ਕਿਹਾ, ਨਹੀਂ ਤਾਂ ਤੁਹਾਡੇ ਸੰਸਦ ਮੈਂਬਰ ਤੋੜ ਕੇ ਆਪਣੇ ਵਿੱਚ ਸ਼ਾਮਲ ਕਰ ਲਵੇਗੀ ਭਾਜਪਾ
ਨਵੀਂ ਦਿੱਲੀ 12 ਜੂਨ 2024 (ਫਤਿਹ ਪੰਜਾਬ) Aam Aadmi Party (AAP) ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਵਿਚਲੇ ਸੱਤਾਧਾਰੀ ਗੱਠਜੋੜ ਦੇ ਭਾਈਵਾਲਾਂ- Janta Dal ਜਨਤਾ ਦਲ (ਯੂਨਾਈਟਿਡ) ਅਤੇ Telugu Desam Party ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੂੰ ਸਲਾਹ ਦਿੱਤੀ ਕਿ ਉਹ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਵਿੱਚੋਂ ਕਿਸੇ ਇੱਕ ਨੂੰ ਲੋਕ ਸਭਾ ਸਪੀਕਰ ਵਜੋਂ ਚੁਣਨ ਤਾਂ ਜੋ ਭਾਜਪਾ ਵੱਲੋਂ ਭਵਿੱਖ ਵਿੱਚ ਉਨ੍ਹਾਂ ਦੀਆਂ ਪਾਰਟੀਆਂ ਅੰਦਰ ਫੁੱਟ ਪੈਣ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ।
ਇਸ ਪੱਖ ਤੋਂ ਸਾਵਧਾਨ ਕਰਦੇ ਹੋਏ, ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਕੇਂਦਰ ਵਿੱਚ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਸਰਕਾਰ ਦੀ ਅਗਵਾਈ ਕਰ ਰਹੀ ਭਾਜਪਾ ਨੇ ਸੰਸਦ ਵਿੱਚ ਆਪਣੀ ਗਿਣਤੀ ਵਧਾਉਣ ਲਈ ਪਿਛਲੇ ਸਮੇਂ ਦੌਰਾਨ ਵੀ ਕਈ ਪਾਰਟੀਆਂ ਵਿੱਚੋਂ ਨੇਤਾ ਤੋੜ ਕੇ ਦਲ-ਬਦਲੀ ਕੀਤੀ ਹੈ।
ਉਸਨੇ ਕਿਹਾ ਕਿ ਐਨਡੀਏ ਦੀਆਂ ਛੋਟੀਆਂ ਪਾਰਟੀਆਂ ਦੇ ਮੰਤਰੀਆਂ ਨੂੰ ਕੀਤੀ ਵਿਭਾਗਾਂ ਦੀ ਵੰਡ ਵੀ ਭਾਜਪਾ ਦੀ ਸੰਭਾਵੀ ਕਾਰਜਸ਼ੈਲੀ ਦਾ ਸੰਕੇਤ ਹੈ। ਉੱਨਾਂ ਕਿਹਾ ਕਿ ਭਾਜਪਾ ਨੇ ਲੋਕ ਸਭਾ ਵਿੱਚ ਬਹੁਮੱਤ ਦੇ ਅੰਕੜੇ ਤੋਂ ਘੱਟ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਸਮਰਥਨ ਦੀ ਲੋੜ ਦੇ ਬਾਵਜੂਦ ਉਨ੍ਹਾਂ ਨੂੰ “ਮਾਮੂਲੀ” ਭਾਈਵਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਆਪ ਨੇਤਾ ਨੇ ਖ਼ਦਸ਼ਾ ਜਿਤਾਇਆ ਕਿ ਜੇਕਰ ਭਾਜਪਾ ਦਾ ਕੋਈ ਸੰਸਦ ਮੈਂਬਰ ਸਪੀਕਰ ਬਣ ਜਾਂਦਾ ਹੈ ਤਾਂ ਇਸ ਨਾਲ ਦੇਸ਼ ਦੇ ਲੋਕਤੰਤਰ ਲਈ ਤਿੰਨ ਖ਼ਤਰੇ ਪੈਦਾ ਹੋਣਗੇ। ਪਹਿਲਾਂ, ਸੰਵਿਧਾਨ ਨੂੰ ਤੋੜਿਆ ਜਾਵੇਗਾ। ਦੂਜਾ, ਟੀਡੀਪੀ, ਜੇਡੀ(ਯੂ), ਜੇਡੀ(ਐਸ) ਅਤੇ ਆਰਐਲਡੀ ਵਰਗੇ ਐਨਡੀਏ ਦੇ ਹਿੱਸੇ ਤੋੜ ਕੇ ਭਾਜਪਾ ਵਿੱਚ ਸ਼ਾਮਲ ਕਰ ਲਏ ਜਾਣਗੇ। ਤੀਜਾ, ਜੇਕਰ ਕੋਈ ਸੰਸਦ ਮੈਂਬਰ ਸਰਕਾਰ ਦੇ ਕਿਸੇ ਮਨਮਾਨੇ ਕਾਨੂੰਨ ਵਿਰੁੱਧ ਆਵਾਜ਼ ਉਠਾਵੇਗਾ ਤਾਂ ਉਸ ਮੈਂਬਰ ਨੂੰ ਮਾਰਸ਼ਲਾਂ ਦੁਆਰਾ ਲੋਕ ਸਭਾ ਸਦਨ ਤੋਂ ਬਾਹਰ ਸੁੱਟ ਦਿੱਤਾ ਜਾਵੇਗਾ।
ਉਸਨੇ ਕਿਹਾ ਕਿ ਇਸ ਲਈ ਮੈਂ ਟੀਡੀਪੀ ਅਤੇ ਜੇਡੀ(ਯੂ) ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਹਿੱਤਾਂ, ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਸਪੀਕਰ ਦੇ ਅਹੁਦੇ ਲਈ ਜ਼ੋਰ ਪਾਉਣ।
ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਭਾਜਪਾ ਸਪੀਕਰ ਦੇ ਅਹੁਦੇ ਲਈ ਦੋਵਾਂ ਪਾਰਟੀਆਂ ਦੇ ਇੱਕ ਸੰਸਦ ਮੈਂਬਰ ਦਾ ਸਮਰਥਨ ਨਹੀਂ ਕਰਦੀ ਹੈ ਤਾਂ ਟੀਡੀਪੀ ਨੂੰ ਆਪਣੇ 16 ਸੰਸਦ ਮੈਂਬਰਾਂ ਨਾਲ ਆਪਣਾ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਹੈ, ਜਿਸ ਨੂੰ ਵਿਰੋਧੀ ਧਿਰ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਵੱਲੋਂ ਸਮਰਥਨ ਕੀਤਾ ਜਾਵੇਗਾ। ਉਸ ਸਥਿਤੀ ਵਿੱਚ, ਭਾਰਤੀ ਲੋਕਤੰਤਰ ਅਤੇ ਇਸ ਦੀਆਂ ਸੰਸਦੀ ਪਰੰਪਰਾਵਾਂ ਦੀ ਰੱਖਿਆ ਲਈ ਇੰਡੀਆ ਗੱਠਜੋੜ ਦੇ ਮੈਂਬਰਾਂ ਦੀ ਇੱਕ ਮਹੱਤਵਪੂਰਨ ਭੂਮਿਕਾ ਹੋਵੇਗੀ।
ਯਾਦ ਰਹੇ ਕਿ ਤਾਜ਼ਾ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਿਰਫ 240 ਸੀਟਾਂ ਮਿਲੀਆਂ ਹਨ ਜੋ ਆਪਣੇ ਦਮ ‘ਤੇ ਸਰਕਾਰ ਬਣਾਉਣ ਲਈ 32 ਸੀਟਾਂ ਘੱਟ ਹਨ ਜਿਸ ਕਰਕੇ ਭਾਜਪਾ ਹੁਣ 543 ਮੈਂਬਰੀ ਲੋਕ ਸਭਾ ਵਿੱਚ 272 ਦੇ ਬਹੁਮਤ ਦਾ ਅੰਕੜਾ ਹਾਸਲ ਕਰਨ ਲਈ ਟੀਡੀਪੀ ਅਤੇ ਜੇਡੀ (ਯੂ) ‘ਤੇ ਪੂਰੀ ਤਰਾਂ ਨਿਰਭਰ ਹੈ ਕਿਉਂਕਿ ਦੋਵਾਂ ਪਾਰਟੀਆਂ ਦੇ ਲੋਕ ਸਭਾ ਵਿੱਚ ਕ੍ਰਮਵਾਰ 16 ਅਤੇ 12 ਮੈਂਬਰ ਹਨ।