ਫਲਾਈਟ ਲਈ ‘ਲਗੇਜ ਰੂਲਾਂ’ ‘ਚ ਕੀਤਾ ਬਦਲਾਅ
ਨਵੀਂ ਦਿੱਲੀ 28 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਹਵਾਈ ਯਾਤਰੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਨੂੰ ਦੇਖਦਿਆਂ ਜਹਾਜ਼ਾਂ ਅੰਦਰ ਸਮਾਨ ਲਿਜਾਣ ਜਾਣ ਸਬੰਧੀ ਨਿਯਮਾਂ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (BCAS) ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਹੈਂਡ ਬੈਗ ਨੀਤੀ ਵਿੱਚ ਬਦਲਾਅ ਕੀਤੇ ਹਨ।
ਜੇਕਰ ਤੁਸੀਂ ਵੀ ਨਵੇਂ ਸਾਲ ਦੀਆਂ ਛੁੱਟੀਆਂ ‘ਚ ਹਵਾਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਸਾਮਾਨ ਦੇ ਨਵੇਂ ਨਿਯਮਾਂ ਬਾਰੇ ਜਾਣਨਾ ਜ਼ਰੂਰੀ ਹੈ। ਨਹੀਂ ਤਾਂ ਤੁਹਾਨੂੰ ਏਅਰਪੋਰਟ ਜਾਂ ਫਲਾਈਟ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਵੇਂ ਨਿਯਮਾਂ ਮੁਤਾਬਕ ਹੁਣ ਮੁਸਾਫ਼ਰਾਂ ਨੂੰ ਫਲਾਈਟ ਦੇ ਅੰਦਰ ਸਿਰਫ ਇੱਕ ਹੈਂਡ ਬੈਗ ਜਾਂ ਕੈਬਿਨ ਬੈਗ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਇਹ ਨਿਯਮ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਵੀ ਲਾਗੂ ਹੋਣਗੇ। ਇੱਕ ਬੈਗ ਤੋਂ ਇਲਾਵਾ ਬਾਕੀ ਸਾਰੇ ਬੈਗਾਂ ਨੂੰ ਲਗੇਜ ਵਜੋਂ ਚੈੱਕ-ਇਨ ਕਰਨਾ ਜ਼ਰੂਰੀ ਕਰ ਦਿੱਤਾ ਹੈ।
ਕਿਉਂ ਬਦਲੇ ਨੇ ਲੱਗੇਜ ਦੇ ਨਿਯਮ ?
ਬੀਸੀਏਐਸ ਨੇ ਜਹਾਜ਼ਾਂ ਵਿੱਚ ਯਾਤਰੀਆਂ ਦੀ ਵਧਦੀ ਗਿਣਤੀ ਤੇ ਸਮਰੱਥਾ ਤੋਂ ਵੱਧ ਭਾਰ ਲਿਜਾਣ ਤੋਂ ਰੋਕਣ ਦੇ ਮਨੋਰਥ ਕਾਰਨ ਹੈਂਡ ਬੈਗ ਨਾਲ ਸਬੰਧਤ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਵੰਬਰ 2024 ਵਿੱਚ ਉਡਾਣਾਂ ਦੀ ਗਿਣਤੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਕਾਰਨ ਏਅਰਪੋਰਟ ‘ਤੇ ਵੀ ਬੋਝ ਵਧ ਰਿਹਾ ਹੈ। ਨਵੇਂ ਨਿਯਮ ਸੁਰੱਖਿਆ ਜਾਂਚ ਲਈ ਲੱਗਣ ਵਾਲੇ ਸਮੇਂ ਨੂੰ ਵੀ ਘਟਾ ਦੇਣਗੇ ਅਤੇ ਜਹਾਜ਼ਾਂ ਦੇ ਤੇਲ ਦੀ ਐਵਰੇਜ ਵੀ ਵਧੇਗੀ।
