ਲੁਧਿਆਣਾ, 12 ਮਈ 2024 (ਫਤਿਹ ਪੰਜਾਬ) ਅੱਜ ਲੋਕ ਇਨਸਾਫ ਪਾਰਟੀ ਦਾ ਰਸਮੀ ਤੌਰ ‘ਤੇ ਕਾਂਗਰਸ ਵਿੱਚ ਰਲੇਵਾਂ ਹੋ ਗਿਆ ਜਦੋਂ ਬੈਂਸ ਭਰਾਵਾਂ ਦੇ ਨਾਮ ਤੋਂ ਜਾਣੇ ਜਾਂਦੇ ਦੋ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ, ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਬੈਂਸ ਭਰਾਵਾਂ ਨੂੰ ਅੱਜ ਨਵੀਂ ਦਿੱਲੀ ਵਿਖੇ ਪੰਜਾਬ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਕੀਤਾ।
ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਕਿਹਾ ਕਿ ਬੈਂਸ ਭਰਾ ਨਾ ਸਿਰਫ਼ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਸਗੋਂ ਪੂਰੇ ਸੂਬੇ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਗੇ। ਇਸ ਤਰਾਂ ਲੁਧਿਆਣਾ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੀ ਹੈ।
ਯਾਦ ਰਹੇ ਕਿ ਬੈਂਸ ਭਰਾਵਾਂ ਨੇ 2012 ਤੋਂ 2022 ਤੱਕ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕੀਤੀ। ਸਾਲ 2019 ਦੀਆਂ ਆਮ ਚੋਣਾਂ ਵਿੱਚ, ਸਿਮਰਜੀਤ ਬੈਂਸ ਨੇ ਆਪਣੀ ਲੋਕ ਇਨਸਾਫ ਪਾਰਟੀ ਦੀ ਟਿਕਟ ‘ਤੇ ਚੋਣ ਲੜਕੇ ਲਗਭਗ 3.07 ਲੱਖ ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਸੀ। ਬੈਂਸ ਭਰਾਵਾਂ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਭਰੋਸਾ ਦਿਵਾਇਆ ਹੈ ਕਿ ਉਹ ਸਿਰਫ਼ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਸੂਬੇ ਦੇ ਹੋਰ ਹਲਕਿਆਂ ਵਿੱਚ ਵੀ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ। ਬਲਵਿੰਦਰ ਬੈਂਸ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਵੀ ਹਨ।