ਮੈਲਬਰਨ 16 ਮਈ 2024 (ਫਤਿਹ ਪੰਜਾਬ) ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ’ਚ ਰਹਿੰਦੇ ਲੋਕਾਂ ’ਚ ਹੁਣ ਨੰਗੇ ਪੈਰੀਂ ਚੱਲਣ Barefoot Lifestyle ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਧਰਤੀ ਦੇ ਦਖਣੀ ਧਰੁਵ ’ਤੇ ਸਥਿਤ ਇਨ੍ਹਾਂ ਦੋਵੇਂ ਦੇਸ਼ਾਂ ਦੇ ਨਾਗਰਿਕ ਅੱਜ-ਕੱਲ੍ਹ ਦਫ਼ਤਰਾਂ, ਪਾਰਟੀਆਂ, ਸ਼ਾਪਿੰਗ ਮਾਲਾਂ, ਕਲੱਬਾਂ, ਹੋਟਲਾਂ ਤੇ ਖੇਡ ਦੇ ਮੈਦਾਨਾਂ ’ਚ ਵੀ ਬਿਨਾ ਜੁੱਤੀਆਂ ਤੋਂ ਹੀ ਜਾਂਦੇ ਵਿਖਾਈ ਦੇ ਰਹੇ ਹਨ।
ਮਨੁੱਖ ਨੇ 40 ਹਜ਼ਾਰ ਸਾਲ ਪਹਿਲਾਂ ਨੰਗੇ ਪੈਰੀਂ ਚੱਲਣਾ ਤਿਆਗ ਦਿੱਤਾ ਸੀ। ਉਸ ਤੋਂ ਬਾਅਦ ਹੁਣ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਜਿਹੇ ਵਿਕਸਤ ਦੇਸ਼ਾਂ ’ਚ ਬਿਨਾ ਜੁੱਤੀਆਂ ਦੇ ਘਰੋਂ ਬਾਹਰ ਨਿਕਲਣ ਦਾ ਰੁਝਾਨ ਦੁਨੀਆ ਨੂੰ ਕੁੱਝ ਹੈਰਾਨ ਕਰ ਰਿਹਾ ਹੈ। ਮਾਈਕ੍ਰੋਬਲੌਗਿੰਗ ਪਲੇਟਫ਼ਾਰਮ ‘ਐਕਸ’ ’ਤੇ ‘ਸੈਂਸਰਡਮੈਨ’ ਨਾਮ ਦੇ ਹੈਂਡਲ ਤੋਂ ਇਕ ਵੀਡੀਉ ਪੋਸਟ ਕੀਤੀ ਗਈ ਹੈ, ਜਿਸ ਵਿਚ ਸੜਕਾਂ ’ਤੇ ਲੋਕਾਂ ਨੂੰ ਨੰਗੇ ਪੈਰੀਂ ਚਲਦਿਆਂ ਵੇਖਿਆ ਜਾ ਸਕਦਾ ਹੈ।
ਪੂਰੇ 19 ਸੈਕੰਡ ਦੇ ਇਸ ਵੀਡੀਉ ’ਤੇ ਲਿਖਿਆ ਹੈ – ਕੀ ਹੋਇਆ ਆਸਟ੍ਰੇਲੀਆ ਵਾਲਿਉ। ਉਧਰ ਸਕੂਲਾਂ ’ਚ ਵੀ ਬੱਚਿਆਂ ਨੂੰ ਨੰਗੇ ਪੈਰ ਚੱਲਣ ਦੇ ਫ਼ਾਇਦੇ ਦੱਸੇ ਜਾ ਰਹੇ ਹਨ ਅਤੇ ਇਸ ਰੁਝਾਨ ਨੂੰ ਤੰਦਰੁਸਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪਰਥ ਦੇ ਇਕ ਪ੍ਰਾਇਮਰੀ ਸਕੂਲ ’ਚ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਨੰਗੇ ਪੈਰੀਂ ਆਉਣ ਦੀ ਇਜਾਜ਼ਤ ਹੈ।
ਦੁਨੀਆਂ ਵਿੱਚ ਅੱਜ ਕੱਲ ਨੰਗੇ ਪੈਰੀ ਚੱਲਣ ਦੀਆਂ ਖੂਬੀਆਂ ਅਤੇ ਸਿਹਤ ਪੱਖੋਂ ਫਾਇਦੇ ਦੱਸੇ ਜਾ ਰਹੇ ਹਨ ਜਿਸ ਕਰਕੇ ਆਮ ਲੋਕਾਂ ਅੰਦਰ ਨੰਗੇ ਪੈਰੀਂ ਚੱਲਣ ਦਾ ਰੁਝਾਨ ਹਰੇਕ ਦੇਸ਼ ਵਿੱਚ ਜ਼ੋਰ ਫੜ ਰਿਹਾ ਹੈ। ਆਯੁਰਵੈਦਿਕ ਪ੍ਰਣਾਲੀ ਵਿੱਚ ਨੰਗੇ ਪੈਰੀ ਚੱਲਣ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ ਅਤੇ ਕਿਹਾ ਜਾਂਦਾ ਹੈ ਕਿ ਸਵੇਰ ਦੀ ਸੈਰ ਹਮੇਸ਼ਾ ਘਾਹ ਉੱਤੇ ਨੰਗੇ ਪੈਰੀਂ ਕਰੋ। ਇਸ ਤੋਂ ਇਲਾਵਾ ਆਯੁਰਵੈਦ ਦੀਆਂ ਕਈ ਵਿਧੀਆਂ ਰਾਹੀਂ ਸ਼ੂਗਰ, ਗਠੀਆ ਜਾਂ ਹੋਰ ਸਰੀਰਕ ਬਿਮਾਰੀਆਂ ਨੂੰ ਦੂਰ ਕਰਨ ਲਈ ਜੜੀਆਂ ਬੂਟੀਆਂ ਦੇ ਘੋਲ ਵਿੱਚ ਨੰਗੇ ਪੈਰਾਂ ਨੂੰ ਡਬੋ ਕੇ ਰੱਖਿਆ ਜਾਂਦਾ ਹੈ।