ਜਨਸੰਖਿਆ ਅਸੰਤੁਲਨ ਰੋਕਣ ਲਈ ਨੌਜਵਾਨ ਅੱਗੇ ਆਉਣ : VHP ਦੀ ਅਪੀਲ
ਪ੍ਰਯਾਗਰਾਜ 8 ਫਰਵਰੀ 2025 (ਫਤਿਹ ਪੰਜਾਬ ਬਿਊਰੋ) Vishav Hindu Parishad ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੇ ਹਿੰਦੂ ਮਰਦਾਂ ਅਤੇ ਔਰਤਾਂ ਨੂੰ 25 ਸਾਲ ਦੀ ਉਮਰ ਤੱਕ ਵਿਆਹ ਕਰਨ ਦੀ ਅਪੀਲ ਕਰਦਿਆਂ ਸਭ ਨੂੰ ਘੱਟੋ-ਘੱਟ ਦੋ ਜਾਂ ਤਿੰਨ ਬੱਚੇ ਪੈਦਾ ਕਰਨ ਲਈ ਕਿਹਾ ਹੈ ਕਿਉਂਕਿ “ਹਿੰਦੂ ਆਬਾਦੀ ਘਟਣ” ਦੇ ਕਾਰਨਾਂ ਵਿੱਚੋਂ ਇੱਕ ਹਿੰਦੂਆਂ ਵਿੱਚ ਦੇਰੀ ਨਾਲ ਵਿਆਹ ਕਰਵਾਉਣਾ ਹੈ।
ਸੱਜੇ-ਪੱਖੀ ਸੰਗਠਨ ਨੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਂਕੁੰਭ ਦੌਰਾਨ ਆਪਣੇ ਕੇਂਦਰੀ ਟਰੱਸਟੀ ਬੋਰਡ ਦੀ ਤਿੰਨ ਰੋਜਾ ਮੀਟਿੰਗ ਵਿੱਚ ਇੱਕ ਮਤਾ ਵੀ ਪਾਸ ਕੀਤਾ ਹੈ ਜਿਸ ਵਿੱਚ ਹਿੰਦੂ ਨੌਜਵਾਨਾਂ ਨੂੰ ਦੇਸ਼ ਵਿੱਚ “ਜਨਸੰਖਿਆ ਅਸੰਤੁਲਨ” ਨੂੰ ਰੋਕਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਇਸ ਮੀਟਿੰਗ ਵਿੱਚ ਵੱਖ-ਵੱਖ ਦੇਸ਼ਾਂ ਵਿਚਲੀਆਂ ਵਿਸ਼ਵ ਹਿੰਦੂ ਪ੍ਰੀਸ਼ਦ ਦੀਆਂ ਇਕਾਈਆਂ ਦੇ ਲਗਭਗ 300 ਟਰੱਸਟੀ ਮੈਂਬਰ ਅਤੇ ਮੁਖੀ ਹਿੱਸਾ ਲੈ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵੀਐਚਪੀ ਦੇ ਸੰਯੁਕਤ ਜਨਰਲ ਸਕੱਤਰ ਸੁਰੇਂਦਰ ਜੈਨ ਨੇ ਕਿਹਾ ” ਤਾਜ਼ਾ ਸਥਿਤੀ ਬਹੁ-ਪੱਖੀ ਪ੍ਰਭਾਵ ਪਾਵੇਗੀ। ਹਿੰਦੂ ਇਸ ਦੇਸ਼ ਦੀ ਪਛਾਣ ਹਨ। ਜੇਕਰ ਹਿੰਦੂਆਂ ਦੀ ਗਿਣਤੀ ਘੱਟ ਜਾਂਦੀ ਹੈ, ਤਾਂ ਇਸ ਨਾਲ ਦੇਸ਼ ਦੀ ਪਛਾਣ ਅਤੇ ਹੋਂਦ ‘ਤੇ ਸੰਕਟ ਪੈਦਾ ਹੋ ਜਾਵੇਗਾ। ਇਸ ਸਥਿਤੀ ਨੂੰ ਰੋਕਣ ਲਈ, ਹਿੰਦੂ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ।”
