ਵਿਰੋਧੀ ਪਾਰਟੀ ਕਾਂਗਰਸ ‘ਤੇ ਵਿੰਨ੍ਹੇ ਨਿਸ਼ਾਨੇ

ਚੰਡੀਗੜ੍ਹ 20 ਮਈ 2024 (ਫਤਿਹ ਪੰਜਾਬ) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਚੰਡੀਗੜ੍ਹ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 4 ਜੂਨ ਨੂੰ ਭਾਰਤੀ ਜਨਤਾ ਪਾਰਟੀ ਦੀ ਹੀ ਜਿੱਤ ਹੋਵੇਗੀ ਅਤੇ ਵੋਟਾਂ ਦੇ ਨਤੀਜਿਆਂ ਨੂੰ ਲੈ ਕੇ ਅਸੀਂ ਬੇਫ਼ਿਕਰ ਹਾਂ ਕਿਉਂਕਿ ਜਨਤਾ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਹੈ ਕਿ ਤੀਜੀ ਵਾਰ ਵੀ 400 ਪਾਰ ਹੀ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪਾਰਟੀ ‘ਤੇ ਵੀ ਨਿਸ਼ਾਨਾ ਵਿੰਨ੍ਹਿਆ।

ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਪਾਰਟੀਆਂ ਜਨਤਾ ਕੋਲੋਂ 400 ਪਾਰ ਦਾ ਮਤਲਬ ਪੁੱਛਦੀਆਂ ਹਨ ਤਾਂ ਉਨ੍ਹਾਂ ਨੂੰ ਜਵਾਬ ਮਿਲਦਾ ਹੈ ਕਿ ਜੋ ਰਾਮ ਨੂੰ ਲਿਆਏ ਹਨ, ਅਸੀਂ ਉਨ੍ਹਾਂ ਨੂੰ ਲਿਆਵਾਂਗੇ। ਯੋਗੀ ਨੇ ਕਿਹਾ ਕਿ ਜਦੋਂ ਵੀ ਦੇਸ਼ ‘ਤੇ ਕੋਈ ਸੰਕਟ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਦੇਸ਼ ਛੱਡ ਕੇ ਭੱਜਣ ਵਾਲਿਆਂ ‘ਚ ਰਾਹੁਲ ਗਾਂਧੀ ਦਾ ਨਾਂ ਆਉਂਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਰ ਵਰਗ ਦਾ ਵਿਕਾਸ ਕੀਤਾ ਹੈ ਅਤੇ ਉਨ੍ਹਾਂ ਦੀ ਬਦੌਲਤ ਹੀ ਅਯੁੱਧਿਆ ਵਿਖੇ ਰਾਮ ਲੱਲਾ ਵਿਰਾਜਮਾਨ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਕਾਰਨ ਪੂਰੇ ਦੇਸ਼ ‘ਚੋਂ ਅੱਤਵਾਦ ਦਾ ਸਫ਼ਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂ ‘ਤੇ ਪਹਿਲਾ ਏਅਰਪੋਰਟ ਅਸੀਂ ਯੂ.ਪੀ. ‘ਚ ਬਣਾਇਆ ਹੈ। ਅਸੀਂ ਭਾਰਤ ਨੂੰ ਨਵਾਂ ਭਾਰਤ ਅਤੇ ਆਤਮ-ਨਿਰਭਰ ਭਾਰਤ ਬਣਾਉਣਾ ਹੈ। ਯੋਗੀ ਨੇ ਲੋਕਾਂ ਨੂੰ ਕਿਹਾ ਕਿ ਵੋਟਾਂ ਪੈਣ ‘ਚ 10 ਦਿਨ ਰਹਿ ਗਏ ਹਨ ਅਤੇ ਹਰ ਕੋਈ ਵਿਅਕਤੀ ਪ੍ਰਤੀ ਦਿਨ 5 ਘਰਾਂ ‘ਚ ਭਾਜਪਾ ਨੂੰ ਵੋਟ ਪਾਉਣ ਲਈ ਸੰਪਰਕ ਕਰੇ।

Skip to content