ਚੰਡੀਗੜ 31 ਮਈ 2024 (ਫਤਿਹ ਪੰਜਾਬ) ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਨਾਲ ਸੰਬੰਧਿਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ 13 ਫਰਵਰੀ ਤੋਂ ਲਗਾਤਾਰ ਸ਼ੰਭੂ, ਡੱਬਵਾਲੀ ਤੇ ਖਨੌਰੀ ਬਾਰਡਰਾਂ ’ਤੇ ਧਰਨਾ ਲਗਾ ਕੇ ਬੈਠੇ ਹਨ ਅਤੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਬਿਲਕੁਲ ਬੰਦ ਹੈ।
ਦੂਜੇ ਪਾਸੇ ਅੱਤ ਦੀ ਗਰਮੀ ਦੇ ਬਾਵਜੂਦ ਵੀ ਕਿਸਾਨ ਧਰਨੇ ’ਤੇ ਡਟੇ ਹੋਏ ਹਨ ਅਤੇ ਕਿਸਾਨ ਜਥੇਬੰਦੀਆਂ ਆਪਣੀ ਹੱਕੀ ਮੰਗਾਂ ਮੰਨਵਾਉਣ ਖਾਤਰ ਦਿੱਲੀ ਜਾਣ ਲਈ ਸ਼ੰਭੂ, ਡੱਬਵਾਲੀ ਤੇ ਖਨੌਰੀ ਬਾਰਡਰਾਂ ’ਤੇ ਬੈਠੀਆਂ ਹੋਈਆਂ ਹਨ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਇਨ੍ਹਾਂ ਨੂੰ ਬਾਰਡਰਾਂ ਉਪਰ ਹੀ ਰੋਕਾਂ ਲਾ ਕੇ ਰੋਕ ਦਿੱਤਾ ਗਿਆ ਸੀ।
ਪੰਜਾਬ ਸਣੇ 8 ਸੂਬਿਆਂ ’ਚ ਇਕ ਜੂਨ ਨੂੰ ਵੋਟਾਂ ਪੈਣਗੀਆਂ ਅਤੇ ਦੋ ਜੂਨ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਬਾਰਡਰ ’ਤੇ ਵੱਡਾ ਇਕੱਠ ਕੀਤਾ ਜਾਵੇਗਾ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਨੇ ਦੱਸਿਆ ਕਿ ਕੋਈ ਵੀ ਸਰਕਾਰ ਆਵੇ ਪਰ ਸੰਘਰਸ਼ ਕਰੇ ਬਿਨਾ ਕਿਸਾਨਾਂ ਨੂੰ ਆਪਣੇ ਹੱਕ ਨਹੀਂ ਮਿਲਣੇ। ਇਸ ਕਰਕੇ ਤਪਦੀ ਗਰਮੀ ਦੇ ਵਿੱਚ ਵੀ ਅਸੀਂ ਰੋਜਾਨਾ ਸਟੇਜ ਲਗਾਉਂਦੇ ਹਾਂ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦਿਆਂ ਮੇਤਾਬਿਕ ਮੰਗਾਂ ਮੰਨਵਾ ਕੇ ਅਤੇ ਆਪਣੇ ਹੱਕ ਲੈ ਕੇ ਹੀ ਮੁੜਾਂਗੇ।