ਟਕਸਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨੀ ਮਸਲੇ ਦੇ ਹੱਲ ਦੀ ਰੱਖੀ ਸ਼ਰਤ
ਅੰਮ੍ਰਿਤਸਰ 9 ਜਨਵਰੀ 2025 (ਬਿਊਰੋ) ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਅਗਵਾਈ ਵਾਲੇ Mahyuti ‘ਮਹਾਯੁਤੀ’ ਗੱਠਜੋੜ ਨੂੰ ਸਮਰਥਨ ਦੇਣ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੀ Damdami Taksal ਦਮਦਮੀ ਟਕਸਾਲ ਵੱਲੋਂ ਪੰਜਾਬ ‘ਚ ਭਗਵਾ ਪਾਰਟੀ ਨਾਲ ਗਠਜੋੜ ਹੋਣ ਦੇ ਆਸਾਰ ਬਣ ਆ ਸਕਦੇ ਹਨ ਪਰ ਇਸ ਲਈ ਪਹਿਲੀ ਅਤੇ ਮੁੱਖ ਸ਼ਰਤ ਬੰਦੀ ਸਿੰਘਾਂ (ਸਿੱਖ ਕੈਦੀਆਂ) ਦੀ ਰਿਹਾਈ ਅਤੇ ਕਿਸਾਨੀ ਮਸਲੇ ਦੇ ਹੱਲ ਬਾਰੇ ਹੋਵੇਗੀ।
ਇਸ ਬਾਰੇ ਟਕਸਾਲ ਦੇ ਬੁਲਾਰੇ ਜਤਿੰਦਰ ਸਿੰਘ ਖਾਲਸਾ ਨੇ ਟੀਓਆਈ ਨੂੰ ਦੱਸਿਆ ਕਿ “ਪੰਜਾਬ ਵਿੱਚ ਸਾਡੀਆਂ ਕੁਝ ਮੁੱਖ ਮੰਗਾਂ ਅਤੇ ਸ਼ਰਤਾਂ ਹਨ ਜਿਨ੍ਹਾਂ ਵਿੱਚ ਕੁਝ ਪੰਥਕ ਮੁੱਦੇ ਤੇ ਦੂਜਾ ਵੱਡਾ ਮੁੱਦਾ ਕਿਸਾਨਾਂ ਦਾ ਹੈ। ਜੇਕਰ ਕੋਈ ਗੱਲਬਾਤ ਸਿਰੇ ਲਗਦੀ ਹੈ ਤਾਂ ਪਹਿਲੀ ਅਤੇ ਮੁੱਖ ਸ਼ਰਤ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ। ਜੇਕਰ ਉਹ ਇਸ ਮੁੱਦੇ ‘ਤੇ ਸਹਿਮਤ ਹੁੰਦੇ ਹਨ ਤਾਂ ਹੀ ਗੱਲ ਅੱਗੇ ਵਧ ਸਕਦੀ ਹੈ। ਜੇਕਰ ਸਾਡੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ, ਤਾਂ ਦਮਦਮੀ ਟਕਸਾਲ ਉਨ੍ਹਾਂ ਦਾ ਸਮਰਥਨ ਕਰ ਸਕਦੀ ਹੈ।”
ਦੱਸ ਦੇਈਏ ਕਿ ਪਿਛਲੇ ਸਮੇਂ ਤੋਂ, ਟਕਸਾਲ ਦੇ ਬਿਆਨਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਜਤਿੰਦਰ ਸਿੰਘ ਖਾਲਸਾ ਸਭ ਤੋਂ ਅੱਗੇ ਹੈ ਅਤੇ ਮਹਾਰਾਸ਼ਟਰ ਵਿੱਚ ਭਾਜਪਾ ਨੂੰ ਸਮਰਥਨ ਦੇਣ ਦੇ ਮੁੱਦੇ ਉੱਪਰ ਬਾਬਾ ਧੁੰਮਾ ਖਿਲਾਫ ਦੇਸ਼-ਵਿਦੇਸ਼ ਵਿੱਚ ਵਿਰੋਧ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦੇਣ ਲਈ ਪਿਛਲੇ ਮਹੀਨੇ ਟਕਸਾਲ ਦੇ ਮੁੱਖ ਦਫਤਰ ਚੌਂਕ ਮਹਿਤਾ ਵਿਖੇ ਹੋਈ ਮੀਟਿੰਗ ਮੌਕੇ ਵੀ ਉਹ ਮੁੱਖ ਬੁਲਾਰਾ ਸੀ।
