ਚੰਡੀਗੜ੍ਹ, 2 ਫ਼ਰਵਰੀ 2025 (ਫ਼ਤਿਹ ਪੰਜਾਬ ਬਿਊਰੋ) – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਨਵੇਂ ਚੁਣੇ ਗਏ ਅਜ਼ਾਦ ਮੈਂਬਰਾਂ ਨੇ ਅਕਾਲ ਪੰਥਕ ਮੋਰਚਾ ਦੇ ਝੰਡੇ ਹੇਠ ਬਹੁਮਤ ਦਾ ਦਾਅਵਾ ਕੀਤਾ ਹੈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਹਰਿਆਣਾ ਸਿੱਖ ਪੰਥਕ ਦਲ (HSPD) ਦੀ ਹਮਾਇਤ ਨਾਲ ਨਵੀਂ ਕਮੇਟੀ ਦਾ ਪ੍ਰਧਾਨ ਚੁਣਨ ਦੀ ਤਿਆਰੀ ਵਿੱਚ ਹਨ।
HSGMC ਦੇ ਨਵੇਂ ਚੁਣੇ ਮੈਂਬਰਾਂ ਦੀ ਪਹਿਲੀ ਮੀਟਿੰਗ ਐਤਵਾਰ 2 ਫਰਵਰੀ ਨੂੰ ਹੋਣੀ ਸੀ ਪਰ ਉਹ ਸੇਵਾਮੁਕਤ ਜਸਟਿਸ ਐਚ ਐਸ ਭੱਲਾ ਦੀ ਮਾਤਾ ਦੇ ਅਚਾਨਕ ਦਿਹਾਂਤ ਕਾਰਨ ਸ਼ੁੱਕਰਵਾਰ ਨੂੰ ਪੱਤਰ ਜਾਰੀ ਕਰਕੇ ਫ਼ਿਲਹਾਲ ਮੁਲਤਵੀ ਕਰ ਦਿਤੀ ਹੈ। ਹਰਿਆਣਾ ਗੁਰਦੁਆਰਾ ਚੋਣਾਂ ਲਈ ਬਣਾਏ ਚੋਣ ਕਮਿਸ਼ਨਰ ਭੱਲਾ ਨੇ ਸੈਕਟਰ 1 ਸਥਿਤ ਪੰਚਕੂਲਾ ਦੇ PWD ਰੈਸਟ ਹਾਊਸ ਵਿੱਚ ਮੀਟਿੰਗ ਸੱਦੀ ਸੀ।
ਦੱਸ ਦੇਈਏ ਕਿ ਬੀਤੀ 19 ਜਨਵਰੀ ਨੂੰ ਆਏ ਚੋਣ ਨਤੀਜਿਆਂ ‘ਚ ਕਿਸੇ ਵੀ ਧੜੇ ਨੂੰ ਸਾਫ਼ ਬਹੁਮਤ ਨਹੀਂ ਮਿਲਿਆ। ਕੁੱਲ 40 ਸੀਟਾਂ ਵਿੱਚੋਂ 22 ਸੀਟਾਂ ਉਪਰ ਅਜਾਦ ਉਮੀਦਵਾਰ ਜਿੱਤੇ ਜਦਕਿ 9 ਸੀਟਾਂ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਵਾਲੇ ਪੰਥਕ ਦਲ (ਝੀਂਡਾ ਗਰੁੱਪ) ਨੇ ਜਿੱਤੀਆਂ ਸਨ। 6 ਸੀਟਾਂ HSPD ਨੂੰ ਮਿਲੀਆਂ ਅਤੇ 3 ਸੀਟਾਂ ਦੀਦਾਰ ਸਿੰਘ ਨਲਵੀ ਦੀ ਸਿੱਖ ਸਮਾਜ ਸੰਸਥਾ ਨੂੰ ਮਿਲੀਆਂ ਸਨ। HSGMC ਵਿੱਚ ਹੋਰ 9 ਮੈਂਬਰ ਰਾਜ ਸਰਕਾਰ ਵੱਲੋਂ ਸਿੱਖ ਧੜਿਆਂ ਦੀ ਸਹਿਮਤੀ ਨਾਲ co-opt ਕੀਤੇ ਜਾਣਗੇ।
ਬੀਤੇ ਦਿਨ ਸ਼ੁੱਕਰਵਾਰ ਨੂੰ HSPD ਦੇ ਜੇਤੂ ਅਤੇ ਅਕਾਲ ਪੰਥਕ ਮੋਰਚਾ ਨਾਲ ਜੁੜੇ ਹੋਏ ਮੈਂਬਰ 27 ਮੈਂਬਰ ਗੁਰਦੁਆਰਾ ਨਾਡਾ ਸਾਹਿਬ ਪੰਚਕੂਲਾ ਵਿਖੇ ਇਕੱਠੇ ਹੋਏ ਅਤੇ ਸਿੱਖ ਕੌਮ ਦੀ ਭਲਾਈ ਅਤੇ ਏਕਤਾ ਲਈ ਅਰਦਾਸ ਕੀਤੀ। ਇਸ ਮੌਕੇ HSGMC ਮੈਂਬਰ ਅਮਨਪ੍ਰੀਤ ਕੌਰ ਨੇ ਕਿਹਾ ਕਿ ਇਹ 27 ਮੈਂਬਰ ਅਗਲੇ ਸਮੇਂ ਵਿੱਚ ਵੀ ਇਕੱਠੇ ਰਹਿਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਅਤੇ HSPD ਦੇ ਪ੍ਰਧਾਨ ਬਲਦੇਵ ਸਿੰਘ ਕਾਇਮਪੁਰੀ ਜੋ ਇਸ ਵੇਲੇ SGPC ਦੇ ਮੈਂਬਰ ਵੀ ਹਨ ਅਤੇ ਯਮੁਨਾਨਗਰ ਜ਼ਿਲ੍ਹੇ ਦੀ ਬਿਲਾਸਪੁਰ ਸੀਟ ਤੋਂ HSGMC ਲਈ ਮੈਂਬਰ ਚੁਣੇ ਗਏ, ਉਹ ਵੀ ਆਪਣੇ 5 ਹੋਰ ਮੈਂਬਰਾਂ ਸਮੇਤ ਨਾਡਾ ਸਾਹਿਬ ਪਹੁੰਚੇ ਸਨ।
ਉਨ੍ਹਾਂ ਨੇ ਕਿਹਾ, “ਅਸੀਂ ਸੁਤੰਤਰ ਮੈਂਬਰਾਂ ਨਾਲ ਮਿਲਕੇ ਭਾਈਚਾਰੇ ਦੀ ਭਲਾਈ ਲਈ ਕੰਮ ਕਰਨ ‘ਤੇ ਸਹਿਮਤੀ ਬਣਾਈ ਹੈ। ਅਸੀਂ ਹੋਰ ਮੈਂਬਰਾਂ ਨਾਲ ਵੀ ਸੰਪਰਕ ‘ਚ ਹਾਂ।”
ਝੀਂਡਾ ਅਤੇ ਨਲਵੀ ਨਾਲ ਏਕਤਾ ਦੀ ਗੱਲਬਾਤ ਹੋਣ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਕਿਹਾ, “ਉਨ੍ਹਾਂ ਨਾਲ ਤਾਂ ਕੋਈ ਚਰਚਾ ਨਹੀਂ ਹੋ ਰਹੀ ਪਰ ਉਨ੍ਹਾਂ ਦੇ ਕੁਝ ਸਮਰਥਕ ਅਜ਼ਾਦ ਗਰੁੱਪ ਨਾਲ ਜੁੜ ਗਏ ਹਨ।”