ਯਾਤਰਾ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Flight Baggage Rules ਫਲਾਈਟ ‘ਚ ਸਫਰ ਕਰਨ ਵਾਲਿਆਂ ਲਈ ਇਕ ਖਾਸ ਨਿਯਮ ਬਦਲਿਆ ਗਿਆ ਹੈ।
• ਹੁਣ ਇੱਕ ਯਾਤਰੀ ਸਿਰਫ਼ ਇੱਕ ਹੈਂਡ ਬੈਗ ਲੈ ਕੇ ਜਾ ਸਕੇਗਾ। ਇਹ ਨਿਯਮ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਹੋਵੇਗਾ।
• ਇੱਕ ਤੋਂ ਵੱਧ ਬੈਗ ਲਿਜਾਣ ਵੇਲੇ ਵਾਧੂ ਬੈਗ ਦੀ ਜਾਂਚ ਕਰਵਾਉਣੀ ਪਵੇਗੀ।
• ਇਕਾਨਮੀ ਅਤੇ ਪ੍ਰੀਮੀਅਮ ਇਕਾਨਮੀ ਵਾਲੇ ਯਾਤਰੀ ਵੱਧ ਤੋਂ ਵੱਧ 7 ਕਿਲੋ ਤੱਕ ਦਾ ਇੱਕ ਹੈਂਡਬੈਗ ਨਾਲ ਲਿਜਾ ਸਕਣਗੇ।
• ਪਹਿਲੀ ਸ਼੍ਰੇਣੀ ਅਤੇ ਬਿਜ਼ਨਸ ਕਲਾਸ ਲਈ ਵਜ਼ਨ ਦੀ ਸੀਮਾ 10 ਕਿਲੋਗ੍ਰਾਮ ਰੱਖੀ ਗਈ ਹੈ।
• ਜੇਕਰ ਫਲਾਈਟ 2 ਮਈ, 2024 ਤੋਂ ਪਹਿਲਾਂ ਬੁੱਕ ਕੀਤੀ ਜਾਂਦੀ ਹੈ, ਤਾਂ ਇਕਾਨਮੀ ਕਲਾਸ ਦੇ ਯਾਤਰੀ 8 ਕਿਲੋ ਤੱਕ, ਪ੍ਰੀਮੀਅਮ ਇਕਨਾਮੀ ਯਾਤਰੀ 10 ਕਿਲੋ ਅਤੇ ਫਸਟ ਕਲਾਸ/ਬਿਜ਼ਨਸ ਕਲਾਸ ਵਾਲੇ ਯਾਤਰੀ 12 ਕਿਲੋ ਤੱਕ ਦਾ ਹੈਂਡ ਬੈਗ ਨਾਲ ਲਿਜਾ ਸਕਣਗੇ।
• ਜੇਕਰ ਤੁਹਾਡਾ ਹੈਂਡ ਬੈਗ ਨਿਰਧਾਰਤ ਵਜ਼ਨ ਅਤੇ ਆਕਾਰ ਦੇ ਅੰਦਰ ਹੈ, ਤਾਂ ਤੁਸੀਂ ਹਵਾਈ ਅੱਡੇ ‘ਤੇ ਦੇਰੀ ਅਤੇ ਅਸੁਵਿਧਾ ਤੋਂ ਬਚੋਗੇ।
• ਬੈਗੇਜ ਦਾ ਸਾਈਜ਼ 40 cm ਲੰਬਾਈ, 20 cm ਚੌੜਾਈ ਅਤੇ 55 cm ਉਚਾਈ ਤਕ ਹੋਵੇ।
• ਹੈਂਡ ਬੈਗ ਦਾ ਆਕਾਰ 115 ਸੈਮੀ ਅਤੇ ਵਜ਼ਨ 7 ਕਿਲੋ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ।
• ਇੰਡੋਗੋ ਦੀ ਫਲਾਈਟ ਵਿੱਚ ਇਕ ਨਿੱਜੀ ਬੈਗ, ਜਿਵੇਂ ਕਿ ਲੇਡੀਜ਼ ਪਰਸ ਜਾਂ ਲੈਪਟਾਪ ਬੈਗ ਵੀ ਨਾਲ ਲਿਜਾ ਸਕਦੇ ਹੋ ਪਰ ਇਸ ਦਾ ਵਜ਼ਨ 3 ਕਿਲੋ ਤੋਂ ਜ਼ਿਆਦਾ ਹੋਵੇਗਾ ਤਾਂ ਵਾਧੂ ਚਾਰਜ ਜਾਂ ਫਾਈਨ ਦੇਣਾ ਪਵੇਗਾ ।