ਇਹ ਪੁੱਛੇ ਜਾਣ ‘ਤੇ ਕਿ ਕੀ ਭਾਜਪਾ ਨਾਲ ਸਮਝੌਤਾ ਸਿਰਫ ਸਮਰਥਨ ਦੇਣ ਜਾਂ ਗਠਜੋੜ ਤੱਕ ਰਹੇਗਾ,? ਤਾਂ ਉਨ੍ਹਾਂ ਕਿਹਾ, “ਪੰਜਾਬ ਵਿੱਚ ਬਹੁਤ ਮੰਥਨ ਚੱਲ ਰਿਹਾ ਹੈ ਅਤੇ ਸੰਭਾਵਨਾ ਗਠਜੋੜ ਤੱਕ ਵੀ ਜਾ ਸਕਦੀ ਹੈ। ਪਰ ਸਭ ਕੁਝ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਮੁੱਖ ਸ਼ਰਤਾਂ ਉਪਰ ਕੀ ਨਤੀਜਾ ਨਿਕਲਦਾ ਹੈ। ਅਜਿਹਾ ਵੀ ਲਗਦਾ ਹੈ ਕਿ ਗਠਜੋੜ ਹੋਵੇ ਅਤੇ ਚੋਣਾਂ ਲੜਨ ਲਈ ਸੀਟਾਂ ਦੀ ਵੰਡ ਹੋ ਜਾਵੇ। ਇਸ ਲਈ ਅਸੀਂ ਇੱਕ ਵੱਖਰਾ ਸਿਆਸੀ ਸੰਗਠਨ ਬਣਾ ਕੇ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ।
ਭਾਜਪਾ ਪ੍ਰਤੀ ਸਿੱਖਾਂ ਵਿੱਚ ਕਾਫ਼ੀ ਸੰਸੇ-ਖ਼ਦਸ਼ੇ ਹੋਣ ਦੀ ਗੱਲ ਨੂੰ ਸਵੀਕਾਰ ਕਰਦਿਆਂ ਟਕਸਾਲ ਦੇ ਬੁਲਾਰੇ ਨੇ ਦਲੀਲ ਦਿੱਤੀ ਕਿ ਉਨਾਂ ਨੂੰ ਗਿਆਨ ਹੈ ਕਿ ਭਾਜਪਾ ਨਾਲ ਗੱਠਜੋੜ ਕਰਨਾ ਇੱਕ ਨਾਪਸੰਦੀਦਾ ਚਾਲ ਹੈ ਪਰ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਕਿਸੇ ਨੂੰ ਤਾਂ ਅੱਗੇ ਆਉਣਾ ਪਵੇਗਾ। ਸਾਡਾ ਧਿਆਨ ਮੁੱਦਿਆਂ ‘ਤੇ ਰਹੇਗਾ। ਕੁੱਝ ਮੁੱਦਿਆਂ ਉੱਤੇ ਅੱਗੇ ਵਧਣ ਲਈ ਸਮਝੌਤਾ ਹੋ ਸਕਦਾ ਹੈ। ਜੇਕਰ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਖਦਸ਼ੇ ਵੀ ਦੂਰ ਹੋ ਜਾਣਗੇ। ਜੇਕਰ ਮਸਲੇ ਹੱਲ ਹੋ ਜਾਂਦੇ ਹਨ ਤਾਂ ਸਿੱਖ ਵੀ ਇਸ ਰਾਏ ਨਾਲ ਸਹਿਮਤ ਹੋ ਜਾਣਗੇ।”
