ਬਨਾਰਸ ਹਿੰਦੂ ਯੂਨੀਵਰਸਿਟੀ ਦੇ ਅਧਿਐਨ ‘ਚ ਸਾਹ ਨਲੀ ਦਾ ਇਨਫੈਕਸ਼ਨ ਤੇ ਖੂਨ ਜੰਮਣ ਦੇ ਕੇਸ ਮਿਲੇ

ਨਵੀਂ ਦਿੱਲੀ 16 ਮਈ 2024 (ਫਤਿਹ ਪੰਜਾਬ) ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ- ਕੋਵੈਕਸੀਨ Covaxin ਦੇ ਵੀ ਮਾੜੇ ਪ੍ਰਭਾਵ ਹਨ। ਇਕਨਾਮਿਕ ਟਾਈਮਜ਼ ਨੇ ਸਾਇੰਸ ਜਰਨਲ ਸਪ੍ਰਿੰਗਰਲਿੰਕ ਵਿਚ ਪ੍ਰਕਾਸ਼ਿਤ ਇਕ ਖੋਜ ਦੇ ਹਵਾਲੇ ਨਾਲ ਇਹ ਲਿਖਿਆ ਹੈ। ਇਸ ਖੋਜ ਅਨੁਸਾਰ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਵਿੱਚ ਹੋਏ ਅਧਿਐਨ ਵਿੱਚ ਹਿੱਸਾ ਲੈਣ ਵਾਲੇ ਲਗਭਗ ਇੱਕ ਤਿਹਾਈ ਲੋਕਾਂ ਵਿੱਚ ਕੋਵੈਕਸੀਨ ਦੇ ਮਾੜੇ ਪ੍ਰਭਾਵ ਦੇਖੇ ਗਏ।

ਇਨ੍ਹਾਂ ਲੋਕਾਂ ਵਿੱਚ ਸਾਹ ਨਲੀ ਦਾ ਇਨਫੈਕਸ਼ਨ, ਖੂਨ ਦੇ ਥੱਕੇ ਜੰਮਣ blood clotting ਅਤੇ ਚਮੜੀ ਨਾਲ ਸਬੰਧਤ ਬਿਮਾਰੀਆਂ ਦੇਖੀਆਂ ਗਈਆਂ। ਖੋਜਕਰਤਾਵਾਂ ਨੇ ਲੱਭਿਆ ਹੈ ਕਿ ਜਵਾਨ ਹੋ ਰਹੇ ਅੱਲੜਾਂ, ਖਾਸ ਤੌਰ ‘ਤੇ ਲੜਕੀਆਂ ਅਤੇ ਕਿਸੇ ਵੀ ਤਰਾਂ ਦੀ ਐਲਰਜੀ ਤੋਂ ਪੀੜਤ ਲੋਕਾਂ ਨੂੰ ਕੋਵੈਕਸੀਨ ਤੋਂ ਖ਼ਤਰਾ ਹੀ ਹੈ।

ਹਾਲਾਂਕਿ, ਕੁਝ ਦਿਨ ਪਹਿਲਾਂ, ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਬਣਾਇਆ ਗਿਆ ਟੀਕਾ ਪੂਰਾ ਸੁਰੱਖਿਅਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਵੈਕਸੀਨ ਦੇ ਦੋ ਟੀਕੇ ਲਗਵਾਏ ਸਨ।

ਯੂਨੀਵਰਸਿਟੀ ਦੀ ਇਸ ਖੋਜ ਦੌਰਾਨ ਕੋਵੈਕਸੀਨ ਟੀਕੇ ਕਾਰਨ ਹੋਣ ਵਾਲੀਆਂ 3 ਸਮੱਸਿਆਵਾਂ ਸਾਹਮਣੇ ਆਈਆਂ ਹਨ ਜਿੰਨਾਂ ਵਿੱਚ ;