ਉਨ੍ਹਾਂ ਦਾਅਵਾ ਕੀਤਾ ਕਿ ਕਈ ਵਿਗਿਆਨਕ ਅਧਿਐਨਾਂ ਨੇ ਸਾਬਤ ਕੀਤਾ ਹੈ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ, ਹਰ ਪਰਿਵਾਰ ਵਿੱਚ ਦੋ ਜਾਂ ਤਿੰਨ ਬੱਚੇ ਜ਼ਰੂਰੀ ਹਨ। ਉਨ੍ਹਾਂ ਕਿਹਾ, “ਅਸੀਂ ਨੌਜਵਾਨਾਂ ਨੂੰ ਦੋ ਜਾਂ ਤਿੰਨ ਬੱਚੇ ਪੈਦਾ ਕਰਨ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ ਹੈ।”
ਇਸ ਮੌਕੇ ਵੀਐਚਪੀ ਦੇ ਰਾਸ਼ਟਰੀ ਬੁਲਾਰੇ ਵਿਨੋਦ ਬਾਂਸਲ ਨੇ ਕਿਹਾ ਕਿ “ਵੈਦਿਕ ਸਿਧਾਂਤਾਂ ਅਨੁਸਾਰ, 25 ਸਾਲ ਦੀ ਉਮਰ ‘ਗ੍ਰਹਿਸਥ ਆਸ਼ਰਮ’ (ਪਰਿਵਾਰਕ ਜੀਵਨ) ਵਿੱਚ ਦਾਖਲ ਹੋਣ ਲਈ ਬਿਲਕੁਲ ਸਹੀ ਉਮਰ ਹੈ ਅਤੇ ਇਸ ਲਈ ਨੌਜਵਾਨਾਂ, ਪੁਰਸ਼ਾਂ ਜਾਂ ਔਰਤਾਂ ਦੋਵਾਂ ਨੂੰ ਇਸ ਉਮਰ ਤੱਕ ਵਿਆਹ ਕਰਨ ਦੀ ਅਪੀਲ ਸਬੰਧੀ ਮਤਾ ਪਾਸ ਕੀਤਾ ਗਿਆ ਹੈ।”
ਇਸ ਮੀਟਿੰਗ ਵਿੱਚ ਪਾਸ ਮਤੇ ਵਿੱਚ ਕਿਹਾ ਗਿਆ ਹੈ ਕਿ ਹਿੰਦੂ ਪਰਿਵਾਰਾਂ ਦੇ “ਟੁੱਟਣ” ਅਤੇ Live-in relationship ਲਿਵ-ਇਨ ਰਿਲੇਸ਼ਨਸ਼ਿਪ ਸਮੇਤ ਹਿੰਦੂ ਨੌਜਵਾਨਾਂ ਵਿੱਚ ਵੱਧ ਰਹੀ ਨਸ਼ਿਆਂ ਦੀ ਲਤ ਬਾਰੇ ਵੀ ਚਰਚਾ ਕੀਤੀ ਗਈ। ਮਤੇ ਵਿੱਚ ਕਿਹਾ ਗਿਆ ਹੈ ਕਿ “ਹਿੰਦੂ ਕਦਰਾਂ-ਕੀਮਤਾਂ ਦੀ ਘਾਟ” ਕਾਰਨ ਪਰਿਵਾਰਾਂ ਦੀ ਹੋਂਦ ਖ਼ਤਰੇ ਵਿੱਚ ਹੈ। ਪੱਛਮੀ ਭੌਤਿਕਵਾਦ, ਸ਼ਹਿਰੀ ਨਕਸਲੀ ਸਾਜ਼ਿਸ਼ ਅਤੇ ਗਲੋਬਲ ਕਾਰਪੋਰੇਟ ਸਮੂਹਾਂ ਦਾ ਵਧਦਾ ਪ੍ਰਭਾਵ ਮਨੋਰੰਜਨ ਮੀਡੀਆ ਅਤੇ ਇਸ਼ਤਿਹਾਰਾਂ ਰਾਹੀਂ ਹਿੰਦੂ ਨੌਜਵਾਨਾਂ ਨੂੰ ਉਲਝਾ ਰਿਹਾ ਹੈ। ਇਸੇ ਕਰਕੇ ਹਿੰਦੂ ਸਮਾਜ ਵਿੱਚ ਵਿਆਹ ਤੋਂ ਬਾਹਰਲੇ ਸਬੰਧ ਅਤੇ ਲਿਵ-ਇਨ ਸਬੰਧ ਵੀ ਵਧ ਰਹੇ ਹਨ।
ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਧ ਰਹੀ ਲਤ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸ ਵੇਲੇ ਕਰੀਬ 160 ਮਿਲੀਅਨ ਤੋਂ ਵੱਧ ਲੋਕ ਨਸ਼ੇ ਦੇ ਆਦੀ ਹਨ ਅਤੇ ਹਿੰਦੂ ਨੌਜਵਾਨਾਂ ਨੂੰ ਇਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।