ਸੁਨਕ ਵੱਲੋਂ ਬ੍ਰਿਟਿਸ਼ ਵੋਟਰਾਂ ਸਾਹਮਣੇ ਅਪਣੇ ਕਾਰਜਕਾਲ ਦਾ ਰੀਕਾਰਡ ਪੇਸ਼
ਲੰਡਨ 23 ਮਈ 2024 (ਫਤਿਹ ਪੰਜਾਬ) ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਐਲਾਨ ਕੀਤਾ ਕਿ ਦੇਸ਼ ’ਚ 4 ਜੁਲਾਈ ਨੂੰ ਹਾਊਸ ਆਫ ਕਾਮਨਜ ਲਈ ਆਮ ਚੋਣਾਂ ਹੋਣਗੀਆਂ। ਇਸ ਐਲਾਨ ਦੇ ਨਾਲ ਹੀ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਚੱਲ ਰਹੇ ਕਿਆਸੇ ਖਤਮ ਹੋ ਗਏ ਹਨ।
ਅਗੇਤੀਆਂ ਚੋਣਾਂ ਕਰਵਾਉਣ ਦੇ ਫੈਸਲੇ ਨੇ ਬਹੁਤ ਸਾਰੇ ਰਾਜਨੀਤਿਕ ਨਿਰੀਖਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਮੌਜੂਦਾ ਯੂਕੇ ਸਰਕਾਰ ਨੇ ਪਹਿਲਾਂ 2024 ਦੇ ਅਖੀਰ ਵਿੱਚ ਚੋਣਾਂ ਕਰਵਾਉਣ ਦਾ ਇਰਾਦਾ ਪ੍ਰਗਟ ਕੀਤਾ ਸੀ।
ਲੰਡਨ ਵਿਚ ਜਾਰੀ ਬਾਰਸ਼ ਦੌਰਾਨ ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸੁਨਕ ਨੇ ਦੱਸਿਆ ਕਿ ਵੋਟਿੰਗ ਛੇ ਹਫਤਿਆਂ ਤੱਕ ਚੱਲੇਗੀ। ਕੰਜਰਵੇਟਿਵ ਪਾਰਟੀ ਪ੍ਰਧਾਨ ਮੰਤਰੀ ਰਸਮੀ ਤੌਰ ’ਤੇ ਕਿੰਗ ਚਾਰਲਸ ਨੂੰ ਚੋਣਾਂ ਦੀ ਤਾਰੀਖ ਬਾਰੇ ਸੂਚਿਤ ਕਰਨਗੇ ਅਤੇ ਇਸ ਤੋਂ ਤੁਰੰਤ ਬਾਅਦ ਸੰਸਦ ਭੰਗ ਕਰ ਦਿੱਤੀ ਜਾਵੇਗੀ। ਬਰਤਾਨੀਆ ਵਿੱਚ ਚੱਲ ਰਹੀ ਸਿਆਸੀ ਹਲਚਲ ਦੌਰਾਨ ਸੱਤਾਧਾਰੀ ਕੰਜਰਵੇਟਿਵ ਪਾਰਟੀ ਨੂੰ ਇਸ ਵਾਰ ਮੁੱਖ ਵਿਰੋਧੀ ਲੇਬਰ ਪਾਰਟੀ ਵੱਲੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਹਾਲ ਹੀ ਵਿੱਚ ਉਨਾਂ ਦੀ ਅਗਵਾਈ ਹੇਠ ਸੱਤਾਧਾਰੀ ਪਾਰਟੀ ਨੂੰ ਲਗਾਤਾਰ ਜ਼ਿਮਨੀ ਚੋਣਾਂ ਤੇ ਲੰਡਨ ਦੇ ਮੇਅਰ ਦੀ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸਮਝਿਆ ਜਾ ਰਿਹਾ ਹੈ ਇੰਨਾ ਚੋਣਾਂ ਦੌਰਾਨ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਕੰਜ਼ਰਵੇਟਿਵ ਦੀ ਅਗਵਾਈ ਵਾਲੀ ਸਰਕਾਰ ਦੇ 14 ਸਾਲਾਂ ਦੇ ਸ਼ਾਸਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ। ਸਟਾਰਮਰ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ ਕਿਉਂਕਿ ਲੇਬਰ ਚੋਣਾਂ ਵਿੱਚ ਲਗਭਗ 20 ਅੰਕਾਂ ਨਾਲ ਅੱਗੇ ਹੈ।
ਇਸੇ ਦੌਰਾਨ 44 ਸਾਲਾ ਸੁਨਕ ਨੇ ਬ੍ਰਿਟਿਸ਼ ਵੋਟਰਾਂ ਸਾਹਮਣੇ ਅਪਣੇ ਕਾਰਜਕਾਲ ਦਾ ਰੀਕਾਰਡ ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਬਰਤਾਨੀਆਂ ਅਪਣਾ ਭਵਿੱਖ ਚੁਣੇ।