1. ਲੋਕਾਂ ਨੂੰ ਸਾਹ ਨਲੀ ਦਾ ਇਨਫੈਕਸ਼ਨ ਹੋ ਰਿਹਾ : ਇਹ ਅਧਿਐਨ ਕਰਨ ਵਾਲੇ ਸ਼ੰਖ ਸ਼ੁਭਰਾ ਚੱਕਰਵਰਤੀ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਦੇ ਅੰਕੜੇ ਇਕੱਠੇ ਕੀਤੇ ਹਨ ਜਿਨ੍ਹਾਂ ਨੇ ਸਾਲ ਪਹਿਲਾਂ ਵੈਕਸੀਨ ਦਾ ਟੀਕਾ ਲਵਾਇਆ ਸੀ। ਇਹ ਖੋਜ 1,024 ਲੋਕਾਂ ‘ਤੇ ਕੀਤੀ ਸੀ। ਇਨ੍ਹਾਂ ਵਿੱਚੋਂ 635 ਮੁੱਛ ਫੁੱਟ ਅੱਲੜ ਲੜਕੇ ਅਤੇ 291 ਬਾਲਗ ਸ਼ਾਮਲ ਸਨ।

ਅਧਿਐਨ ਦੇ ਅਨੁਸਾਰ, 304 (47.9%) ਅੱਲੜ ਜਵਾਨਾਂ ਅਤੇ 124 (42.6%) ਬਾਲਗਾਂ ਵਿੱਚ ਉੱਪਰਲੀ ਸਾਹ ਨਲੀ ਦੀ ਇਨਫੈਕਸ਼ਨ ਸੀ ਜਿਸ ਕਰਕੇ ਇੰਨਾਂ ਨੌਜਵਾਨਾਂ ਵਿੱਚ ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲੀਆਂ।

2. ਚਮੜੀ ਨਾਲ ਸਬੰਧਤ ਬਿਮਾਰੀਆਂ ਮਿਲੀਆਂ : ਇਸ ਅਧਿਐਨ ਦੌਰਾਨ ਦੇਖਿਆ ਗਿਆ ਕਿ ਖੋਜ ਵਿੱਚ ਹਿੱਸਾ ਲੈਣ ਵਾਲੇ ਨਬਾਲਗਾਂ ਵਿੱਚ ਚਮੜੀ ਨਾਲ ਸਬੰਧਤ ਬਿਮਾਰੀਆਂ (10.5%), ਦਿਮਾਗੀ ਪ੍ਰਣਾਲੀ ਨਾਲ ਸਬੰਧਤ ਵਿਕਾਰ (4.7%) ਅਤੇ ਆਮ ਡਿਸਆਰਡਰ (10.2%) ਪਾਏ ਗਏ। ਉਸੇ ਸਮੇਂ, ਬਾਲਗਾਂ ਨੂੰ ਆਮ ਵਿਕਾਰ (8.9%), ਮਾਸਪੇਸ਼ੀਆਂ ਅਤੇ ਹੱਡੀਆਂ ਨਾਲ ਸਬੰਧਤ ਵਿਕਾਰ (5.8%) ਅਤੇ ਦਿਮਾਗੀ ਪ੍ਰਣਾਲੀ ਨਾਲ ਸਬੰਧਤ ਡਿਸਆਰਡਰ (5.5%) ਦੇਖੇ ਗਏ।

3. ਗੁਇਲੇਨ ਬੇਰੀ ਸਿੰਡਰੋਮ (GBS) ਵੀ ਹੋ ਸਕਦਾ ਹੈ ; ਕੋਵੈਕਸੀਨ ਦੇ ਮਾੜੇ ਪ੍ਰਭਾਵਾਂ ‘ਤੇ ਹੋਏ ਇਸ ਅਧਿਐਨ ਦੌਰਾਨ 4.6% ਅੱਲੜ ਉਮਰ ਲੜਕੀਆਂ ਵਿੱਚ ਅਸਧਾਰਨ ਮਾਹਵਾਰੀ  (ਅਨਿਯਮਿਤ ਮਾਹਵਾਰੀ) ਦੇਖੀ ਗਈ ਹੈ। ਖੋਜ ਵਿੱਚ ਭਾਗ ਲੈਣ ਵਾਲਿਆਂ  ਦੀਆਂ ਅੱਖਾਂ ਦੀਆਂ abnormalities (ਅਸਧਾਰਨਤਾਵਾਂ) (2.7%) ਅਤੇ ਹਾਈਪੋਥਾਈਰੋਡਿਜ਼ਮ (0.6%) ਵੀ ਪਾਇਆ ਗਿਆ। ਇਸ ਦੇ ਨਾਲ ਹੀ, 0.3% ਜਵਾਨ ਅੱਲੜਾਂ ਵਿੱਚ ਸਟ੍ਰੋਕ  ਅਤੇ 0.1% ਭਾਗੀਦਾਰਾਂ ਵਿੱਚ ਗਿਲੇਨ ਬੇਰੀ ਸਿੰਡਰੋਮ (GBS) ਦੀ ਵੀ ਪਛਾਣ ਕੀਤੀ ਗਈ।

