ਸਿੰਘ ਸਾਹਿਬਾਨਾਂ ਦੀ ਇਕੱਤਰਤਾ ‘ਚ ਸਜਾ ਲੱਗਣੀ ਤੈਅ
ਅੰਮ੍ਰਿਤਸਰ: 25 ਨਵੰਬਰ 2024 (ਫਤਿਹ ਪੰਜਾਬ) ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਲ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ‘ਚ ਰਹੇ ਵਜ਼ੀਰਾਂ ਅਤੇ ਅਕਾਲੀ ਦਲ ਦੀ 2015 ਦੀ ਕੋਰ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਤਲਬ ਕਰ ਲਿਆ ਹੈ। ਇੰਨਾਂ ਨੇਤਾਵਾਂ ਉੱਪਰ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਸੌਦਾ ਸਾਧ ਨੂੰ ਦਸਮ ਪਾਤਸ਼ਾਹ ਦਾ ਸਵਾਂਗ ਰਚਾਉਣ ਬਦਲੇ ਮਾਫ਼ੀ ਦੇਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਪ੍ਰਤੀ ਢਿੱਲ੍ਹ ਦਿਖਾਈ ਸੀ।
ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਸ ਬਾਰੇ ਵਿਚਾਰ ਕਰਨ ਹਿਤ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸੋਮਵਾਰ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸੱਦ ਲਈ ਹੈ।
ਦੱਸ ਦੇਈਏ ਕਿ ਸਿੱਖ ਹਲਕਿਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮਸਲਾ ਵਾਰ-ਵਾਰ ਉਠਾਇਆ ਜਾ ਰਿਹਾ ਸੀ ਕਿ ਸਾਰੇ ਗੁਨਾਹਾਂ ਦਾ ਭਾਰ ਸਿਰਫ ਸੁਖਬੀਰ ਸਿੰਘ ਬਾਦਲ ਤਤਕਾਲੀ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਉੱਤੇ ਹੀ ਕਿਉਂ ਪਾਇਆ ਜਾ ਰਿਹਾ ਹੈ। ਹੁਣ ਸਿੰਘ ਸਾਹਿਬ ਨੇ ਅਕਾਲੀ ਦਲ ਦੇ ਰਾਜ ਭਾਗ ਵੇਲੇ ਦੇ 10 ਸਾਲਾਂ ‘ਚ ਰਹੇ ਸਾਰੇ ਮੰਤਰੀ ਤੇ ਸਾਲ 2015 ‘ਚ ਕੋਰ ਕਮੇਟੀ ਦੇ ਮੈਂਬਰ ਰਹੇ ਸਾਰੇ ਨੇਤਾਵਾਂ ਨੂੰ ਤਲਬ ਕਰ ਲਿਆ ਹੈ।
ਤਲਬ ਕੀਤੇ ਨੇਤਾਵਾਂ ‘ਚ ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁੱਚਾ ਸਿੰਘ ਲੰਗਾਹ, ਸੋਹਣ ਸਿੰਘ ਠੰਡਲ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਮਨਪ੍ਰੀਤ ਸਿੰਘ ਬਾਦਲ, ਸਰਵਣ ਸਿੰਘ ਫਿਲੌਰ, ਸਿਕੰਦਰ ਸਿੰਘ ਮਲੂਕਾ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਆਦਿ ਸ਼ਾਮਲ ਹਨ।