ਤੋਂ ਕੁੱਝ ਘੰਟੇ ਪਹਿਲਾਂ ਇੱਕ ਸਿਲਸਿਲੇਵਾਰ ਢੰਗ ਨਾਲ਼ ਅਜਿਹਾ ਮਹੌਲ ਬਣਾਇਆ ਜਾਂਦਾ ਹੈ ਜਿਸ ਨਾਲ਼ ਉਹ ਅਤੇ ਉਸਦਾ ਪਰਿਵਾਰ ਵੱਡੇ ਅਪਰੇਸ਼ਨ ਲਈ ਮੰਨ ਜਾਵੇ। ਆਓ ਰਾਜ ਰਾਣੀ ਦੀ ਕਹਾਣੀ ਤੋਂ ਲੇਬਰ ਰੂਮਾਂ ਵਿੱਚ ਚਲਦੇ ਅਜਿਹੇ ਨਾਟਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਰਾਜ ਰਾਣੀ ਦੇ ਬੱਚੇ ਦਾ ਜਨਮ ਹੋਣ ਵਿੱਚ ਹਾਲੇ ਲੱਗਭੱਗ 5 ਤੋਂ 6 ਦਿਨਾਂ ਦਾ ਸਮਾਂ ਪਿਆ ਹੈ, ਪਰ ਡਾਕਟਰ ਉਸਨੂੰ ਕਹਿੰਦੀ ਹੈ ਕਿ ਅੱਜ ਰਾਤ 10 ਵਜੇ ਦੇ ਨੇੜੇ ਤੇਰਾ ਬੱਚਾ ਇਸ ਦੁਨੀਆ ਵਿੱਚ ਕਦਮ ਰੱਖੇਗਾ, ਸੱਭ ਕੁੱਝ ਵਧੀਆ ਚੱਲ ਰਿਹਾ ਹੈ। ਰਾਤ ਦਾ ਸਮਾਂ ਲੰਘ ਜਾਂਦਾ ਹੈ ਪਰ ਰਾਜ ਰਾਣੀ ਦੀ ਡਿਲੀਵਰੀ ਨਹੀਂ ਹੁੰਦੀ। ਕੁੱਝ ਸਮੇਂ ਬਾਅਦ ਡਾਕਟਰ ਮੁੜ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਤੇਰੇ ਬੱਚੇ ਦੀ ਜਾਨ ਖਤਰੇ ਵਿੱਚ ਹੈ ਅਤੇ ਸਮਾਂ ਬਹੁਤ ਘੱਟ ਹੈ, ਅਪਰੇਸ਼ਨ ਕਰਨਾ ਪਵੇਗਾ ਨਹੀਂ ਤਾਂ ਬੱਚਾ ਮਰ ਵੀ ਸਕਦਾ ਹੈ। ਇਸ ਲਈ ਉਹ ਇਹ ਬਹਾਨਾ ਬਣਾ ਦਿੰਦੀ ਹੈ ਕਿ ਤੁਹਾਡੇ ਬੱਚੇ ਦੀ ਧੜਕਣ ਠੀਕ ਢੰਗ ਨਾਲ਼ ਨਹੀਂ ਚੱਲ ਰਹੀ। ਇਸਨੂੰ ਛੱਡਕੇ ਦੂਸਰੇ ਝੂਠੇ ਕਾਰਣ ਵੀ ਦਿੱਤੇ ਜਾਂਦੇ ਹਨ, ਜਿਵੇਂ ਗਲ਼ ਵਿੱਚ ਪਲਸੈਂਟਾ ਫਸ ਗਿਆ ਹੈ, ਪੁਜੀਸ਼ਨ ਵਿਗੜ ਗਈ ਹੈ, ਆਦਿ। ਇਸੇ ਦੌਰਾਨ ਰਾਜ ਰਾਣੀ ਨੂੰ “ਪਿਟੋਸ਼ਿਨ” ਨਾਂ ਦਾ ਟੀਕਾ ਲਾਇਆ ਜਾਂਦਾ ਹੈ। ਇਹ ਟੀਕਾ ਬਹੁਤ ਹੀ ਗੰਭੀਰ ਸਥਿਤੀ ਵਿੱਚ ਲਾਇਆ ਜਾਂਦਾ ਹੈ, ਜੋ ਇੱਕ ਉਤਪ੍ਰੇਰਕ ਦਾ ਕੰਮ ਕਰਦਾ ਹੈ। ਇਹ ਬੱਚੇਦਾਨੀ ਦੀਆਂ ਮਾਸਪੇਸ਼ੀਆਂ ਨੂੰ ਸੁੰਗੇੜਦਾ ਤੇ ਮਜਬੂਤ ਕਰਦਾ ਹੈ ਜਿਸ ਨਾਲ਼ ਗੈਰਵਾਜਬ ਡਿਲੀਵਰੀ ਦੀ ਪੀੜ ਸ਼ੁਰੂ ਹੋ ਜਾਂਦੀ ਹੈ, ਜੋ ਇੱਕ ਕੁਦਰਤੀ ਡਿਲੀਵਰੀ ਦੀ ਪੀੜ ਤੋਂ ਕਈ ਗੁਣਾ ਜਿਆਦਾ ਦਰਦਨਾਕ ਹੁੰਦੀ ਹੈ। 