ਗੁਲਿਅਨ ਬੇਰੀ ਸਿੰਡਰੋਮ ਕੀ ਹੈ? ਯੂਐਸ ਨੈਸ਼ਨਲ ਇੰਸਟੀਚਿਊਟ ਆਫ਼ ਨਿਊਰੋਲੌਜੀਕਲ ਡਿਸਆਰਡਰਜ਼ ਐਂਡ ਸਟ੍ਰੋਕ (ਐਨਆਈਐਨਡੀਐਸ) ਅਨੁਸਾਰ, ਗੁਇਲੇਨ ਬੇਰੀ ਸਿੰਡਰੋਮ (ਜੀ.ਬੀ.ਐਸ.) ਇੱਕ ਦੁਰਲੱਭ ਨਿਊਰੋਲੌਜੀਕਲ ਬਿਮਾਰੀ ਹੈ ਜੋ ਲਕਵੇ ਵਾਂਗ ਹੀ ਸਰੀਰ ਦੇ ਵੱਡੇ ਹਿੱਸੇ ਨੂੰ ਹੌਲੀ ਹੌਲੀ ਨਿਕੰਮਾ ਬਣਾ ਦਿੰਦੀ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਧਿਐਨ ਵਿੱਚ ਹਿੱਸਾ ਲੈਣ ਵਾਲੇ ਜਿਨ੍ਹਾਂ ਕਿਸ਼ੋਰਾਂ ਅਤੇ ਬਾਲਗ ਔਰਤਾਂ ਨੂੰ ਪਹਿਲਾਂ ਕੋਈ ਐਲਰਜੀ ਸੀ ਅਤੇ ਜਿਨ੍ਹਾਂ ਨੂੰ ਟੀਕਾਕਰਨ ਤੋਂ ਬਾਅਦ ਟਾਈਫਾਈਡ ਹੋ ਗਿਆ ਸੀ ਉਨ੍ਹਾਂ ਨੂੰ ਵੱਧ ਖ਼ਤਰਾ ਸੀ।

ਉਧਰ ਭਾਰਤ ਬਾਇਓਟੈੱਕ ਨੇ ਕਿਹਾ ਸੀ ਉੱਨਾਂ ਵੱਲੋਂ ਬਣਾਈ ਕੋਵੈਕਸੀਨ ਦਵਾਈ ਦੇ ਕਾਰਨ ਕੋਈ ਵੀ ਬਿਮਾਰੀ ਦਾ ਕੇਸ ਸਾਹਮਣੇ ਨਹੀਂ ਆਇਆ। ਬੀਤੀ 2 ਮਈ ਨੂੰ ਕੰਪਨੀ ਨੇ ਕਿਹਾ ਸੀ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੋਵੈਕਸੀਨ ਦੀ ਸੁਰੱਖਿਆ ਦਾ ਮੁਲਾਂਕਣ ਕੀਤਾ ਗਿਆ ਸੀ। ਕੋਵੈਕਸੀਨ ਦੇ ਨਿਰਮਾਣ ਤੋਂ ਲੈ ਕੇ ਲਗਾਉਣ ਤੱਕ, ਇਸਦੀ ਸੁਰੱਖਿਆ ਦੀ ਲਗਾਤਾਰ ਨਿਗਰਾਨੀ ਕੀਤੀ ਗਈ ਸੀ। ਕੋਵੈਕਸੀਨ ਦੀ ਅਜ਼ਮਾਇਸ਼ ਨਾਲ ਸਬੰਧਤ ਸਾਰੇ ਅਧਿਐਨਾਂ ਅਤੇ ਸੁਰੱਖਿਆ ਫਾਲੋ-ਅਪ ਗਤੀਵਿਧੀਆਂ ਨੇ ਕੋਵੈਕਸੀਨ ਦੇ ਇੱਕ ਬਿਹਤਰੀਨ ਸੁਰੱਖਿਆ ਰਿਕਾਰਡ ਦਾ ਖੁਲਾਸਾ ਕੀਤਾ ਸੀ। ਹੁਣ ਤੱਕ, ਕੋਵੈਕਸੀਨ ਦੇ ਸਬੰਧ ਵਿੱਚ ਖੂਨ ਦੇ ਥੱਕੇ, ਥ੍ਰੋਮੋਸਾਈਟੋਪੇਨੀਆ, ਟੀਟੀਐਸ, ਵੀਆਈਟੀਟੀ, ਪੈਰੀਕਾਰਡਾਈਟਿਸ, ਮਾਇਓਕਾਰਡਾਇਟਿਸ ਵਰਗੀ ਕਿਸੇ ਵੀ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਕੰਪਨੀ ਨੇ ਕਿਹਾ ਸੀ ਕਿ ਤਜਰਬੇਕਾਰ ਇਨੋਵੇਟਰ ਅਤੇ ਉਤਪਾਦ ਡਿਵੈਲਪਰ ਹੋਣ ਦੇ ਨਾਤੇ ਭਾਰਤ ਬਾਇਓਟੈਕ ਟੀਮ ਨੂੰ ਪਤਾ ਸੀ ਕਿ ਕੋਰੋਨਾ ਵੈਕਸੀਨ ਦਾ ਪ੍ਰਭਾਵ ਕੁਝ ਸਮੇਂ ਲਈ ਹੋ ਸਕਦਾ ਹੈ, ਪਰ ਮਰੀਜ਼ ਦੀ ਸੁਰੱਖਿਆ ‘ਤੇ ਇਸ ਦਾ ਪ੍ਰਭਾਵ ਉਮਰ ਭਰ ਤੱਕ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਸਾਡਾ ਪੂਰਾ ਧਿਆਨ ਸਾਡੇ ਸਾਰੇ ਟੀਕਿਆਂ ਦੀ ਸੁਰੱਖਿਆ ‘ਤੇ ਰਹਿੰਦਾ ਹੈ।