ਖਾਲਸਾ ਨੇ ਕਿਹਾ ਕਿ ਕਰੀਬ 25 ਸਾਲ ਪਹਿਲਾਂ ਆਰਐਸਐਸ ਦੇ ਤਤਕਾਲੀ ਮੁਖੀ ਕੇ.ਸੀ. ਸੁਦਰਸ਼ਨ ਨੇ ਸੁਲ੍ਹਾ-ਸਫਾਈ ਲਈ ਟਕਸਾਲ ਹੈੱਡਕੁਆਰਟਰ ਚੌਂਕ ਮਹਿਤਾ ਦਾ ਦੌਰਾ ਕੀਤਾ ਸੀ ਅਤੇ ਉਦੋਂ ਸਿੱਖ ਕੈਦੀਆਂ ਦੇ ਮੁੱਦੇ ਨੂੰ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਸੀ, ਪਰ ਕੁਝ ਸਿੱਖ ਸਿਆਸੀ ਆਗੂਆਂ ਨੇ ਆਪਸੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਸੀ। ਬਾਅਦ ਵਿੱਚ, ਇਹ ਗੱਲਾਂ ਅੱਗੇ ਨਹੀਂ ਵਧੀਆਂ।”
ਦਰਿਆਈ ਪਾਣੀਆਂ ਦੀ ਵੰਡ ਵਰਗੇ ਵੱਡੇ ਵਿਰਾਸਤੀ ਮੁੱਦੇ ਹੋਣ ਦੀ ਗੱਲ ਨਾਲ ਸਹਿਮਤ ਹੁੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਬੰਦੀ ਸਿੰਘਾਂ ਵਾਂਗ ਫੌਰੀ ਅਤੇ ਵੱਡੇ ਮੁੱਦਿਆਂ ਨੂੰ ਹੱਲ ਕਰਕੇ ਮਾਹੌਲ ਸਿਰਜਿਆ ਜਾਵੇ ਤਾਂ ਉਹ ਗੱਠਜੋੜ ਕਰਕੇ ਹੋਰ ਵੱਡੇ ਮੁੱਦਿਆਂ ਨੂੰ ਹੱਲ ਕਰਨ ਲਈ ਵੀ ਕੰਮ ਕਰ ਸਕਦੇ ਹਨ। ਉਸ ਨੇ ਦਲੀਲ ਦਿੱਤੀ ਕਿ, “ਇੱਕ ਵਾਰ ਜਦੋਂ ਤੁਸੀਂ ਸਰਕਾਰ ਵਿੱਚ ਆ ਜਾਂਦੇ ਹੋ, ਤਾਂ ਤੁਸੀਂ ਪੰਜਾਬ ਦੇ ਹੋਰ ਵੱਡੇ ਅਤੇ ਪੁਰਾਣੇ ਮੁੱਦਿਆਂ ਨੂੰ ਹੱਲ ਕਰਨ ਲਈ ਵੀ ਕੰਮ ਕਰ ਸਕਦੇ ਹੋ। ਅਸੀਂ 2011 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਅਕਾਲੀ ਦਲ ਨਾਲ ਗਠਜੋੜ ਕੀਤਾ ਸੀ। ਬਦਲੇ ਵਿੱਚ, ਅਸੀਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਇੱਕ ਸ਼ਹੀਦੀ ਗੈਲਰੀ ਬਣਾਈ ਸੀ।”
ਪਿਛਲੇ ਸਮੇਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਸਰਕਾਰ ਦਾ ਭਾਜਪਾ ਨਾਲ ਗਠਜੋੜ ਹੋਣ ਦੇ ਬਾਵਜੂਦ ਪੰਜਾਬ ਦੇ ਵੱਡੇ ਮੁੱਦੇ ਅਜੇ ਵੀ ਅਣਸੁਲਝੇ ਪਏ ਹਨ, ਤਾਂ ਟਕਸਾਲ ਦਾ ਭਾਜਪਾ ਨਾਲ ਸੰਭਾਵੀ ਗਠਜੋੜ ਅਜਿਹੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਕਿਵੇਂ ਮਦਦ ਕਰੇਗਾ ? ਸਬੰਧੀ ਸਵਾਲ ਦੇ ਜਵਾਬ ਵਿੱਚ ਖਾਲਸਾ ਨੇ ਦਲੀਲ ਦਿੱਤੀ ਕਿ ਇਹ ਨੇਤਾ ਪੰਜਾਬ ਅਤੇ ਪੰਥਕ ਮੁੱਦਿਆਂ ਦਾ ਹੱਲ ਕੱਢ ਸਕਦੇ ਸੀ ਜੇਕਰ ਇਮਾਨਦਾਰ ਹੁੰਦੇ। ਬਾਦਲ ਪਰਿਵਾਰ ਲਈ ਮੰਤਰੀ ਦੇ ਅਹੁਦੇ ਦੀ ਲਾਲਸਾ ਵੱਧ ਸੀ ਜਿਸ ਕਾਰਨ ਰਾਜਨੀਤਿਕ ਅਤੇ ਕੌਮ ਦੇ ਮੁੱਦੇ ਪਿੱਛੇ ਰਹਿ ਗਏ ਅਤੇ ਅਹਿਮ ਮਸਲੇ ਅਣਸੁਲਝੇ ਰਹੇ। ਅਸਲ ਵਿੱਚ ਨਿੱਜੀ ਗਰਜਾਂ ਦੀ ਬਜਾਏ ਸਿਆਸੀ ਸੌਦੇਬਾਜ਼ੀ ਹੋਣੀ ਚਾਹੀਦੀ ਸੀ।”
ਉਸਨੇ ਟੀਓਆਈ ਨੂੰ ਦੱਸਿਆ ਕਿ “ਮਹਾਰਾਸ਼ਟਰ ਦੇ ਸਿੱਖਾਂ ਵੱਲੋਂ ਅਸੀਂ ਉੱਥੇ ਚੋਣਾਂ ਵਿੱਚ ਭਾਜਪਾ ਨੂੰ ਸਮਰਥਨ ਦੇਣ ਮੌਕੇ ਉਥੋਂ ਦੇ ਸਿੱਖਾਂ ਦੇ ਮੁੱਦਿਆਂ ਨੂੰ ਉਠਾਇਆ, ਜਿਸ ਵਿੱਚ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਦਾ ਕੰਟਰੋਲ ਵੀ ਸ਼ਾਮਲ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਦੂਜੇ ਰਾਜਾਂ ਦੇ ਸਿੱਖਾਂ ਦੇ ਮਸਲੇ ਵੀ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਣ। ਗੁਰਦੁਆਰਾ ਮੰਗੂ ਮੱਠ ਅਤੇ ਡਾਂਗਮਾਰ ਸਾਹਿਬ ਦੇ ਮੁੱਦੇ ਵੀ ਸਾਡੇ ਏਜੰਡੇ ‘ਤੇ ਹਨ। ਹੁਣ ਸਾਨੂੰ ਦੂਜੇ ਰਾਜਾਂ ਦੇ ਸਿੱਖਾਂ ਦੇ ਫੋਨ ਆ ਰਹੇ ਹਨ ਜੋ ਮਹਾਰਾਸ਼ਟਰ ਵਾਂਗ ਆਪਣੇ ਮੁੱਦੇ ਉਠਾਉਣ ਲਈ ਆਖ ਰਹੇ ਹਨ।”
ਭਾਜਪਾ ਨੂੰ ਸਮਰਥਨ ਦੇਣ ਤੋਂ ਬਾਅਦ ਅਕਾਲੀ ਦਲ ਨਾਲ ਪੈਦਾ ਹੋਈ ਕੁੜੱਤਣ ਬਾਰੇ ਪੁੱਛੇ ਜਾਣ ‘ਤੇ, ਉਸਨੇ ਦੱਸਿਆ ਕਿ “ਇਸ ਮੁੱਦੇ ‘ਤੇ ਅਕਾਲੀ ਦਲ ਨਾਲ ਕੋਈ ਗੱਲਬਾਤ ਨਹੀਂ ਹੋਈ। ਕੁੜੱਤਣ ਦਾ ਹੱਲ ਵੀ ਨਹੀਂ ਹੋਇਆ, ਪਰ ਇਹ ਵਧੀ ਵੀ ਨਹੀਂ।” ਖਾਲਸਾ ਨੇ ਕਿਹਾ ਕਿ ਅਕਾਲੀ ਦਲ ਨਾਲ ਸਾਡਾ ਗਠਜੋੜ ਅਜੇ ਵੀ ਜਾਰੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿੱਚ ਭਾਜਪਾ ਨੂੰ ਸਮਰਥਨ ਦੇਣ ਦੇ ਮੁੱਦੇ ‘ਤੇ ਪੂਰੀ ਟਕਸਾਲ ਬਾਬਾ ਧੁੰਮਾ ਦੇ ਪਿੱਛੇ ਇਕਜੁੱਟ ਹੈ ਅਤੇ ਸਿਰਫ ਉਹ ਲੋਕ ਹੀ ਇਸ ਦੀ ਆਲੋਚਨਾ ਕਰ ਰਹੇ ਹਨ ਜੋ ਟਕਸਾਲ ਦੇ ਖਿਲਾਫ ਹਨ।
