ਪ੍ਰਯਾਗਰਾਜ 1 ਫਰਵਰੀ 2025 (ਫ਼ਤਿਹ ਪੰਜਾਬ ਬਿਊਰੋ) ਮਹਾਂਕੁੰਭ ਖੇਤਰ ਵਿੱਚ ਬੁੱਧਵਾਰ ਨੂੰ ਮੱਚੀ ਭਗਦੜ ਤੋਂ ਬਾਅਦ ਸੁਰੱਖਿਆ ਬਾਰੇ ਖਦਸ਼ਿਆਂ ਦੇ ਮੱਦੇਨਜ਼ਰ ਪ੍ਰਯਾਗਰਾਜ ਦੇ ਹੋਟਲਾਂ ਵਿੱਚ ਬਾਹਰੀ ਸੈਲਾਨੀਆਂ ਵੱਲੋਂ ਕੀਤੀ ਗਈ ਲਗਭਗ ਇੱਕ ਚੌਥਾਈ ਬੁਕਿੰਗ ਰੱਦ ਕਰ ਦਿੱਤੀ ਗਈ ਹੈ ਜਿਸ ਕਾਰਨ ਰੈਸਟੋਰੈਂਟਾਂ, ਟੂਰ ਅਤੇ ਟ੍ਰੈਵਲ ਆਪਰੇਟਰਾਂ ਦੇ ਕਾਰੋਬਾਰ ‘ਤੇ ਵੀ ਮਾੜਾ ਪ੍ਰਭਾਵ ਪਿਆ ਹੈ। ਇਸ ਭਗਦੜ ਵਿੱਚ ਘੱਟੋ-ਘੱਟ 30 ਲੋਕ ਮਾਰੇ ਗਏ ਅਤੇ 60 ਹੋਰ ਜ਼ਖਮੀ ਹੋ ਗਏ ਸਨ।
ਪ੍ਰਯਾਗਰਾਜ ਹੋਟਲਜ਼ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਹਰਜੇਂਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ “ਸ਼ਹਿਰ ਦੇ ਵੱਖ-ਵੱਖ ਹੋਟਲਾਂ ਵਿੱਚ ਪਹਿਲਾਂ ਕਮਰੇ ਬੁੱਕ ਕਰਨ ਵਾਲੇ ਲਗਭਗ 25 ਪ੍ਰਤੀਸ਼ਤ ਮਹਿਮਾਨਾਂ ਨੇ ਆਪਣੀਆਂ ਬੁਕਿੰਗਾਂ ਰੱਦ ਕਰ ਦਿੱਤੀਆਂ ਹਨ ਅਤੇ ਕੁੰਭ ਖੇਤਰ ਵਿੱਚ ਸਥਿਤੀ ਆਮ ਹੋਣ ‘ਤੇ ਉਨ੍ਹਾਂ ਨੂੰ ਸੂਚਿਤ ਕਰਨ ਲਈ ਕਿਹਾ ਹੈ।
ਇੱਕ ਹੋਰ ਹੋਟਲ ਮਾਲਕ ਨੇ ਕਿਹਾ ਕਿ ਭਗਦੜ ਤੋਂ ਤੁਰੰਤ ਬਾਅਦ ਕਮਰੇ ਬੁੱਕ ਕਰਵਾ ਚੁੱਕੇ ਕਈ ਬਾਹਰੀ ਸੈਲਾਨੀਆਂ ਨੇ ਆਪਣੀ ਰਿਜ਼ਰਵੇਸ਼ਨ ਰੱਦ ਕਰਨ ਲਈ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਨੇ ਅਡਵਾਂਸ ਰਕਮ ਅਦਾ ਕੀਤੀ ਸੀ, ਉਨ੍ਹਾਂ ਨੇ ਫੇਰ ਕਦੇ ਇੱਥੇ ਆਉਣ ਮੌਕੇ ਹੋਟਲਾਂ ਨੂੰ ਇਹ ਭੁਗਤਾਨ ਐਡਜਸਟ ਕਰਨ ਦੀ ਬੇਨਤੀ ਕੀਤੀ ਹੈ।
ਹਰਜੇਂਦਰ ਸਿੰਘ ਨੇ ਕਿਹਾ ਕਿ “ਬੁਕਿੰਗਾਂ ਰੱਦ ਹੋਣ ਨਾਲ ਰੈਸਟੋਰੈਂਟਾਂ ਸਮੇਤ ਹੋਰ ਸਹਿਯੋਗੀ ਕਾਰੋਬਾਰਾਂ ‘ਤੇ ਵੀ ਅਸਰ ਪਿਆ ਹੈ।”
ਇਸ ਵੇਲੇ ਪ੍ਰਯਾਗਰਾਜ ਵਿੱਚ 200 ਤੋਂ ਵੱਧ ਹੋਟਲ ਚੱਲ ਰਹੇ ਹਨ ਜਿਨ੍ਹਾਂ ਵਿੱਚ ਉਹ ਵੀ ਆਰਜੀ ਪ੍ਰਬੰਧ ਵੀ ਸ਼ਾਮਲ ਹਨ ਜੋ ਵਿਸ਼ੇਸ਼ ਤੌਰ ‘ਤੇ ਮਹਾਂਕੁੰਭ ਲਈ ਲਗਾਉਂਦੇ ਹਨ।
ਹੋਟਲ ਦੇਵ ਕਾਲੀ ਦੇ ਮਾਲਕ ਨੇ ਵੀ ਵੱਡੀ ਗਿਣਤੀ ਵਿੱਚ ਬੁਕਿੰਗਾਂ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ ਜਿਸ ਨਾਲ ਸ਼ਰਧਾਲੂਆਂ ਦੀ ਆਮਦ ਵਿੱਚ ਕਾਫ਼ੀ ਕਮੀ ਆਈ ਹੈ। ਪਰ ਉਨ੍ਹਾਂ ਦੱਸਿਆ ਕਿ ਸਥਿਤੀ ਆਮ ਵਾਂਗ ਹੋਣ ਕਾਰਨ ਬਹੁਤ ਸਾਰੇ ਸ਼ਰਧਾਲੂਆਂ ਨੇ ਕੁੰਭ ਲਈ ਬੁਕਿੰਗ ਦੁਬਾਰਾ ਸ਼ੁਰੂ ਕਰ ਦਿੱਤੀ ਹੈ।
ਇੱਕ ਹੋਰ ਹੋਟਲ ਮਾਲਕ ਨੇ ਕਿਹਾ ਕਿ ਭਗਦੜ ਤੋਂ ਬਾਅਦ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਚਾਰ ਪਹੀਆ ਵਾਹਨਾਂ ਦੇ ਦਾਖਲੇ ਨੂੰ ਰੋਕਣ ਨਾਲ ਵੀ ਹੋਟਲ ਕਾਰੋਬਾਰ ਪ੍ਰਭਾਵਿਤ ਹੋਇਆ ਹੈ।