ਕੋਲੰਬੋ 17 ਮਈ 2024 (ਫਤਿਹ ਪੰਜਾਬ) ਸ੍ਰੀਲੰਕਾ ਦੀ ਇੱਕ ਅਦਾਲਤ ਨੇ ਗ਼ੈਰਕਾਨੂੰਨੀ ਲੀਜੈਂਡ ਕ੍ਰਿਕਟ ਲੀਗ legend cricket league ਦੌਰਾਨ ਮੈਚ ਫਿਕਸਿੰਗ ਨੂੰ ਲੈ ਕੇ ਦੋ ਭਾਰਤੀ ਨਾਗਰਿਕਾਂ ਯੋਨੀ ਪਟੇਲ ਅਤੇ ਪੀ ਆਕਾਸ਼ ਦੇ ਪਾਸਪੋਰਟ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਦੋਵੇਂ ਇਸ ਵੇਲੇ ਜ਼ਮਾਨਤ ’ਤੇ ਹਨ।
ਇਨ੍ਹਾਂ ਦੋਹਾਂ ’ਤੇ 8 ਤੋਂ 19 ਮਾਰਚ ਤੱਕ ਕੈਂਡੀ ਦੇ ਪੱਲੇਕੇਲੇ ਸਟੇਡੀਅਮ ’ਚ ਖੇਡੀ ਗਈ ਕ੍ਰਿਕਟ ਲੀਗ ਦੇ ਮੈਚ ਫਿਕਸ ਕਰਨ ਦੀ ਕੋਸ਼ਿਸ਼ ਦਾ ਦੋਸ਼ ਹੈ। ਇਸ ਮੌਕੇ ਰਾਜਸਥਾਨ ਕਿੰਗਜ਼ ਨੇ ਫਾਈਨਲ ਵਿੱਚ ਨਿਊਯਾਰਕ ਸੁਪਰ ਸਟਰਾਈਕਰਜ਼ ਨੂੰ ਹਰਾਇਆ ਸੀ। ਪਟੇਲ ਕੈਂਡੀ ਸਵੈਂਪ ਆਰਮੀ ਟੀਮ ਦਾ ਮਾਲਕ ਹੈ।
ਸ੍ਰੀਲੰਕਾ ਦੇ ਸਾਬਕਾ ਇੱਕ ਰੋਜ਼ਾ ਕਪਤਾਨ ਅਤੇ ਕੌਮੀ ਚੋਣ ਕਮੇਟੀ ਦੇ ਮੌਜੂਦਾ ਪ੍ਰਧਾਨ ਉਪੁਲ ਥਰੰਗਾ ਅਤੇ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਨੀਲ ਬਰੂਮ ਨੇ ਸ੍ਰੀਲੰਕਾ ਦੇ ਖੇਡ ਮੰਤਰਾਲੇ ਦੀ ਵਿਸ਼ੇਸ਼ ਜਾਂਚ ਇਕਾਈ ਨੂੰ ਕਿਹਾ ਕਿ ਇਨ੍ਹਾਂ ਦੋਵਾਂ ਨੇ ਲੀਗ ਵਿੱਚ ਖਰਾਬ ਪ੍ਰਦਰਸ਼ਨ ਜ਼ਰੀਏ ਮੈਚ ਫਿਕਸ ਕਰਨ ਲਈ ਉਸ ਨਾਲ ਸੰਪਰਕ ਕੀਤਾ ਸੀ। ਪਟੇਲ ਅਤੇ ਆਕਾਸ਼ ਜਾਂਚ ਪੂਰੀ ਹੋਣ ਤੱਕ ਸ੍ਰੀਲੰਕਾ ਛੱਡ ਕੇ ਨਹੀਂ ਜਾ ਸਕਦੇ। ਇਸ ਲੀਗ ਨੂੰ ਆਈਸੀਸੀ ਦੀ ਸ੍ਰੀਲੰਕਾ ਕ੍ਰਿਕਟ ਤੋਂ ਮਾਨਤਾ ਨਹੀਂ ਮਿਲੀ ਹੈ।