ਬੈਂਜਾਮਿਨ ਨੇਤਨਯਾਹੂ ਸਮੇਤ ਦੋ ਇਜ਼ਰਾਈਲੀ ਨੇਤਾਵਾਂ ਤੇ ਹਮਾਸ ਦੇ ਤਿੰਨ ਨੇਤਾਵਾਂ ਵਿਰੁਧ ਗ੍ਰਿਫਤਾਰੀ ਵਾਰੰਟ ਜਾਰੀ
ਯੇਰੂਸ਼ਲਮ 23 ਮਈ 2024 (ਫਤਿਹ ਪੰਜਾਬ) ਕੌਮਾਂਤਰੀ ਅਪਰਾਧਕ ਅਦਾਲਤ (ICC) ਦੇ ਚੋਟੀ ਦੇ ਵਕੀਲ ਨੇ ਇਜ਼ਰਾਈਲ ਅਤੇ ਹਮਾਸ ਦੇ ਮੁਖੀਆਂ ’ਤੇ ਜੰਗ ਦੌਰਾਨ ਅਪਰਾਧ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ਮਨੁੱਖਤਾ ਵਿਰੁਧ ਘਿਨਾਉਣੇ ਅਪਰਾਧ ਕਰਨ ਵਾਲੇ ਵਿਸ਼ਵ ਨੇਤਾਵਾਂ ਦੀ ਸੂਚੀ ’ਚ ਪਾ ਦਿਤਾ ਹੈ।
ਮੁੱਖ ਵਕੀਲ ਕਰੀਮ ਖਾਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਮੇਤ ਦੋ ਇਜ਼ਰਾਈਲੀ ਨੇਤਾਵਾਂ ਅਤੇ ਹਮਾਸ ਦੇ ਤਿੰਨ ਨੇਤਾਵਾਂ ਵਿਰੁਧ ਗ੍ਰਿਫਤਾਰੀ ਵਾਰੰਟ ਦਾ ਐਲਾਨ ਕੀਤਾ।
ਵਕੀਲ ਨੇ 7 ਅਕਤੂਬਰ ਨੂੰ ਹਮਾਸ ’ਤੇ ਹੋਏ ਹਮਲੇ ’ਤੇ ਧਿਆਨ ਕੇਂਦਰਿਤ ਕੀਤਾ। ਇਸ ਦਿਨ ਕੱਟੜਪੰਥੀਆਂ ਨੇ ਦਖਣੀ ਇਜ਼ਰਾਈਲ ’ਤੇ ਹਮਲਾ ਕੀਤਾ ਸੀ, ਜਿਸ ’ਚ ਕਰੀਬ 1200 ਲੋਕ ਮਾਰੇ ਗਏ ਸਨ ਅਤੇ ਕਰੀਬ 250 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ, ਜਿਸ ਦੇ ਜਵਾਬ ’ਚ ਇਜ਼ਰਾਈਲ ਨੇ ਗਾਜ਼ਾ ’ਚ ਫੌਜੀ ਹਮਲਾ ਕੀਤਾ ਸੀ, ਜਿਸ ’ਚ ਕਰੀਬ 35 ਹਜ਼ਾਰ ਫਲਸਤੀਨੀ ਮਾਰੇ ਗਏ ਸਨ।
ਨੇਤਨਯਾਹੂ ਨੇ ਸੋਮਵਾਰ ਨੂੰ ਅਦਾਲਤ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਅਤੇ ਇਸ ਨੂੰ ਹਕੀਕਤ ਤੋਂ ਕੋਹਾਂ ਦੂਰ ਦਸਿਆ । ਉਨ੍ਹਾਂ ਕਿਹਾ ਕਿ ਮੈਂ ਹੇਗ ਦੇ ਵਕੀਲ ਵਲੋਂ ਡੈਮੋਕ੍ਰੇਟਿਕ ਇਜ਼ਰਾਈਲ ਅਤੇ ਹਮਾਸ ਸਮੂਹਕ ਕਾਤਲਾਂ ਵਿਚਾਲੇ ਕੀਤੀ ਗਈ ਤੁਲਨਾ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹਾਂ।
ਹਮਾਸ ਨੇ ਇਕ ਬਿਆਨ ਵਿਚ ਦੋਸ਼ ਲਾਇਆ ਕਿ ਵਕੀਲ ਪੀੜਤ ਦੀ ਤੁਲਨਾ ਜਲਾਦ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਿਆਨ ਮੁਤਾਬਕ ਹਮਾਸ ਨੂੰ ਇਜ਼ਰਾਈਲ ਦੇ ਕਬਜ਼ੇ ਦਾ ਵਿਰੋਧ ਕਰਨ ਦਾ ਅਧਿਕਾਰ ਹੈ।
ਕੌਮਾਂਤਰੀ ਅਪਰਾਧਕ ਅਦਾਲਤ ਦੀ ਸਥਾਪਨਾ 2002 ’ਚ ਜੰਗ ਦੌਰਾਨ ਅਪਰਾਧਾਂ, ਮਨੁੱਖਤਾ ਵਿਰੁਧ ਅਪਰਾਧਾਂ, ਨਸਲਕੁਸ਼ੀ ਅਤੇ ਹਮਲੇ ਲਈ ਲੋਕਾਂ ’ਤੇ ਮੁਕੱਦਮਾ ਚਲਾਉਣ ਲਈ ਕੀਤੀ ਗਈ ਸੀ। ਇਜ਼ਰਾਈਲ, ਅਮਰੀਕਾ, ਚੀਨ ਅਤੇ ਰੂਸ ਸਮੇਤ ਕਈ ਦੇਸ਼ ਅਦਾਲਤ ਦੇ ਅਧਿਕਾਰ ਖੇਤਰ ਨੂੰ ਮਨਜ਼ੂਰ ਨਹੀਂ ਕਰਦੇ।