ਅੰਬਾਲਾ 24 ਮਈ 2024 (ਫਤਿਹ ਪੰਜਾਬ) ਹਰਿਆਣਾ ਦੇ ਅੰਬਾਲਾ ਸ਼ਹਿਰ ਨੇੜੇ ਐਨਡੀਆਈ ਪਲਾਜ਼ਾ ਮੋਹਰਾ ਕੋਲ ਜੀਟੀ ਰੋਡ ’ਤੇ ਤੜਕਸਾਰ ਭਿਆਨਕ ਸੜਕ ਹਾਦਸਾ ਵਾਪਰਨ ਦੀ ਦੁਖਦਾਈ ਖ਼ਬਰ ਹੈ। ਹਾਦਸੇ ਵਿੱਚ ਵੈਸ਼ਨੂੰ ਦੇਵੀ (Vaishno Devi) ਜਾ ਰਹੇ ਸ਼ਰਧਾਲੂਆਂ ਦੀ ਬੱਸ (Bus Accident) ਖੜੇ ਟਰਾਲੇ ਵਿੱਚ ਵੱਜਣ ਕਾਰਨ 7 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 25 ਦੇ ਲਗਭਗ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਬੱਸ ਸ਼ਰਧਾਲੂਆਂ ਨਾਲ ਭਰੀ ਹੋਈ ਸੀ, ਜਿਸ ਵਿੱਚ ਸਵਾਰ ਸਾਰੇ ਸ਼ਰਧਾਲੂ ਉਤਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਯੂਪੀ ਦੇ ਬੁਲੰਦਸ਼ਹਿਰ ਦੇ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਮੰਦਰ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਟੈਂਪੂ ਟਰੈਵਲਰ ਗੱਡੀ ਖੜ੍ਹੀ ਟਰਾਲੀ ਨਾਲ ਟਕਰਾ ਗਈ।
ਹਾਦਸੇ ‘ਚ ਵਾਲ-ਵਾਲ ਬਚੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀ ਮਿੰਨੀ ਬੱਸ ਦੇ ਅੱਗੇ ਜਾ ਰਹੇ ਟਰੱਕ ਨੇ ਅਚਾਨਕ ਬ੍ਰੇਕਾਂ ਲਗਾ ਦਿੱਤੀਆਂ ਅਤੇ ਉਨ੍ਹਾਂ ਦੀ ਕਾਰ ਪਿੱਛੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।
ਹਾਦਸੇ ‘ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 25 ਲੋਕ ਜ਼ਖਮੀ ਵੀ ਹਨ। ਜ਼ਖ਼ਮੀ ਯਾਤਰੀਆਂ ਨੂੰ ਨੇੜਲੇ ਆਦੇਸ਼ ਹਸਪਤਾਲ ਅਤੇ ਹੋਰਨਾਂ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅੰਬਾਲਾ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਹਾਦਸਾ ਸਵੇਰੇ ਤੜਕੇ ਵਾਪਰਿਆ।