ਕਾਨੂੰਨੀ ਤੌਰ ’ਤੇ ਇਸ ਟੀਕੇ ਲਈ ਮਾਂ-ਪਿਓ ਦੇ ਦਸਤਖਤ ਦੀ ਲੋੜ ਹੁੰਦੀ ਹੈ, ਜਿਸਦੇ ਲਈ ਡਾਕਟਰ ਇੱਕ ਨਵਾਂ ਨਾਟਕ ਕਰਦੇ ਹਨ। ਇਹ ਫੇਰ ਤੋਂ ਜਿੰਦਗੀ ਅਤੇ ਮੌਤ ਦਾ ਹਵਾਲਾ ਦੇ ਕੇ ਮਾਂ-ਬਾਪ ਨੂੰ ਰਾਜੀ ਕਰ ਲੈਂਦੇ ਹਨ। ਇਸ ਹਾਲਤ ਵਿੱਚ ਸੁਭਾਵਿਕ ਹੀ ਪਤੀ-ਪਤਨੀ ਡਾਕਟਰ ’ਤੇ ਭਰੋਸਾ ਕਰਕੇ ਇਹੀ ਸੋਚਦੇ ਹਨ ਕਿ ਡਾਕਟਰ ਨੇ ਕਿਹਾ ਹੈ ਤਾਂ ਸਹੀ ਹੀ ਕਿਹਾ ਹੋਵੇਗਾ। ਪਰ ਉਨ੍ਹਾਂ ਦੇ ਇਸੇ ਭਰੋਸੇ ਦਾ ਫਾਇਦਾ ਚੁੱਕਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨਾਟਕ ਦਾ ਅੰਤ ਹੋ ਜਾਂਦਾ ਹੈ ਅਤੇ ਆਪਰੇਸ਼ਨ ਥੀਏਟਰ ਆਪਣੀ ਤਿਆਰੀ ਵਿੱਚ ਜੁੱਟ ਜਾਂਦੇ ਹਨ। ਇੱਥੋਂ ਰਾਜ ਰਾਣੀ ਦੇ ਪਰਿਵਾਰ ਲਈ ਅਗਲੇ ਕੁੱਝ ਘੰਟੇ ਤੱਕ ਜਾਰੀ ਰਹਿਣ ਵਾਲ਼ੇ ਇਸ ਵੱਡੇ ਖਰਚੇ ਦੀ ਲੜੀ ਸ਼ੁਰੂ ਹੋ ਜਾਂਦੀ ਹੈ।

ਰਾਜ ਰਾਣੀ ਦੀ ਕਹਾਣੀ ਵਿੱਚ ਉੱਨੀ-ਵੀਹ ਦੀ ਗੁੰਜਾਇਸ਼ ਨਾਲ਼ ਇਹ ਆਪਰੇਸ਼ਨ ਅੱਜ ਲੱਗਭੱਗ ਰੋਜਾਨਾ 23,000 ਦੇ ਕਰੀਬ ਮਾਂਵਾਂ ਨਾਲ਼ ਹੋ ਰਿਹਾ ਹੈ। ਸਿਜੇਰੀਅਨ ਤੋਂ ਬਾਅਦ 90 ਫੀਸਦ ਮਾਵਾਂ ਆਪਣੇ ਅਗਲੇ ਬੱਚੇ ਨੂੰ ਵੀ ਨਾਰਮਲ ਡਿਲੀਵਰੀ ਦੁਆਰਾ ਜਨਮ ਨਹੀਂ ਦੇ ਪਾਉਂਦੀਆਂ। ਆਪਰੇਸ਼ਨ ਦੇ ਬਾਅਦ ਸਰੀਰ ਵਿੱਚ ਖੂਨ ਦੀ ਕਾਫੀ ਕਮੀ ਹੁੰਦੀ ਹੈ, ਜਿਸ ਨੂੰ ਗਰੀਬ ਔਰਤਾਂ ਤਾਂ ਅਕਸਰ ਪੂਰਾ ਨਹੀਂ ਕਰ ਪਾਉਂਦੀਆਂ। ਇਸ ਤੋਂ ਬਿਨਾਂ ਗੰਭੀਰ ਦੇਖਭਾਲ ਦੀ ਲੋੜ ਹੁੰਦੀ ਹੈ ਜਿਸਦਾ ਖਰਚਾ ਚੁੱਕਣਾ ਵੀ ਇੱਕ ਹੋਰ ਮੁਸ਼ਕਿਲ ਹੁੰਦੀ ਹੈ। ਪੇਂਡੂ ਖੇਤਰਾਂ ਵਿੱਚ ਜਿੱਥੇ ਸਰਕਾਰੀ ਸਿਹਤ ਸਹੂਲਤਾਂ ਦੀ ਕਾਫੀ ਘਾਟ ਹੈ, ਜਿੱਥੇ ਔਰਤਾਂ ਨੂੰ ਡਿਲੀਵਰੀ ਲਈ ਦੂਰ ਸ਼ਹਿਰ ਦੇ ਗੇੜੇ ਕੱਢਣੇ ਪੈਂਦੇ ਨੇ, ਉਥੇ ਉਹ ਅਕਸਰ ਨਿੱਜੀ ਹਸਪਤਾਲਾਂ ਦੇ ਇਸ ਨਾਟਕ ਅਤੇ ਗੋਰਖਧੰਦੇ ਵਿੱਚ ਫਸਕੇ ਰਹਿ ਜਾਂਦੇ ਹਨ।

Skip to content