ਚੰਡੀਗੜ੍ਹ 26 ਮਈ 2024 (ਫਤਿਹ ਪੰਜਾਬ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੀ ਮਾਣਮੱਤੀ ਖਿਡਾਰਨ ਰਾਜਵੰਤ ਕੌਰ ਨੇ ਇੰਗਲੈਂਡ ਵਿਚ ਦੋ ਸੋਨ ਤਮਗ਼ੇ ਜਿੱਤ ਕੇ ਵਿਸ਼ਵ ਕੱਪ ਦੀ ਟਿਕਟ ਪੱਕੀ ਮਰ ਲਈ ਹੈ। 

ਰਾਜਵੰਤ ਨੇ ਬ੍ਰਿਟਿਸ਼ ਪਾਵਰ ਲਿਫਟਿੰਗ ਫੈਡਰੇਸ਼ਨ ਅਤੇ ਵਰਲਡ ਪਾਵਰ ਲਿਫਟਿੰਗ ਯੂਨੀਅਨ ਵੱਲੋਂ ਕਰਵਾਈ ਬ੍ਰਿਟਿਸ਼ ਇੰਟਰਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਇਹ ਉਪਲਬਧੀ ਹਾਸਲ ਕੀਤੀ ਹੈ। ਉਸ ਨੇ 115 ਕਿਲੋ ਅਤੇ 55 ਕਿਲੋ ਭਾਰ ਵਰਗ ਵਿੱਚ ਦੇਸ਼ ਲਈ ਦੋਵੇਂ ਸੋਨ ਤਮਗ਼ੇ ਜਿੱਤੇ ਹਨ

ਉਸ ਨੂੰ ਇੰਗਲੈਂਡ ਵਿਚ ਹੋਣ ਵਾਲੇ ਇਸ ਮੁਕਾਬਲੇ ਲਈ ਪਾਵਰ ਲਿਫਟਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਚੁਣਿਆ ਗਿਆ ਸੀ। ਪਾਵਰ ਲਿਫਟਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਕੈਪਟਨ ਜਗਪ੍ਰੀਤ ਸਿੰਘ ਦੀ ਅਗਵਾਈ ਵਿਚ ਭਾਰਤੀ ਟੀਮ ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਇੰਗਲੈਂਡ ਗਈ ਸੀ। ਦੱਸ ਦੇਈਏ ਕਿ ਰਾਜਵੰਤ ਕੌਰ ਖਰੜ (ਮੁਹਾਲੀ) ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਸੁਮਿੰਦਰ ਸਿੰਘ ਪੇਸ਼ੇ ਤੋਂ ਕਿਸਾਨ ਸਨ ਪਰ ਉਨ੍ਹਾਂ ਦੀ ਮੌਤ ਹੋ ਗਈ ਹੈ। ਰਾਜਵੰਤ ਕੌਰ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਕੋਚ, ਫੈਡਰੇਸ਼ਨ ਅਤੇ ਆਪਣੀ ਮਿਹਨਤ ਨੂੰ ਦਿੱਤਾ ਹੈ।

ਹੁਣ ਰਾਜਵੰਤ ਕੌਰ 29 ਤੋਂ 30 ਜੂਨ ਤੱਕ ਸਪੇਨ ਵਿੱਚ ਹੋਣ ਵਾਲੇ ਵਿਸ਼ਵ ਪਾਵਰ ਲਿਫਟਿੰਗ ਕੱਪ ਵਿਚ ਹਿੱਸਾ ਲਵੇਗੀ। ਰਾਜਵੰਤ ਕੌਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਹ ਇਸ ਵਿਸ਼ਵ ਕੱਪ ਵਿੱਚ ਵੀ ਆਪਣਾ ਪ੍ਰਦਰਸ਼ਨ ਦੁਹਰਾਏਗੀ ਅਤੇ ਦੇਸ਼ ਲਈ ਤਗਮਾ ਜਿੱਤੇਗੀ। ਇਸ ਦੇ ਨਾਲ ਹੀ ਸਾਬਕਾ WWE ਅਤੇ ਵਰਲਡ ਹੈਵੀ ਵੇਟ ਚੈਂਪੀਅਨ ਦਿ ਗ੍ਰੇਟ ਖਲੀ ਨੇ ਵੀ ਰਾਜਵੰਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਦੋ ਮੈਡਲ ਜਿੱਤਣ ‘ਤੇ ਉਸ ਨੂੰ ਵਧਾਈ ਦਿੱਤੀ। ਤਗਮਾ ਜਿੱਤਣ ਤੋਂ ਬਾਅਦ ਰਾਜਵੰਤ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ।

Skip to content