ਪ੍ਰਧਾਨ ਮੰਤਰੀ ਵੱਲੋਂ ਪਟਿਆਲਾ ‘ਚ ਚੋਣ ਰੈਲੀ, ਵਿਰੋਧ ਕਰ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਰੋਕਿਆ
ਪਟਿਆਲ਼ਾ 23 ਮਈ 2024 (ਫਤਿਹ ਪੰਜਾਬ) ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ PM Modi Visit Punjab ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਪੋਲੋ ਗਰਾਊਂਡ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਕੀਤੀ ਚੋਣ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਕਾਗਜ਼ੀ ਮੁੱਖ ਮੰਤਰੀ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਗਜ਼ੀ CM ਨੂੰ ਤਾਂ ਦਿੱਲੀ ਦਰਬਾਰ ‘ਚ ਹਾਜ਼ਰੀ ਲਗਾਉਣ ਤੋਂ ਹੀ ਫੁਰਸਤ ਨਹੀਂ ਮਿਲਦੀ ਤੇ ਉਹ ਪੰਜਾਬ ਦਾ ਕੀ ਭਲਾ ਕਰੇਗਾ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਦਿਖਾਵੇ ਲਈ ਦਿੱਲੀ ਦੀ ਕੱਟੜ ਭ੍ਰਿਸ਼ਟ ਪਾਰਟੀ ਅਤੇ ਸਿੱਖ ਹਮਲੇ ਲਈ ਜਿੰਮੇਵਾਰ ਧਿਰ ਆਪਸ ਵਿੱਚ ਲੜਨ ਦਾ ਢੌਂਗ ਰਚ ਰਹੇ ਹਨ ਪਰ ਸੱਚਾਈ ਇਹ ਹੈ ਕਿ ਦੋਵੇਂ ਧਿਰਾਂ ਇੱਕ ਹਨ ਤੇ ਦੁਕਾਨ ਵੀ ਇੱਕ ਹੀ ਹੈ।
ਉਨ੍ਹਾਂ ਕਿਹਾ ਕਿ ਮੋਦੀ ਦੇਸ਼ ਦੀ ਵੰਡ ਤੋਂ ਪੀੜਤ ਦਲਿਤ ਸਿੱਖ ਭੈਣਾਂ-ਭਰਾਵਾਂ ਨੂੰ ਨਾਗਰਿਕਤਾ ਦੇ ਰਿਹਾ ਹੈ। ਜੇਕਰ CAA ਨਹੀਂ ਹੈ ਤਾਂ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਸਿੱਖ ਨਾਗਰਿਕਾਂ ਨੂੰ ਨਾਗਰਿਕਤਾ ਕੌਣ ਦੇਵੇਗਾ? ਉਨਾ ਕਿਹਾ ਕਿ ਕੁੱਝ ਲੋਕਾਂ ਨੇ CAA ਦੇ ਨਾਂ ‘ਤੇ ਦੰਗੇ ਕਰਵਾਏ।
ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਕੀਤੀ ਫਤਿਹ ਰੈਲੀ ਦੌਰਾਨ ਮੰਚ ਉਤੇ ਪ੍ਰਧਾਨ ਮੰਤਰੀ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਮੰਚ ‘ਤੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ, ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ, ਸੂਬਾ ਪ੍ਰਧਾਨ ਸੁਨੀਲ ਜਾਖੜ, ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਅਰਵਿੰਦ ਖੰਨਾ, ਜਗਦੀਪ ਸਿੰਘ ਨੱਕਈ ਅਤੇ ਮਨਪ੍ਰੀਤ ਸਿੰਘ ਬਾਦਲ ਵੀ ਮੌਜੂਦ ਸਨ।
ਇਸ ਰੈਲੀ ਤੋਂ ਪਹਿਲਾਂ ਕਾਫੀ ਹੰਗਾਮਾ ਹੋਇਆ। ਰੈਲੀ ਦਾ ਵਿਰੋਧ ਕਰਨ ਲਈ ਪਟਿਆਲਾ ਆ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਘੇਰ ਲਿਆ। ਕਿਸਾਨ ਰਾਜਪੁਰਾ ਵਾਲੇ ਪਾਸੇ ਤੋਂ ਪਟਿਆਲਾ ਵਿੱਚ ਦਾਖਲ ਹੋਣਾ ਚਾਹੁੰਦੇ ਸਨ।
ਇੱਥੇ ਪੁਲਿਸ ਦੇ ਨਾਲ ਅਰਧ ਸੈਨਿਕ ਬਲ ਵੀ ਤਾਇਨਾਤ ਸਨ। ਪੁਲਿਸ ਵੱਲੋਂ ਸੜਕ ਉੱਤੇ ਰਸਤਾ ਰੋਕਣ ਲਈ ਰੇਤ ਨਾਲ ਭਰੇ ਟਰੱਕ ਅਤੇ ਬੈਰੀਕੇਡ ਲਾਏ ਗਏ। ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਪਟਿਆਲਾ-ਰਾਜਪੁਰਾ ਹਾਈਵੇਅ ਨੂੰ ਪੂਰਾ ਬੰਦ ਕਰ ਦਿੱਤਾ।
ਦੂਜੇ ਪਾਸੇ ਧਰਨੇ ਸਬੰਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਧਰਨੇ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਦੇ ਪਰਿਵਾਰ ਦੇ ਪਟਿਆਲਾ ਵਾਸੀਆਂ ਨਾਲ ਪਰਿਵਾਰਕ ਸਬੰਧ ਹਨ।