ਵਿਦੇਸ਼ਾਂ ਚ ਸ਼ੁਰੂ ਹੋਇਆ ਧੁੰਮਾਂ ਦਾ ਵਿਰੋਧ
ਉਧਰ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਉਰਫ ਧੁੰਮਾ ਦੀ ਭਾਜਪਾ ਨੂੰ ਸਮਰਥਨ ਦੇਣ ਦੇ ਮੁੱਦੇ ਉੱਤੇ ਆਲੋਚਨਾ ਕਰਨ ਤੋਂ ਬਾਅਦ ਦਮਦਮੀ ਟਕਸਾਲ ਅਤੇ ਖਾਲਿਸਤਾਨੀ ਸਮਰਥਕਾਂ ਦੇ ਇੱਕ ਧੜੇ ਦਰਮਿਆਨ ਤਣਾਅ ਹੋਰ ਵਧ ਗਿਆ ਕਿਉਂਕਿ ਇਸ ਗੁਰਦੁਆਰਾ ਕਮੇਟੀ ਨੇ ਨਵੰਬਰ 2024 ਵਿੱਚ ਇਸ ਮਾਮਲੇ ਨੂੰ ਲੈ ਕੇ ਦਮਦਮੀ ਟਕਸਾਲ ਦੇ ਮੁਖੀ ਧੁੰਮਾ ਦੇ ਬਾਈਕਾਟ ਦਾ ਸੱਦਾ ਦੇ ਦਿੱਤਾ ਸੀ। ਇਸ ਤੋਂ ਇਲਾਵਾ ਅਮਰੀਕਾ ਤੇ ਕੈਨੇਡਾ ਸਮੇਤ ਕੁਝ ਹੋਰ ਦੇਸ਼ਾਂ ਵਿੱਚ ਵੀ ਬਾਬਾ ਧੁੰਮਾਂ ਦਾ ਅਜਿਹਾ ਵਿਰੋਧ ਦੇਖਣ ਨੂੰ ਮਿਲਿਆ ਹੈ।
‘ਵੀਰ ਬਾਲ ਦਿਵਸ’ ਬਾਰੇ ਬਾਬਾ ਧੁੰਮਾ ਨੇ ਮੋਦੀ ਦੀ ਕੀਤੀ ਸੀ ਤਾਰੀਫ਼
ਦੱਸ ਦੇਈਏ ਕਿ ਪਿਛਲੇ ਸਮੇਂ ਦੌਰਾਨ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਸਮੇਤ ਕੁੱਝ ਹੋਰਾਂ ਸਿੱਖ ਜਥੇਬੰਦੀਆਂ ਨੇ ਮੁਗਲਾਂ ਦੁਆਰਾ ਕੰਧ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਸਨਮਾਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੇ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਐਲਾਨ ਕਰਨ ‘ਤੇ ਸਵਾਲ ਉਠਾਏ ਸੀ ਤਾਂ ਉਦੋਂ ਵੀ ਬਾਬਾ ਧੁੰਮਾ ਨੇ ਮੋਦੀ ਦੇ ਇਸ ਐਲਾਨ ਦੀ ਤਾਰੀਫ਼ ਕੀਤੀ ਸੀ।
ਬਾਬਾ ਧੁੰਮਾ ਦਾ ਪ੍ਰੈਸ ਸਕੱਤਰ ਭਾਜਪਾ ਚ ਸ਼ਾਮਲ
ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਨਵਰੀ 2022 ਵਿੱਚ ਦਮਦਮੀ ਟਕਸਾਲ ਦੇ ਬੁਲਾਰੇ ਪ੍ਰੋ ਸਰਚਾਂਦ ਸਿੰਘ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਸਦਕਾ ਹੀ ਬਾਬਾ ਧੁੰਮਾ ਦੀ ਨੇੜਤਾ ਭਗਵਾਂ ਪਾਰਟੀ ਦੇ ਸੀਨੀਅਰ ਆਗੂਆਂ ਤੱਕ ਹੋਰ ਪਕੇਰੀ ਹੋ ਗਈ ਹੈ।