ਕੋਵਿਸ਼ੀਲਡ ਦੇ ਸੰਬੰਧ ਵਿੱਚ ਵਿਵਾਦ ਕੋਵਿਸ਼ੀਲਡ ਦੇ ਸੰਬੰਧ ਵਿੱਚ ਇੱਕ ਵਿਵਾਦ ਚੱਲ ਰਿਹਾ ਹੈ ਕਿ ਕੁਝ ਮਾਮਲਿਆਂ ਵਿੱਚ ਲੋਕਾਂ ਨੂੰ ਥ੍ਰੋਮੋਬਸਿਸ ਥ੍ਰੋਮਬੋਸਾਈਟੋਪੇਨੀਆ ਸਿੰਡਰੋਮ ਯਾਨੀ ਟੀਟੀਐਸ ਹੋ ਸਕਦਾ ਹੈ। ਇਸ ਬਿਮਾਰੀ ਦੇ ਕਾਰਨ ਸਰੀਰ ਵਿੱਚ ਖੂਨ ਦੇ ਥੱਕੇ ਜੰਮ ਜਾਂਦੇ ਹਨ ਅਤੇ ਪਲੇਟਲੈਟਸ ਦੀ ਗਿਣਤੀ ਘੱਟ ਜਾਂਦੀ ਹੈ। ਸਟ੍ਰੋਕ ਅਤੇ ਦਿਲ ਦੀ ਧੜਕਣ ਰੁਕਣ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।

ਦਰਅਸਲ, ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ ਕੋਵਿਸ਼ੀਲਡ ਹੈ। ਇਸ ਨੂੰ ਪੁਣੇ ਦੇ ਸੀਰਮ ਇੰਸਟੀਚਿਊਟ ਨੇ ਬਣਾਇਆ ਹੈ। Covishield ਫਾਰਮੂਲਾ ਬ੍ਰਿਟਿਸ਼ ਫਾਰਮਾ ਕੰਪਨੀ AstraZeneca ਤੋਂ ਲਿਆ ਗਿਆ ਹੈ। AstraZeneca ਨੇ ਹੁਣ ਬਰਤਾਨਵੀ ਅਦਾਲਤ ਵਿੱਚ ਮੰਨਿਆ ਹੈ ਕਿ ਉਨ੍ਹਾਂ ਦੇ ਇਸ ਟੀਕੇ ਦੇ ਗੰਭੀਰ ਮਾੜੇ ਪ੍ਰਭਾਵ side effects ਹਨ।

Skip to content